ਪਟਿਆਲਾ ਪੁਲਿਸ ਦੀ ਮੁਸਤੈਦੀ ਨੇ 8 ਘੰਟਿਆਂ ਵਿੱਚ ਹੀ ਵਾਪਿਸ ਕਰਵਾ ਦਿੱਤੇ ਸਾਈਬਰ ਠੱਗੀ ਦਾ ਸ਼ਿਕਾਰ ਵਿਅਕਤੀ ਦੇ ਪੈਸੇ
ਰਾਜੇਸ਼ ਗੋਤਮ , ਪਟਿਆਲਾ, 1 ਮਈ 2023
ਜੇ ਪੁਲਿਸ ਆਪਣੀ ਆਈ ਤੇ ਆ ਜਾਵੇ ਤਾਂ, ਸਾਈਬਰ ਠੱਗਾਂ ਦਾ ਸ਼ਿਕਾਰ ਹੋਏ ਵਿਅਕਤੀਆਂ ਤੋਂ ਠੱਗੇ ਹੋਏ ਲੱਖਾਂ ਰੁਪਏ ਵਾਪਿਸ ਵੀ ਕਰਵਾ ਸਕਦੀ ਹੈ। ਉਹ ਵੀ ਗਿਣਤੀ ਦੇ ਘੰਟਿਆਂ ਵਿੱਚ ਹੀੇ। ਇਸ ਅਸੰਭਵ ਗੱਲ ਨੂੰ ਸੰਭਵ ਕਰਕੇ ਦਿਖਾਇਆ ਹੈ ,ਪਟਿਆਲਾ ਪੁਲਿਸ ਦੇ ਸਾਈਬਰ ਸੈਲ ਦੀ ਟੀਮ ਨੇੇ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦਿੱਤੀ ਹੈ। ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਦੇ ਲੱਖਾਂ ਰੁਪਏ ਸਾਈਬਰ ਸੈੱਲ ਪਟਿਆਲਾ ਵੱਲੋਂ 8 ਘੰਟਿਆਂ ਵਿੱਚ ਹੀ ਵਾਪਸ ਕਰਵਾਏ ਗਏ ਹਨ ।
ਐਸ.ਐਸ.ਪੀ. ਵਰੁਣ ਸ਼ਰਮਾ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਦੇ ਸਾਈਬਰ ਹੈਲਪ ਡੈਸਕ ਵਿਖੇ ਸਾਡੀ ਸਾਈਬਰ ਯੂਨਿਟ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕਰਦੀ ਹੈ, ਜੇਕਰ ਕਿਸੇ ਨਾਲ ਵੀ ਕੋਈ ਆਨਲਾਈਨ ਫਰਾਡ ਹੁੰਦਾ ਹੈ ਤਾਂ ਉਨ੍ਹਾਂ ਦੀ ਤੁਰੰਤ ਮਦਦ ਕੀਤੀ ਜਾਂਦੀ ਹੈ। ਇਸੇ ਕੜੀ ਵਿੱਚ ਪਟਿਆਲਾ ਦੇ ਸਾਈਬਰ ਹੈਲਪ ਡੈਸਕ ਵੱਲੋਂ ਦਰਖਾਸਤ ਕਰਤਾ ਸ਼ੁਭਮ ਵੱਲੋਂ ਮਸੂਲ ਹੋਈ ਦਰਖ਼ਾਸਤ ‘ਤੇ ਤੁਰੰਤ ਕਾਰਵਾਈ ਕਰਦਿਆਂ ਆਨਲਾਈਨ ਠੱਗੀ ਰਾਹੀਂ ਨਿਕਲੇ ਉਨ੍ਹਾਂ ਦੇ ਸਾਰੇ ਪੈਸੇ 3,07,000/- (3 ਲੱਖ 7 ਹਜ਼ਾਰ ਰੁਪਏ) ਉਨ੍ਹਾਂ ਦੇ ਬੈਂਕ ਖਾਤਾ ਵਿੱਚ ਵਾਪਸ ਕਰਵਾ ਦਿੱਤੇ ਹਨ । ਉਨ੍ਹਾਂ ਦੱਸਿਆ ਕਿ ਸਾਈਬਰ ਠੱਗਾਂ ਵੱਲੋਂ ਦਰਖਾਸਤ ਕਰਤਾ ਦੇ ਬੈਂਕ ਖਾਤੇ ਵਿੱਚੋਂ ਠੱਗੇ ਗਏ ਪੈਸੇ ਰਿਲਾਇੰਸ ਡਿਜ਼ੀਟਲ ਵਿੱਚ ਖਰਚ ਕੀਤੇ ਗਏ ਸਨ ਅਤੇ ਸਾਈਬਰ ਠੱਗਾਂ ਵੱਲੋਂ ਉਨ੍ਹਾਂ ਪੈਸਿਆਂ ਦੀ ਆਨਲਾਈਨ ਸ਼ਾਪਿੰਗ ਕਰਕੇ ਏਜੀਓ ਸ਼ਾਪਿੰਗ ਐਪ ਵਿੱਚ ਆਡਰ ਪਲੇਸ ਕੀਤੇ ਗਏ ਸਨ, ਸਾਈਬਰ ਹੈਲਪ ਡੈਸਕ ਵੱਲੋਂ ਉਨ੍ਹਾਂ ਆਡਰਾਂ ਨੂੰ ਕੈਂਸਲ ਕਰਵਾਇਆ ਗਿਆ ਅਤੇ ਦਰਖਾਸਤ ਕਰਤਾ ਦੇ ਸਾਰੇ ਪੈਸੇ 8 ਘੰਟਿਆਂ ਵਿੱਚ ਵਾਪਸ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਰਿਫੰਡ ਕਰਵਾਏ ਗਏ।
ਆਨਲਾਈਨ ਠੱਗੀ ਤੋਂ ਬਚਣਾ ਹੈ ਤਾਂ:-ਐਸ.ਐਸ.ਪੀ. ਵਰੁਣ ਸ਼ਰਮਾ ਨੇ ਲੋਕਾਂ ਨੂੰ ਆਨਲਾਈਨ ਠੱਗੀ ਤੋਂ ਬਚਾਅ ਦਾ ਉਪਾਅ ਦੱਸਦਿਆਂ ਕਿਹਾ ਕਿ ਆਪਣੀ ਨਿੱਜੀ ਜਾਂ ਬੈਂਕ ਸਬੰਧੀ ਜਾਣਕਾਰੀ, ਜਿਵੇਂ ਕਿ ਬੈਂਕ ਦਾ ਖਾਤਾ ਨੰਬਰ, ਡੈਬਿਟ ਕਾਰਡ ਦਾ ਨੰਬਰ, ਸੀ.ਵੀ.ਵੀ. ਨੰਬਰ ਅਤੇ ਸਭ ਤੋਂ ਜ਼ਰੂਰੀ ਓ.ਟੀ.ਪੀ. ਕਿਸੇ ਵੀ ਅਣਜਾਣ ਵਿਅਕਤੀ ਨਾਲ ਸਾਂਝਾ ਨਾ ਕਰੋ ਅਤੇ ਨਾਂ ਹੀ ਸੋਸ਼ਲ ਮੀਡੀਆ ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰੋ। ਉਨਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਸੋਚ ਸਮਝ ਕੇ ਦੋਸਤ ਬਣਾਓ, ਕਿਉਂਕਿ ਅਜਿਹੇ ਅਣਜਾਣ ਦੋਸਤ ਹੀ ਅੱਗੇ ਜਾ ਕੇ ਤੁਹਾਡੇ ਨਾਲ ਹੋਣ ਵਾਲੀ ਠੱਗੀ ਦਾ ਕਾਰਨ ਬਣ ਸਕਦੇ ਹਨ। ਜੇਕਰ ਫਿਰ ਵੀ ਆਪ ਨਾਲ ਕੋਈ ਸਾਈਬਰ ਫਰਾਡ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ 1930 ਨੰਬਰ ਡਾਇਲ ਕਰੋ ਅਤੇ ਆਪਣੀ ਸ਼ਿਕਾਇਤ ਘਰ ਬੈਠੇ ਹੀ ਦਰਜ ਕਰਵਾਓ। ਜੇਕਰ ਕਿਸੇ ਕਾਰਨ ਤੋਂ ਤੁਹਾਡੀ ਕਾਲ ਨਹੀਂ ਲੱਗਦੀ ਤਾਂ ਆਪਣੇ ਨੇੜਲੇ ਸਾਈਬਰ ਹੈਲਪ ਡੈਸਕ ਨੂੰ ਸੰਪਰਕ ਕਰੋ। ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪਟਿਆਲਾ ਪੁਲਿਸ 24 X 7 ਤੁਹਾਡੀ ਸੇਵਾ ਅਤੇ ਸੁਰੱਖਿਆ ਲਈ ਵਚਨਬੱਧ ਹੈ।