ਅਸ਼ੋਕ ਵਰਮਾ ਬਠਿੰਡਾ,20 ਮਈ 2020
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲ ਮੇਲ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਗੋਨਿਆਣਾ ਮੰਡੀ ਵਿਖੇ ਬਿਜਲੀ ਨਾਲ ਸੰਬੰਧਿਤ ਵੱਖ ਵੱਖ ਮੰਗਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਅਤੇ ਚੇਅਰਮੈਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਐਸ ਡੀ ਓ ਗੋਨਿਆਣਾ ਮੰਡੀ ਰਾਹੀਂ ਭੇਜੇ। ਮੰਗ ਪੱਤਰ ਦੇਣ ਤੋਂ ਪਹਿਲਾਂ ਇੱਕਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ,ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਬਿਜਲੀ ਕਾਰਪੋਰੇਸ਼ਨ ਦੂਜੇ ਸੂਬਿਆਂ ਨਾਲੋ ਮਹਿੰਗੀ ਬਿਜਲੀ ਵੇਚ ਕੇ ਲੋਕਾਂ ਨੂੰ ਦੋਵੇਂ ਹੱਥੀ ਲੁੱਟ ਰਹੀਆਂ ਹਨ।ਉਹਨਾਂ ਮੰਗ ਕੀਤੀ ਕਿ ਬਿਜਲੀ ਦੀ ਲੁੱਟ ਨੂੰ ਰੋਕਣ ਲਈ ਪਿਛਲੀ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਮਹਿੰਗੇ ਬਿਜਲੀ ਸਮਝੌਤਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ , ਬਿਜਲੀ ਦੀ ਪਣ ਬਿਜਲੀ ਪੈਦਾਵਾਰ ਨੂੰ ਪਹਿਲ ਦੇ ਕੇ ਸਸਤੀ ਬਿਜਲੀ ਪੈਦਾ ਕੀਤੀ ਜਾਵੇ ਅਤੇ ਬਿਜਲੀ ਦੇ ਰੇਟ ਘਟਾਏ ਜਾਣ।
ਉਹਨਾਂ ਝੋਨੇ ਦੀ ਬਿਜਾਈ ਦੇ ਸ਼ੁਰੂ ਹੋ ਚੁੱਕੇ ਸੀਜਨ ਦੌਰਾਨ ਖੇਤੀ ਮੋਟਰਾਂ ਲਈ ਘੱਟੋ ਘੱਟ ਸੋਲਾਂ ਘੰਟੇ ਬਿਜਲੀ ਦੀ ਸਪਲਾਈ ਤੁਰੰਤ ਸ਼ਰੂ ਕਰਨ ਦੀ ਮੰਗ ਕੀਤੀ ਅਤੇ ਜਿਹਨਾਂ ਕਿਸਾਨਾਂ ਕੋਲ ਬਿਜਲੀ ਦੇ ਮੋਟਰ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਝੋਨੇ ਦੇ ਸੀਜਨ ਲਈ ਆਰਜੀ ਕੁਨੈਕਸ਼ਨ ਜਾਰੀ ਕੀਤੇ ਜਾਣ। ਉਵਰਲੋਡ ਗਰਿੱਡਾ ਅਤੇ ਟਰਾਸ ਫਾਰਮਾਂ ਨੂੰ ਤੁਰੰਤ ਡੀ ਲੋਡ ਕੀਤਾ ਜਾਵੇ ਤਾਂ ਕਿ ਸੀਜਨ ਦੌਰਾਨ ਕੋਈ ਖਰਾਬੀ ਨਾ ਹੋਵੇ। ਉਨ•ਾਂ ਟਿਊਬਵੈਲਾਂ ਲਈ ਬਿਜਲੀ ਦਾ ਲੋਡ ਵਧਾਉਣਾ ਸਾਰਾ ਸਾਲ ਜਾਰੀ ਰੱਖਣ , ਕੋਈ ਵੀ ਵਾਧੂ ਫੀਸ ਵਗੈਰਾ ਨਾ ਲੈਣ, ਲਾਕਡਾਊਨ ਸਮੇਂ ਆਮ ਲੋਕਾ ਅਤੇ ਕਿਸਾਨਾਂ ਦੇ ਭਾਰੀ ਆਰਥਿਕ ਨੁਕਸਾਨ ਕਾਰਨ ਇਸ ਸਮੇਂ ਦੇ ਬਿਜਲੀ ਬਿੱਲ ਮਾਫ ਕੀਤੇ ਜਾਣ ਅਤੇ ਡੀਜਲ ਨਾਲ ਚੱਲਦੇ ਟਿਊਬਵੈਲਾਂ ਲਈ ਪੰਜਾਬ ਸਰਕਾਰ ਪੰਜਾਹ ਫੀਸਦੀ ਸਬਸਿਡੀ ਦੇ ਕੇ ਡੀਜਲ ਮੁਹਈਆ ਕਰਵਾਉਣ ਲਈ ਵੀ ਕਿਹਾ।
ਉਹਨਾਂ ਬਿਜਲੀ ਨੂੰ ਪ੍ਰਾਈਵੇਟ ਖੇਤਰਾਂ ਦੇ ਹੱਥ ਦੇਣ ਲਈ ਅਤੇ ਲੋਕਾਂ ਦੀ ਲੁੱਟ ਤੇਜ ਕਰਨ ਲਈ ਲਿਆਂਦੇ ਜਾ ਰਹੇ ਦੇਸ਼ ਵਿਰੋਧੀ ਬਿਜਲੀ ਸੋਧ ਬਿੱਲ 2020 ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਕਿਉਂਕਿ ਇਸ ਨਾਲ ਆਮ ਲੋਕਾਂ ਅਤੇ ਬਿਜਲੀ ਪ੍ਰਬੰਧ ਅਧੀਨ ਕੰਮ ਕਰਦੇ ਮੁਲਾਜਮਾਂ ਦੇ ਹੱਕਾਂ ਨੂੰ ਕੁਚਲ ਦਿੱਤਾ ਜਾਵੇਗਾ । ਇਸ ਸਮੇਂ ਮਨਦੀਪ ਸਿੰਘ ਗੰਗਾ, ਗੁਰਚੇਤਨ ਸਿੰਘ ਗੰਗਾ ,ਬਖਸ਼ੀਸ਼ ਸਿੰਘ ਜੀਦਾ ਮੈਂਬਰ ਸੂਬਾ ਕਮੇਟੀ ਕਿਸਾਨ ਸਭਾ, ਗੁਰਚਰਨ ਸਿੰਘ ਬਲਾਹੜ, ਮਹਿਮਾ ਸਿੰਘ ਹਰਦੇਵ ਸਿੰਘ ਜੰਡਾਵਾਲਾ ,ਰਾਜਾ ਸਿੰਘ ਦਾਨ ਸਿੰਘ ਵਾਲਾ,ਗਗਨਦੀਪ ਸਿੰਘ ਕੋਠੇ ਬਰੜੇ ਵਾਲੇ ਜਸਵਿੰਦਰ ਸਿੰਘ ਅਬਲੂ,ਪੱਪਾ ਸਿੰਘ ਅਤੇ ਬਸੰਤ ਸਿੰਘ ਜੰਡਾਵਾਲਾ ਵੀ ਹਾਜਰ ਸਨ।