ਬਰਮਾਂ ਤੇ ਮਿੱਟੀ ਦੀ ਕੰਜੂਸੀ, ਸੜਕ ਤੋਂ ਇੱਕ ਮੀਂਹ ਵੀ ਨਾ ਝੱਲਿਆ ਗਿਆ
ਹਰਿੰਦਰ ਨਿੱਕਾ , ਬਰਨਾਲਾ 7 ਜੂਨ 2023
ਇਸ ਨੂੰ ਘਟੀਆ ਮੈਟੀਰੀਅਲ ਸਮਝੋ ਜਾਂ ਫਿਰ ਸੜਕ ਦੇ ਨਿਰਮਾਣ ਸਮੇਂ ਵਰਤੀ ਜਾ ਰਹੀ ਲਾਪਰਵਾਹੀ । ਗੁਰੂਦੁਆਰਾ ਅੜੀਸਰ ਸਾਹਿਬ ਹੰਡਿਆਇਆ ਵੱਲ ਜਾਂਦੀ ਨਿਰਮਾਣ ਅਧੀਨ ਸੜਕ ਤੋਂ ਇੱਕ ਮੀਂਹ ਵੀ ਝੱਲਿਆ ਨਹੀਂ ਗਿਆ । ਸੜਕ ਕਈ ਥਾਂਵਾਂ ਤੋਂ ਖਿੰਡ -ਪੁੰਡ ਗਈ । ਵਿਭਾਗ ਦੇ ਅਧਿਕਾਰੀਆਂ ਅਤੇ ਕੰਸਟ੍ਰਕਸ਼ਨ ਠੇਕੇਦਾਰ ਦੀ ਲਾਪਰਵਾਹੀ ਦੀ ਵਜ੍ਹਾ ਕਾਰਣ,ਮੀਂਹ ਪੈਣ ਤੋਂ ਕਰੀਬ 2 ਹਫਤਿਆਂ ਬਾਅਦ ਵੀ ਸੜਕ ਠੀਕ ਨਹੀਂ ਕੀਤੀ ਗਈ, ਜਿਸ ਦੇ ਚਲਦਿਆਂ ਵਧੇਰੇ ਆਵਾਜਾਈ ਵਾਲੀ ਇਸ ਸੜਕ ਪਰ, ਹਾਦਸਿਆਂ ਦਾ ਖਤਰਾ, ਰਾਹਗੀਰਾਂ ਦੇ ਸਿਰ ਤੇ ਮੌਤ ਬਣਕੇ ਮੰਡਰਾ ਰਿਹਾ ਹੈ । ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣਾਈ ਜਾ ਰਹੀ, ਅਪਗ੍ਰੇਡੇਸ਼ਨ ਧੌਲਾ-ਹੰਡਿਆਇਆ ਵਾਇਆ ਤਾਂਗਾ ਸਟੈਂਡ ਹੰਡਿਆਇਆ ਲਿੰਕ ਸੜਕ ਦਾ ਨਿਰਮਾਣ ਕੰਮ ਹਾਲੇ 30 ਜੂਨ ਤੱਕ ਪੂਰਾ ਹੋਣਾ ਹੈ, ਯਾਨੀ ਕੰਮ ਮੁਕੰਮਲ ਹੋਣ ਉਪਰੰਤ ਉਦਘਾਟਨ ਦੀ ਰਸਮ ਵੀ ਹੋਣੀ ਰਹਿੰਦੀ ਹੈ। ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸੜਕ ਦਾ ਕੰਮ ਹਾਲੇ ਜ਼ਾਰੀ ਹੀ ਹੈ, ਠੇਕੇਦਾਰ ਤੋਂ ਸੜਕ ਠੀਕ ਕਰਵਾਈ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣਾਈ ਜਾ ਰਹੀ, 8. 40 ਕਿਲੋਮੀਟਰ ਲੰਬਾਈ ਵਾਲੀ ਅਪਗ੍ਰੇਡੇਸ਼ਨ ਧੌਲਾ-ਹੰਡਿਆਇਆ ਵਾਇਆ ਤਾਂਗਾ ਸਟੈਂਡ ਦਾ ਨਿਰਮਾਣ ਕੰਮ 30 ਜੁਲਾਈ 2021 ਨੂੰ ਸ਼ੁਰੂ ਹੋਇਆ ਸੀ। ਸੜਕ ਦੇ ਨਿਰਮਾਣ ਉੱਪਰ 5 ਕਰੋੜ 74 ਲੱਖ 46 ਹਜ਼ਾਰ ਖਰਚਿਆ ਜਾ ਰਿਹਾ ਹੈ। ਕੰਮ ਦਾ ਟੈਂਡਰ ਅਲਾਟ ਕਰਨ ਸਮੇਂ ਨਿਸਚਿਤ ਸਮੇਂ ਦੌਰਾਨ ਠੇਕੇਦਾਰ ਵੱਲੋਂ ਕੰਮ ਨੇਪਰੇ ਨਾ ਚਾੜੇ ਜਾਣ ਕਾਰਣ, ਕੰਮ ਪੂਰਾ ਹੋਣ ਦੀ ਮਿਆਦ ਵਿੱਚ ਇੱਕ ਵਾਰ ਵਾਧਾ ਵੀ ਕੀਤਾ ਜਾ ਚੁੱਕਿਆ ਹੈ। ਹੁਣ ਇਸ ਸੜਕ ਨਿਰਮਾਣ ਦਾ ਕੰਮ 30 ਜੂਨ ਤੱਕ ਪੂਰਾ ਕੀਤਾ ਜਾਣਾ ਹੈ। ਵਧੀ ਹੋਈ ਮਿਆਦ ਅਨੁਸਾਰ ਵੀ ਕੰਮ ਪੂਰਾ ਕਰਨ ਲਈ ਸਿਰਫ 23 ਦਿਨ ਬਾਕੀ ਰਹਿੰਦੇ ਹਨ। ਜਦੋਂਕਿ ਸੜਕ ਦੇ ਕਈ ਹਿੱਸਿਆਂ ਵਿੱਚ ਤਾਂ ਕੰਮ ਦੀ ਹਾਲੇ ਸੇਰ ਵਿਚੋਂ ਪੂਣੀ ਵੀ ਕੱਤੀ ਨਹੀਂ ਗਈ। ਜੇਕਰ ਠੇਕੇਦਾਰ 22 ਮਹੀਨਿਆਂ ਵਿੱਚ ਕੰਮ ਪੂਰਾ ਨਹੀਂ ਕਰ ਸਕਿਆ ਤਾਂ ਫਿਰ ਗੱਲ ਚਿੱਟੇ ਦਿਨ ਵਾਂਗ ਸਾਫ ਹੀ ਹੈ ਕਿ ਹੁਣ ਠੇਕੇਦਾਰ 23 ਦਿਨ ਵਿੱਚ ਕਿਹੋ ਜਿਹਾ ਕੰਮ ਪੂਰਾ ਕਰੇਗਾ ?। ਕੀੜੀ ਦੀ ਚਾਲ ਚੱਲੇ ਸੜਕ ਨਿਰਮਾਣ ਦੇ ਹੁਣ ਤੱਕ ਹੋਏ ਕੰਮ ਦੀ ਕਵਾਲਿਟੀ ਤੋਂ ਇਹ ਅੰਦਾਰਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਹੁਣ ਫੁੱਲ ਸਪੀਡ ਨਾਲ ਹੋਣ ਵਾਲੇ ਕੰਮ ਦੀ ਕਿਹੋ ਜਿਹੀ ਕਵਾਲਿਟੀ ਹੋਵੇਗੀ। PWD ਦੇ ਜੇ.ਈ. ਜਗਦੇਵ ਸਿੰਘ ਨੇ ਕਿਹਾ ਕਿ ਹਾਲੇ ਕੰਮ ਚੱਲ ਰਿਹਾ ਹੈ, ਬਾਰਿਸ਼ ਕਾਰਣ, ਸੜਕ ਕਿਨਾਰੇ ਬਰਮਾਂ ਦੀ ਮਿੱਟੀ ਖੁਰ ਜਾਣ ਕਾਰਣ ਖੱਡੇ ਬਣੇ ਹਨ। ਜਲਦ ਹੀ ਇਨ੍ਹਾਂ ਨੂੰ ਚੰਗੀ ਤਰਾਂ ਮਿੱਟੀ ਪਾ ਕੇ ਭਰਨ ਅਤੇ ਸੜਕ ਬਣਾਉਣ ਲਈ ਠੇਕੇਦਾਰ ਨੂੰ ਕਿਹਾ ਗਿਆ ਹੈ। ਕੰਮ ਵਿੱਚ ਕਿਸੇ ਵੀ ਕਿਸਮ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਰਾਹਗੀਰਾਂ ਦੇ ਸਿਰ ਮੰਡਰਾ ਰਿਹੈ ਹਾਦਸਿਆਂ ਦਾ ਖਤਰਾ!
ਗੁਰੂਦੁਆਰਾ ਅੜੀਸਰ ਸਹਿਬ ਹੰਡਿਆਇਆ ਵਿਖੇ ਹਰ ਦਿਨ ਵਹੀਰਾਂ ਘੱਤ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੀ ਸੰਗਤ ਕਾਰਣ , ਇਹ ਨਿਰਮਾਣ ਅਧੀਨ ਸੜਕ ਬਰਨਾਲਾ ਜਿਲ੍ਹੇ ਦੇ ਪੇਂਡੂ ਖੇਤਰਾਂ ਵਿੱਚੋਂ ਸਭ ਤੋਂ ਵਧੇਰੇ ਆਵਾਜਾਈ ਵਾਲੀ ਸੜਕ ਦੇ ਤੌਰ ਤੇ ਜਾਣੀ ਜਾਂਦੀ ਹੈ। ਪਹੁ ਫੁਟਾਲੇ ਤੋਂ ਦੇਰ ਰਾਤ ਤੱਕ ਹਰ ਸਮੇਂ ਚਾਰ ਪਹੀਆ ਅਤੇ ਦੋ ਪਹੀਆ ਵਹੀਕਲਾਂ ਦੀ ਆਵਾਜਾਈ ਰਹਿਣ ਕਾਰਣ ਸੜਕ ਦੇ ਖਰ੍ਹ ਜਾਣ ਤੋਂ ਬਾਅਦ ਬਣੇ ਡੂੰਘੇ ਖੱਡਿਆਂ ਕਾਰਣ ਰਾਹਗੀਰਾਂ ਦੇ ਸਿਰ ਹਰ ਸਮੇਂ ਹਾਦਸਿਆਂ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ। ਰਾਹਗੀਰ ਨਛੱਤਰ ਸਿੰਘ, ਦਵਿੰਦਰ ਸਿੰਘ ,ਹਰਪ੍ਰੀਤ ਕੌਰ ਅਤੇ ਨਿਸ਼ੂ ਰਾਣੀ ਨੇ ਕਿਹਾ ਕਿ ਪਤਾ ਨਹੀਂ ਕਿਉਂ ਪ੍ਰਸ਼ਾਸ਼ਨ ਸਭ ਤੋਂ ਜਿਆਦਾ ਟ੍ਰੈਫਿਕ ਵਾਲੀ ਅੜੀਸਰ ਰੋਡ ਤੇ ਬਣੇ ਖੱਡਿਆਂ ਨੂੰ ਭਰ ਕੇ ਸੜਕ ਬਣਾਉਣ ਵੱਲ ਧਿਆਨ ਕਿਉਂ ਨਹੀਂ ਦੇ ਰਿਹਾ। ਉਨਾਂ ਕਿਹਾ ਗੁਰੂਦਆਰਾ ਅੜੀਸਰ ਸਾਹਿਬ ਵਿਖੇ ਜਿਆਦਾਤਰ ਸਰਧਾਲੂ ਬਾਹਰਲੇ ਖੇਤਰਾਂ ਤੋਂ ਆਉਂਦੇ ਹਨ। ਜਿਸ ਕਾਰਣ ਰਾਤ ਦੇ ਹਨ੍ਹੇਰੇ ਵਿੱਚ ਲੋਕਾਂ ਨੂੰ ਸੜਕ ਕਿਨਾਰੇ ਪਏ ਖੱਡਿਆਂ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਹੁੰਦੀ । ਸੜਕ ਤੇ ਕੋਈ ਸਟਰੀਟ ਲਾਈਟਾਂ ਦਾ ਪ੍ਰਬੰਧ ਵੀ ਨਹੀਂ ਹੈ। ਇਸ ਤਰਾਂ ਟੁੱਟੀ ਸੜਕ ਕਾਰਣ ਰਾਹਗੀਰਾਂ ਦੀ ਜਾਨ ਜੋਖਿਮ ਵਿੱਚ ਪਈ ਰਹਿੰਦੀ ਹੈ। ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਪ੍ਰਸ਼ੋਤਮ ਸਿੰਘ ਮਠਾੜੂ ਨੇ ਕਿਹਾ ਕਿ ਜੇਕਰ ਸੜਕ ਵਿੱਚ ਬਣੇ ਖੱਡੇ ਛੇਤੀ ਨਾ ਭਰੇ ਗਏ ਤਾਂ ਉਹ ਸਮਾਂ ਦੂਰ ਨਹੀਂ, ਜਦੋਂ ਰਹਿੰਦੀ ਸੜਕ ਵੀ ਖੱਡਿਆਂ ਵਿੱਚ ਕਿਰ ਜਾਵੇਗੀ, ਫਿਰ ਤਾਂ ਸੜਕ ਵਿੱਚ ਖੱਡੇ ਨਹੀਂ, ਖੱਡਿਆਂ ਵਿੱਚ ਕਿਤੇ ਕਿਤੇ ਸੜਕ ਨਜਰ ਆਇਆ ਕਰੂ, ਕਿਉਂਕਿ ਭਾਰੀ ਵਹੀਕਲ , ਖੱਡਿਆਂ ਨੂੰ ਹੋਰ ਵਧਾਉਣ ਵਿੱਚ ਜਿਆਦਾ ਸਮਾਂ ਨਹੀਂ ਲਾਉਣਗੇ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸੜਕ ਨਿਰਮਾਣ ਸਮੇਂ ਠੇਕੇਦਾਰ ਵੱਲੋਂ ਵਰਤੇ ਦੋਮ ਦਰਜੇ ਦੇ ਮੈਟੀਰੀਅਲ ਅਤੇ ਲਾਪਰਵਾਹੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਸੜਕ ਤੇ ਬਣੇ ਖੱਡਿਆਂ ਨੂੰ ਠੀਕ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।