ਮੀਤ ਹੇਅਰ ਦਾ ਦਾਅਵਾ-ਬਰਨਾਲੇ ਦੇ ਪਿੰਡਾਂ ‘ਚ ਨਹਿਰੀ ਪਾਈਪਲਾਈਨ ਦਾ ਕੋਈ ਕੰਮ ਅਧੂਰਾ ਨਹੀਂ ਰਹਿਣ ਦਿਆਂਗਾ
ਹਰਿੰਦਰ ਨਿੱਕਾ , ਬਰਨਾਲਾ / ਧਨੌਲਾ 7 ਜੂਨ 2023
ਬਰਨਾਲਾ ਦੇ ਪਿੰਡਾਂ ‘ਚ ਜਿੱਥੇ ਨੌਜਵਾਨੀ ਨੂੰ ਖੇਡਾਂ ਵਿੱਚ ਮੋਹਰੀ ਬਣਾਉਣ ਲਈ ਸਪੋਰਟਸ ਪਾਰਕ ਬਣਾਏ ਜਾ ਰਹੇ ਹਨ, ਓਥੇ ਹੀ ਪਿੰਡਾਂ ‘ਚ ਨਹਿਰੀ ਕੰਮਾਂ ਅਤੇ ਬੁਨਿਆਦੀ ਸਹੂਲਤਾਂ ‘ਤੇ ਵੀ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਖੇਡ, ਯੁਵਕ ਸੇਵਾਵਾਂ ਤੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਬਡਬਰ ਵਿੱਚ 40 ਲੱਖ ਦੀ ਲਾਗਤ ਨਾਲ ਸਪੋਰਟਸ ਪਾਰਕ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਮੀਤ ਹੇਅਰ ਨੇ ਪਿੰਡ ਹਰੀਗੜ੍ਹ ਵਿੱਚ 33.12 ਲੱਖ ਦੀ ਲਾਗਤ ਵਾਲੇ ਸਪੋਰਟਸ ਪਾਰਕ ਦਾ ਵੀ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਖੇਡ ਪਾਰਕ ਬਣਾਉਣ ਤੋਂ ਇਲਾਵਾ ਬਰਨਾਲਾ ਹਲਕੇ ਦੇ ਪਿੰਡਾਂ ਵਿਚ ਕਰੀਬ 80 ਕਰੋੜ ਰੁਪਏ ਦੇ ਨਹਿਰੀ ਮਹਿਕਮੇ ਦੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਪਿੰਡਾਂ ਦਾ ਕੋਈ ਜ਼ਮੀਨਦੋਜ ਪਾਈਪਲਾਈਨ ਦਾ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਹਰੀਗੜ੍ਹ ਤੋਂ ਨਹਿਰੀ ਮੋਘੇ ਦੀ ਸਹੂਲਤ ਛੇਤੀ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਹਰੀਗੜ੍ਹ ਦੇ ਛੱਪੜ ਦੀ ਥਾਪਰ ਮਾਡਲ ਵਜੋਂ ਪੁਨਰ ਸੁਰਜੀਤੀ ਲਈ ਗਰਾਂਟ ਵੀ ਛੇਤੀ ਜਾਰੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੇਂਡੂ ਵਿਕਾਸ ਦੇ ਫੰਡ ਰੋਕਣ ਕਰਕੇ ਪੇਂਡੂ ਸੜਕਾਂ ਬਣਾਉਣ ਵਿੱਚ ਕੁੱਝ ਦੇਰੀ ਜਰੂਰ ਹੋ ਰਹੀ ਹੈ । ਪਰੰਤੂ ਇਸ ਮਸਲੇ ਦੇ ਹੱਲ ਲਈ ਵੀ ਪੂਰੀ ਚਾਰਾਜੋਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਥਾਪਰ ਮਾਡਲ ਲਿਆ ਕੇ ਗੰਦੇ ਪਾਣੀ ਦੇ ਮਸਲੇ ਨੂੰ ਹੱਲ ਕੀਤਾ ਜਾਵੇਗਾ ਅਤੇ ਵੱਡੀ ਗਿਣਤੀ ਪਿੰਡਾਂ ਵਿੱਚ ਇਹ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਆਪ ਦੇ ਜਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਬੀ.ਡੀ.ਪੀ.ਓ. ਪਰਵੇਸ਼ ਕੁਮਾਰ, ਓ.ਐਸ.ਡੀ. ਹਸਨਪ੍ਰੀਤ ਭਾਰਦਵਾਜ ਅਤੇ ਪੰਚਾਇਤੀ ਰਾਜ ਅਧਿਕਾਰੀਆਂ ਤੋਂ ਇਲਾਵਾ ਹੋਰ ਪਤਵੰਤੇ ਵੀ ਹਜ਼ਾਰ ਸਨ।
ਲੋਕਾਂ ਦੀਆਂ ਉਮੀਦਾਂ ਤੇ ਖਰਾ ਉੱਤਰਣ ਲਈ ਹਰ ਪਲ ਯਤਨਸ਼ੀਲ-ਮੀਤ ਹੇਅਰ
ਅੱਜ ਜਿਉਂ ਹੀ ਕੈਬਨਿਟ ਮੰਤਰੀ, ਮੀਤ ਹੇਅਰ ਵੱਖ-ਵੱਖ ਪਿੰਡਾਂ ‘ਚ ਪ੍ਰਸ਼ਾਸ਼ਨ ਵੱਲੋਂ ਰੱਖੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਲਈ ਪਹੁੰਚਿਆਂ ਤਾਂ ਵੱਡੀ ਗਿਣਤੀ ਵਿੱਚ ਲੋਕ, ਉਨ੍ਹਾਂ ਕੋਲ ਆਪੋ-ਆਪਣੀਆਂ ਮੁਸ਼ਕਲਾਂ ਅਤੇ ਮੰਗਾਂ ਲਈ ਦੁਰਖਾਸਤਾਂ ਲੈ ਕੇ ਪਹੁੰਚਣੇ ਸ਼ੁਰੂ ਹੋ ਗਏ। ਬਜੁਰਗ ਔਰਤਾਂ ਨੇ ਮੰਤਰੀ ਨੂੰ ਨੇੜਿਉਂ ਮਿਲ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਪਹਿਲੇ ਹੀ ਸਾਲ ਵਿੱਚ ਲੋਕਾਂ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਗਈਆਂ ਹਨ। ਜਿਸ ਕਾਰਣ, ਲੋਕ ਸਰਕਾਰ ਦੇ ਕੰਮਾਂ ਦੀ ਸਰਾਹਣਾ ਕਰਕੇ,ਸਾਨੂੰ ਪਿਆਰ ਤੇ ਅਸ਼ੀਰਵਾਦ ਦੇ ਰਹੇ ਹਨ। ਉਨ੍ਹਾਂ ਮੰਨਿਆਂ ਕਿ ਆਮ ਲੋਕਾਂ ਦੀ ਸਰਕਾਰ ਬਣਨ ਨਾਲ ਅਤੇ ਲੰਬੇ ਅਰਸੇ ਬਾਅਦ ਬਰਨਾਲਾ ਜਿਲ੍ਹੇ ਨੂੰ ਮੰਤਰੀ ਮੰਡਲ ਵਿੱਚ ਨੁਮਾਇੰਦਗੀ ਮਿਲੀ ਹੈ। ਜਿਸ ਕਾਰਣ ਲੋਕਾਂ ਦੀਆਂ ਉਮੀਦਾਂ ਵੀ ਕਾਫੀ ਵੱਧ ਗਈਆਂ ਹਨ। ਮੀਤ ਹੇਅਰ ਨੇ ਕਿਹਾ ਕਿ ਮੈਂ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਣ ਲਈ ਹਰ ਪਲ ਯਤਨਸ਼ੀਲ ਹਾਂ। ਕੰਮ ਕਰਕੇ, ਲੋਕਾਂ ਦੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿਆਂਗਾ। ਉਨਾਂ ਕਿਹਾ ਕਿ ਸਾਡੀ ਸਰਕਾਰ, ਪੰਜਾਬ ਅੰਦਰ ਹੋਣ ਵਾਲੀਆਂ ਸਾਰੀਆਂ ਚੋਣਾਂ ਦੌਰਾਨ ਆਪਣੇ ਕੀਤੇ ਕੰਮਾਂ ਦੇ ਅਧਾਰ ਤੇ ਹੀ ਵੋਟਰਾਂ ਕੋਲ ਪਹੁੰਚੇਗੀ। ਮੈਨੂੰ ਪੂਰੀ ਆਸ ਹੈ ਕਿ ਲੋਕ ਜਲੰਧਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਦੀ ਤਰਾਂ ਭਗਵੰਤ ਮਾਨ ਸਰਕਾਰ ਦਾ ਸਾਥ ਦੇਣਗੇ। ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਸਰਕਾਰ ਦੇ ਖਿਲਾਫ ਕਹਿਣ ਲਈ, ਕੁੱਝ ਵੀ ਨਹੀਂ, ਇਸ ਲਈ, ਉਹ ਹਰ ਦਿਨ ਲੋਕਾਂ ਨੂੰ ਗੁੰਮਰਾਹ ਕਰਨ ਲਈ ਤਰਾਂ ਤਰਾਂ ਦੀਆਂ ਝੂਠੀਆਂ ਅਫਵਾਹਾਂ ਫੈਲਾ ਕੇ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਅਕਸ ਖਰਾਬ ਕਰਨ ਦਾ ਅਸਫਲ ਯਤਨ ਕਰ ਰਹੀਆਂ ਹਨ। ਪਰੰਤੂ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ, ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਕਈ-ਕਈ ਵਾਰ ਸੱਤਾ ਸੰਭਾਲ ਕੇ ਦੇਖ ਲਈ ਹੈ, ਇਨ੍ਹਾਂ ਪਾਰਟੀਆਂ ਨੇ ਲੋਕਾਂ ਦੀ ਥਾਂ ਸਿਰਫ ਆਪਣੇ ਘਰ ਭਰਨ ਵੱਲ ਧਿਆਨ ਕੇਂਦਰਿਤ ਕੀਤਾ ਹੈ।