ਕਾਰ ਸਵਾਰ 1 ਦੀ ਮੌਤ ਅਤੇ 4 ਜਣੇ ਗੰਭੀਰ ਜਖਮੀ
ਰਘਵੀਰ ਹੈਪੀ , ਬਰਨਾਲਾ 1 ਫਰਵਰੀ 2023
ਬਰਨਾਲਾ-ਹੰਡਿਆਇਆ ਮੁੱਖ ਸੜਕ ਤੇ ਲੰਘੀ ਰਾਤ ਕਰੀਬ ਸਾਢੇ ਕੁ 9 ਵਜੇ ਭਿਅੰਕਰ ਸੜਕ ਹਾਦਸੇ ਵਿੱਚ ਇੱਕ ਕਾਰ ਸਵਾਰ ਦੀ ਮੌਕੇ ਤੇ ਮੌਤ ਹੋ ਗਈ, ਜਦੋਂਕਿ ਉਸ ਦੇ ਹੋਰ ਚਾਰ ਸਾਥੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿੰਨ੍ਹਾਂ ਨੂੰ ਤੁਰੰਤ ਸਿਵਲ ਹਸਪਾਤਲ ਲਿਜਾਇਆ ਗਿਆ । ਪਰੰਤੂ ਬੇਹੱਦ ਗੰਭੀਰ ਹਾਲਤ ਕਾਰਣ ਤਿੰਨ ਜਣਿਆਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ । ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਦੋਸ਼ੀ ਕੈਂਟਰ ਚਾਲਕ ਖਿਲਾਫ ਕੇਸ ਦਰਜ਼ ਕਰ ਲਿਆ ਹੈ। ਸਿਵਲ ਹਸਪਤਾਲ ਬਰਨਾਲਾ ‘ਚ ਜ਼ੇਰ ਏ ਇਲਾਜ਼ ਅਮਰੀਕ ਸਿੰਘ ਵਾਸੀ ਮਾਨਸਾ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਮੈਂ (ਅਮਰੀਕ ਸਿੰਘ) ਕੁਲਦੀਪ ਸਿੰਘ , ਚਮਕੌਰ ਸਿੰਘ ,ਕਰਨੈਲ ਸਿੰਘ ਵਾਸੀਆਨ ਮਾਨਸਾ, ਰਜਿੰਦਰ ਸਿੰਘ ਪਟਿਆਲਾ ਅਤੇ ਪ੍ਰਗਟ ਸਿੰਘ ਫਰਵਾਹੀ, ਜਿਲ੍ਹਾ ਬਰਨਾਲਾ, ਅਮ੍ਰਿਤਸਰ ਤੋਂ ਵਾਪਿਸ ਆ ਰਹੇ ਸੀ। ਜਦੋਂ ਅਸੀਂ ਪ੍ਰਗਟ ਸਿੰਘ ਨੂੰ ਉਸ ਦੇ ਪਿੰਡ ਫਰਵਾਹੀ ਛੱਡ ਕੇ ਆਉਣ ਲਈ, ਬਰਨਾਲਾ-ਬਾਜਾਖਾਨਾ ਬਾਈਪਾਸ ਤੇ ਬਣੇ ਹੰਡਿਆਇਆ ਨੇੜਲੇ ਪੁਲ ਹੋਠੇ, ਫਰਵਾਹੀ ਵੱਲ ਜਾ ਰਹੇ ਸੀ ਤਾਂ ਬਹੁਤ ਹੀ ਤੇਜ਼ ਰਫਤਾਰ ਦੁੱਧ ਵਾਲੇ ਕੈਂਟਰ ਦੇ ਡਰਾਈਵਰ ਨੇ ਲਾਪਰਵਾਹੀ ਨਾਲ, ਸਾਡੀ ਡਿਜਾਇਰ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੱਨ੍ਹਾਂ ਭਿਆਨਕ ਸੀ ਕਿ ਕਾਰ ਸਵਾਰ ਕੁਲਦੀਪ ਸਿੰਘ ਨੇ, ਮੌਕੇ ਤੇ ਹੀ ਦਮ ਤੋੜ ਦਿੱਤਾ। ਜਦੋਂਕਿ ਬਾਕੀ ਸਾਰੇ ਜਣੇ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਤੇ ਕੈਂਟਰ ਚਾਲਕ ਕੈਂਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ੳ. ਸੁਖਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਏ.ਐਸ.ਆਈ. ਟੇਕ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ। ਹਾਦਸੇ ਵਿੱਚ ਜਖਮੀ ਹੋਏ ਅਮਰੀਕ ਸਿੰਘ ਮਾਨਸਾ ਦੇ ਬਿਆਨ ਪਰ, ਕੈਂਟਰ ਚਾਲਕ ਬਲਜਿੰਦਰ ਸਿੰਘ ਦੇ ਖਿਲਾਫ ਕੇਸ ਦਰਜ਼ ਕਰਕੇ, ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਹੈ।