CM ਭਗਵੰਤ ਮਾਨ ਨੂੰ ਵਿਦਿਆਰਥਣਾਂ ਨੇ ਸਵਾਲਾਂ ‘ਚ ਘੇਰਿਆ

Advertisement
Spread information

ਰਾਜੇਸ਼ ਗੋਤਮ , ਪਟਿਆਲਾ, 24 ਅਪ੍ਰੈਲ 2023
       ਸਰਕਾਰੀ ਕਾਲਜ, ਲੜਕੀਆਂ ਪਟਿਆਲਾ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਦਿਆਰਥਣਾਂ ਨਾਲ ਕੀਤੀ ਗਈ ਸਿੱਧੀ ਗੱਲਬਾਤ ਦੌਰਾਨ ਵਿਦਿਆਰਥਣਾਂ ਨੇ ਕਈ ਸਵਾਲ ਕੀਤੇ, ਜਿਨ੍ਹਾਂ ਦੇ ਮੁੱਖ ਮੰਤਰੀ ਨੇ ਬਹੁਤ ਹੀ ਠਰ੍ਹੰਮੇ ਨਾਲ ਵਿਸਥਾਰਿਤ ਜਵਾਬ ਦਿੱਤੇ।                                                                               
       ਕਾਲਜ ਦੀ ਬੀ.ਏ. ਆਨਰਜ਼ ਭਾਗ ਪਹਿਲਾ ਦੀ ਵਿਦਿਆਰਥਣ ਯੋਗਿਤਾ ਨੇ ਲੜਕੀਆਂ ਨੂੰ ਸਿਆਸਤ ‘ਚ ਮੌਕੇ ਕਿਸ ਤਰ੍ਹਾਂ ਮਿਲਣ ਬਾਰੇ ਮੁੱਖ ਮੰਤਰੀ ਨੂੰ ਸਵਾਲ ਕੀਤਾ, ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਆਸਤ ‘ਚ ਆਉਣ ਦੇ ਤਰੀਕੇ ਸਮਝਾਉਂਦਿਆਂ ਕਿਹਾ ਕਿ ਲੜਕੀਆਂ ਲਈ ਸਿਆਸਤ ‘ਚ ਅਥਾਹ ਮੌਕੇ ਉਪਲਬੱਧ ਹਨ ।  ਪਰੰਤੂ ਉਹ ਪਹਿਲਾਂ ਲੋਕ ਸੇਵਾ ਦਾ ਕਾਰਜ ਕਰਨ ਤੇ ਹੌਲੀ-ਹੌਲੀ ਸਿਆਸਤ ‘ਚ ਪੈਰ ਰੱਖਣ ਅਤੇ ਉਹ ਸਿੱਧੇ ਤੌਰ ‘ਤੇ ਅੱਗੇ ਆਕੇ ਸਿਆਸਤ ‘ਚ ਹਿੱਸਾ ਲੈ ਸਕਦੀਆਂ ਹਨ ਜਾਂ ਪਿੱਛੇ ਰਹਿ ਕੇ ਵੀ ਨੀਤੀ ਨਿਰਮਾਣ ਦਾ ਕਾਰਜ ਕਰ ਸਕਦੀਆਂ ਹਨ।                                                       
      ਜਦੋਂਕਿ ਬੀ.ਏ. ਮਨੋਵਿਗਿਆਨ ਦੇ ਤੀਜੇ ਸਾਲ ਦੀ ਵਿਦਿਆਰਥਣ ਖਿਆਤੀ ਸ਼ਰਮਾ ਨੇ ਮੁੱਖ ਮੰਤਰੀ ਵੱਲੋਂ ਦਿੱਲੀ ਏਅਰ ਪੋਰਟ ਲਈ ਚਲਾਈਆਂ ਵੋਲਵੋ ਬੱਸਾਂ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਵਿਦਿਆਰਥਣਾਂ ਲਈ ਸ਼ਟਲ ਬੱਸ ਚਲਾਉਣ ਦੀ ਵੀ ਮੰਗ ਕੀਤੀ, ਜਿਸ ਨੂੰ ਮੁੱਖ ਮੰਤਰੀ ਵੱਲੋਂ ਤੁਰੰਤ ਪ੍ਰਵਾਨ ਕਰਨ ਲਈ ਦਿਲੋਂ ਧੰਨਵਾਦ ਕੀਤਾ।                         
     ਇਸੇ ਤਰ੍ਹਾਂ ਹੀ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਡਾਲਮੀਆ ਨੇ ਘਰੇਲੂ ਹਿੰਸਾ ਤੋਂ ਬਚਣ ਅਤੇ ਲੜਕੀਆਂ ਆਪਣੇ ਮਸਲੇ ਪੁਲਿਸ ਕੋਲ ਖੁੱਲ੍ਹ ਕੇ ਰੱਖ ਸਕਣ ਲਈ ‘ਪਿੰਕ ਪੁਲਿਸ ਸਟੇਸ਼ਨ’ ਬਣਾਉਣ ਦੀ ਮੰਗ ਰੱਖੀ, ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ‘ਚ ਇਸ ਵੇਲੇ 6 ਜ਼ਿਲ੍ਹਿਆਂ ‘ਚ ਅਜਿਹੇ ਥਾਣੇ ਕੰਮ ਕਰ ਰਹੇ ਹਨ, ਜਿਸ ‘ਚ ਸਾਰੇ ਮਹਿਲਾ ਮੁਲਾਜਮ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੇ ਜ਼ਿਲ੍ਹਿਆਂ ‘ਚ ਅਜਿਹੇ ਮਹਿਲਾ ਥਾਣੇ (ਪਿੰਕ ਥਾਣੇ) ਬਣਾਏ ਜਾਣਗੇ, ਜਿੱਥੇ ਔਰਤਾਂ ਬੇਝਿਜਕ ਹੋਕੇ ਆਪਣੀ ਗੱਲ ਰੱਖ ਸਕਿਆ ਕਰਨਗੀਆਂ ।                                       
    ਇੱਕ ਹੋਰ ਵਿਦਿਆਰਥਣ ਨੇ ਸਕੂਲਾਂ ਤੇ ਕਾਲਜਾਂ ‘ਚ ਲੜਕੀਆਂ ਲਈ ਸਵੈ ਰੱਖਿਆ ਦਾ ਵਿਸ਼ਾ ਚਾਲੂ ਕਰਨ ਦੀ ਮੰਗ ਰੱਖੀ, ਜਿਸ ‘ਤੇ ਮੁੱਖ ਮੰਤਰੀ ਨੇ ਮੌਕੇ ‘ਤੇ ਹੀ ਡੀ.ਪੀ.ਆਈ. ਉਚੇਰੀ ਸਿੱਖਿਆ ਤੇ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਅਰਵਿੰਦ ਨੂੰ ਕਿਹਾ ਕਿ ਉਹ ਇਸ ਸਬੰਧੀ ਤਜਵੀਜ ਤਿਆਰ ਕਰਨ ਤਾਂ ਕਿ ਸਵੈ ਰੱਖਿਆ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ ਵਿਦਿਆਰਥਣ ਨੂੰ ਭਰੋਸਾ ਦਿੱਤਾ ਕਿ ਵਿਦਿਆਰਥਣਾਂ ਦੀ ਸਲਾਹ ਨਾਲ ਜਲਦ ਹੀ ਇਸ ਸਬੰਧੀ ਕੋਈ ਠੋਸ ਰਣਨੀਤੀ ਬਣਾ ਕੇ ਲਾਗੂ ਕੀਤੀ ਜਾਵੇਗੀ।
    ਜਦੋਂਕਿ ਕਾਲਜ ਦੀ ਬੈਸਟ ਅਥਲੀਟ ਦੀਕਿਸ਼ਾ ਨੇ ਪੋਲੋ ਗਰਾਊਂਡ ਵਿਖੇ ਮੁੱਖ ਮੰਤਰੀ ਵੱਲੋਂ ਆਪਣੀ ਪਿਛਲੀ ਫੇਰੀ ਦੌਰਾਨ 80 ਲੱਖ ਰੁਪਏ ਜਿਮਨੇਜੀਅਮ ਹਾਲ ਦੇ ਨਵੀਨੀਕਰਨ ਲਈ ਦੇਣ ਵਾਸਤੇ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਪੋਲੋ ਗਰਾਂਊਂਡ ਵਿਖੇ ਸਿੰਥੈਟਿਕ ਟਰੈਕ ਬਣਾਇਆ ਜਾਵੇ, ਜਿਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਬੁਨਿਆਦੀ ਢਾਂਚੇ ‘ਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਖਿਡਾਰੀ ਵੀ ਆਪਣੀ ਤਨਦੇਹੀ ਨਾਲ ਮਿਹਨਤ ਕਰਨ ਤਾਂ ਸਰਕਾਰ ਵੀ ਉਨ੍ਹਾਂ ਦਾ ਪੂਰਾ ਸਾਥ ਦੇਵੇਗੀ।

Advertisement
Advertisement
Advertisement
Advertisement
Advertisement
error: Content is protected !!