ਨਗਰ ਕੌਂਸਲ ਪ੍ਰਧਾਨ ਅਤੇ ਨਾਇਬ ਤਹਿਸੀਲਦਾਰ ਦੇ ਸਿਰ ਤੇ ਵੀ ਲਟਕੀ ਕੇਸ ਦਰਜ਼ ਹੋਣ ਦੀ ਤਲਵਾਰ !
ਪ੍ਰਧਾਨ ਦੇ ਕੰਪਿਊਟਰ ਆਪਰੇਟਰ ਪੁੱਤਰ ,ਨਗਰ ਕੌਂਸਲ ਦੇ ਜੂਨੀਅਰ ਸਹਾਇਕ ਤੇ ਆਰਕੀਟੈਕਟ ਸਣੇ 4 ਤੇ ਐਫ.ਆਈ.ਆਰ ਦਰਜ਼
ਹਰਿੰਦਰ ਨਿੱਕਾ , ਪਟਿਆਲਾ 10 ਜਨਵਰੀ 2023
ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ, ਫਿਰ ਫਸਲਾਂ ਦਾ ਰੱਬ ਹੀ ਰਾਖਾ ਹੁੰਦੈ, ਚਿਰ ਪੁਰਾਣੀ, ਇਹ ਕਹਾਵਤ ਉਦੋਂ ਸੱਚ ਸਾਬਿਤ ਹੋ ਗਈ, ਜਦੋਂ ਨਗਰ ਕੌਂਸਲ ਦੇ ਦਫਤਰ ‘ਚੋਂ ਪੰਜਾਹ ਪੰਜਾਹ ਹਜ਼ਾਰ ਰੁਪੱਈਆ ਲੈ ਕੇ ਜਾਲ੍ਹੀ ਐਨ.ੳ.ਸੀ. ਜ਼ਾਰੀ ਹੋਣ ਦਾ ਪਰਦਾਫਾਸ਼ ਹੋ ਗਿਆ। ਨਗਰ ਕੌਂਸਲ ਦੇ ਕਰਮਚਾਰੀਆਂ ਨੇ, ਅਜਿਹਾ ਫਰਜੀਵਾੜਾ ਕਰਕੇ, ਸਿਰਫ ਤਿੰਨ ਐਨ.ੳ.ਸੀ. ਜ਼ਾਰੀ ਕਰਕੇ ਹੀ, ਨਗਰ ਕੌਂਸਲ ਦੇ ਖਜਾਨੇ ਨੂੰ 37 ਲੱਖ ਰੁਪਏ ਤੋਂ ਜਿਆਦਾ ਦਾ ਚੂਨਾ ਲਾ ਦਿੱਤਾ । ਉਹ ਵੀ ਆਪਣੇ ਡੇਢ ਲੱਖ ਰੁਪਏ ਦਾ ਲਾਲਚ ਨੂੰ ਪੂਰਾ ਕਰਨ ਖਾਤਿਰ । ਆਖਿਰ ਪੁਲਿਸ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਦੀ ਸ਼ਕਾਇਤ ਦੇ ਅਧਾਰ ਤੇ ਨਗਰ ਕੌਂਸਲ ਦੇ ਪ੍ਰਧਾਨ ਦੇ ਪੁੱਤਰ ਤੇ ਆਊਟਸੋਰਸਿੰਗ ਰਾਹੀਂ ਰੱਖੇ ਕੰਪਿਊਟਰ ਆਪਰੇਟਰ, ਜੂਨੀਅਰ ਸਹਾਇਕ, ਇੱਕ ਆਰਕੀਟੈਕਟ ਅਤੇ ਉਨਾਂ ਦੇ ਦਲਾਲ ਪ੍ਰੋਪਰਟੀ ਡੀਲਰ ਖਿਲਾਫ ਐਫ.ਆਈ.ਆਰ. ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਦੋਂ ਕਿ ਪੁਲਿਸ ਨੇ ਕੇਸ ਵਿੱਚ ਸਾਜਿਸ਼ ਦੀ ਧਾਰ ਲਗਾ ਕੇ, ਕੌਂਸਲ ਪ੍ਰਧਾਨ ਅਤੇ ਮਾਲ ਵਿਭਾਗ ਦੇ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਦੇ ਸਿਰ ਤੇ ਵੀ ਕੇਸ ਦਰਜ਼ ਹੋਣ ਦੀ ਤਲਵਾਰ ਲਟਕਦੀ ਛੱਡ ਦਿੱਤੀ ਹੈ । ਬੇਹੱਦ ਗੰਭੀਰ ਕਿਸਮ ਦਾ ਇਹ ਮਾਮਲਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਬੱਖੀ ‘ਚ ਵੱਸੇ ਅਤੇ ਰੀਅਲ ਅਸਟੇਟ ਕਾਰੋਬਾਰ ਦੀ ਰਾਜਧਾਨੀ ਵਜੋਂ ਪਹਿਚਾਣ ਰੱਖਦੀ ਐਸ.ਏ.ਐਸ. ਨਗਰ ਮੋਹਾਲੀ ਜਿਲ੍ਹੇ ਅਧੀਨ ਪੈਂਦੀ ਨਗਰ ਕੌਂਸਲ ਬਨੂੜ ਦਾ ਹੈ।
ਕੀ ਹੈ ਪੂਰਾ ਗੜਬੜ ਘੁਟਾਲਾ ਤੇ ਕਿਵੇਂ ਹੋਇਆ ਪਰਦਾਫਾਸ਼
ਨਗਰ ਕੌਂਸਲ ਬਨੂੜ ਦੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਸ਼ਾਹੀ ਨੇ 14 ਅਕਤੂਬਰ 2022 ਨੂੰ ਇੱਕ ਦੁਰਖਾਸਤ ਦਿੱਤੀ ਕਿ ਉਨ੍ਹਾਂ ਦੇ ਨੋਟਿਸ ਵਿੱਚ ਆਇਆ ਹੈ ਕਿ ਕਿਰਨਵੰਤ ਕੌਰ ਸੰਧੂ ਪਤਨੀ ਐਸ ਐਮ ਐਸ ਸੰਧੂ ਨੰਬਰ 825 ਮਿਤੀ 9/7/2022 , ਕਿਰਨਵੰਤ ਸੰਧੂ ਪਤਨੀ ਐਸ ਐਮ ਐਸ ਸੰਧੂ ਨੰਬਰ 895 ਮਿਤੀ 8/7/2022 ਅਤੇ ਕਾਂਤਾ ਬਾਂਸਲ ਪਤਨੀ ਯਤਿੰਦਰ ਕੁਮਾਰ ਨੰਬਰ 901 ਮਿਤੀ 11/7/2022 ਵੱਲੋਂ ਜਾਅਲੀ ਇਤਰਾਜਹੀਣਤਾ ਸਰਫੀਫਿਕੇਟ / ਦਸਤਾਵੇਜਾਂ ਦੇ ਅਧਾਰ ਤੇ ਰਜਿਸਟਰੀਆਂ /ਵਸੀਕੇ ਕਰਵਾਏ ਗਏ ਹਨ । ਉਕਤ ਵਿਅਕਤੀਆਂ ਵੱਲੋ ਐਨ.ੳ.ਸੀ. ਵਿੱਚ ਜੋ ਨੰਬਰ ਦਰਜ ਹਨ , ਇਹ ਰਸੀਟ ਨੰਬਰ ਜਾਅਲੀ ਹਨ । ਦਫਤਰੀ ਰਿਕਾਰਡ ਅਨੁਸਾਰ ਉਕਤ ਵਿਅਕਤੀਆ ਦੀਆਂ ਦਰਖਾਸਤਾਂ ਨਾ ਤਾਂ ਦਫਤਰ ਵਿਖੇ ਪ੍ਰਾਪਤ ਹੋਈਆ ਹਨ ਅਤੇ ਨਾ ਹੀ ਦਫਤਰ ਵੱਲੋ ਇਹਨਾਂ ਦਰਖਾਸਤਾਂ ਨੂੰ ਕੋਈ ਰਸੀਟ ਨੰਬਰ ਲਗਾਇਆ ਗਿਆ ਹੈ। ਇੱਨਾਂ ਐਨ.ੳ.ਸੀ. ਵਿੱਚ ਦਰਜ ਦਰਖਾਸਤਾਂ ਦੇ ਨੰਬਰ ਦਰਸਾਏ ਗਏ ਹਨ , ਇਹ ਰਸੀਟ ਨੰਬਰਾਂ ਤੇ ਹੋਰ ਡਾਕ ਪੱਤਰ ਨੂੰ ਰਸੀਟ ਨੰਬਰ ਲੱਗੇ ਹੋਏ ਹਨ। ਇਹਨਾਂ ਇਤਰਾਜਹੀਣਤਾ ਸਰਫੀਫਿਕੇਟਾਂ ਉਤੇ ਲੱਗੇ ਡਿਸਪੈਚ ਨੰਬਰ ਵੀ ਜਾਅਲੀ ਹਨ । ਇਹ ਡਿਸਪੈਚ ਨੰਬਰ ਵੀ ਦਫਤਰੀ ਰਿਕਾਰਡ ਅਨੁਸਾਰ ਦਫਤਰ ਨਗਰ ਕੌਂਸਲ ਵੱਲੋ ਨਹੀ ਲਗਾਏ ਗਏ ਹਨ । ਇਸ ਤੋਂ ਇਲਾਵਾ ਦਰਖਾਸਤਾਂ ਵਿੱਚ ਦਰਜ ਪਲਾਟ ਰੈਗੂਲਾਈਜੇਸਨ ਨੰਬਰ ਵੀ ਜਾਅਲੀ ਪਾਏ ਹੋਏ ਗਏ ਹਨ । ਕਿਉਕਿ ਇਹਨਾਂ ਨੰਬਰਾਂ ਤੇ ਨਗਰ ਕੌਂਸਲ ਵੱਲੋ ਉਕਤ ਵਿਅਕਤੀਆਂ ਦੇ ਨਾਮ ਤੇ ਕੋਈ ਵੀ ਪਲਾਟ ਰੈਗੂਲਰਾਈਜ ਹੀ ਨਹੀ ਕੀਤੇ ਗਏ ਹਨ । ਇਸ ਲਈ ਇਹਨਾਂ ਵਿਅਕਤੀਆ ਨੂੰ ਇਤਰਾਜਹੀਣਤਾ ਸਰਟੀਫਿਕੇਟ ਜਾਰੀ ਕਰਨ ਦਾ ਕੋਈ ਮਤਲਬ ਹੀ ਨਹੀ ਬਣਦਾ। ਕਾਰਜਸਾਧਕ ਅਫਸਰ ਨੇ ਇਹ ਵੀ ਸਪੱਸਟ ਕੀਤਾ ਕਿ ਇਨ੍ਹਾਂ ਵਿਅਕਤੀਆਂ ਨੂੰ ਜ਼ਾਰੀ ਐਨ.ੳ.ਸੀ. ਉੱਤੇ ਈ.ੳ. ਦੇ ਦਸਤਖਤ ਵੀ ਜਾਅਲੀ (forge) ਕੀਤੇ ਗਏ ਹਨ । ਕਾਰਜਸਾਧਕ ਅਫਸਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜਾਅਲੀ ਇਤਰਾਜਹੀਣਤਾ ਸਰਟੀਫਿਕੇਟ /ਦਸਤਾਵੇਜ ਦੇ ਅਧਾਰ ਤੇ ਜੋ ਰਜਿਸਟਰੀਆਂ ਵਸੀਕੇ ਕਰਵਾਏ ਗਏ ਹਨ ਉਨ੍ਹਾਂ ਨੂੰ ਤਰੰਤ ਕੈਂਸਲ ਕੀਤਾ ਜਾਵੇ ਅਤੇ ਜਾਲ੍ਹੀ ਐਨ.ੳ.ਸੀ. ਦਸਤਾਵੇਜ ਤਿਆਰ ਕਰਨ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ।
ਪੜਤਾਲੀਆ ਰਿਪੋਰਟ
ਬੇਹੱਦ ਗੰਭੀਰ ਕਿਸਮ ਦੇ ਇਸ ਮਾਮਲੇ ਦੀ ਪੜਤਾਲ ਮੁੱਖ ਅਫਸਰ ਥਾਣਾ ਬਨੂੰੜ ਦੁਆਰਾ ਐਸ.ਆਈ. ਮੋਹਣ ਸਿੰਘ ਰਾਹੀਂ ਕਰਵਾਈ ਗਈ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਜਾਅਲੀ ਇਤਰਾਜਹੀਣਤਾ ਸਰਟੀਫਿਕੇਟਾਂ ਦੇ ਅਧਾਰ ਪਰ ਪਲਾਟਾਂ ਦੇ ਵਸੀਕੇ ਰਜਿਸਟਡ ਕਰਵਾਏ ਗਏ ਹਨ । ਉਪ੍ਰੋਕਤ ਸਰਟੀਫਿਕੇਟ ਹਾਸਲ ਕਰਨ ਲਈ ਨਗਰ ਕੌਂਸਲ ਬਨੂੰੜ ਵਿਖੇ ਕੋਈ ਦਰਖਾਸਤ ਹੀ ਨਹੀ ਦਿੱਤੀ ਗਈ ਅਤੇ ਇਤਰਾਜਹੀਣਤਾ ਸਰਟੀਫਿਕੇਟਾਂ ਵਿੱਚ ਦਰਸਾਏ ਰਸੀਟ ਅਤੇ ਡਿਸਪੈਚ ਨੰਬਰ ਵੀ ਜਾਅਲੀ ਹਨ। ਇਹਨਾਂ ਸਰਟੀਫਿਕੇਟਾਂ ਵਿੱਚ ਦਰਜ ਰੈਗੂਲਰਾਇਜੇਸਨ ਨੰਬਰ ਵੀ ਜਾਅਲੀ ਹਨ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਮਿਤ ਕੁਮਾਰ ਬਾਂਸਲ ਪੁੱਤਰ ਲੇਟ ਸ੍ਰੀ ਯਤਿੰਦਰ ਕੁਮਾਰ ਬਾਂਸਲ ਵਾਸੀ ਬਨੂੰੜ ਤਹਿਸੀਲ ਵਾ ਜਿਲ੍ਹਾ ਮੋਹਾਲੀ ਨੇ ਇੱਕ ਵੱਖਰੀ ਦੁਰਖਾਸਤ ਵਿੱਚ ਕਿਹਾ ਕਿ ਨੈਬ ਸਿੰਘ ਪ੍ਰੋਪਰਟੀ ਡੀਲਰ ਨੇ ਕਾਂਤਾ ਬਾਂਸਲ ਦੇ ਪਲਾਟ ਦਾ ਸੌਦਾ ਕਰਵਾਇਆ ਅਤੇ ਉਸ ਨੇ ਰਜਿਸਟਰੀ ਸਮੇਂ ਵੀ ਗਵਾਹੀ ਪਾਈ ਹੈ ਅਮਿਤ ਬਾਂਸਲ ਮੁਤਾਬਿਕ ਉਹ ਆਪਣੀ ਮਾਤਾ ਕਾਂਤਾ ਬਾਂਸਲ ਅਤੇ ਕਿਰਨਵੰਤ ਕੌਰ ਸ਼ੰਧੂ ਦੇ ਪਲਾਟਾਂ ਦੀਆਂ ਐਨ.ਓ.ਸੀਜ ਲੈਣ ਲਈ ਵਾਰ-ਵਾਰ ਨਗਰ ਕੌਂਸਲ ਬਨੂੰੜ ਦੇ ਚੱਕਰ ਲਗਾ ਰਿਹਾ ਸੀ ਅਤੇ ਕਈ ਵਾਰ ਈ.ਓ ਸਾਹਿਬ ਨੂੰ ਪਲਾਟਾਂ ਦੀਆਂ ਫਰਦਾਂ ਵਗੈਰਾ ਵੀ ਦਿੱਤੀਆ । ਪ੍ਰੰਤੂ ਈ.ਓ ਵੱਲੋ ਲਾਰੇ ਲਾਏ ਜਾਂਦੇ ਰਹੇ । ਇਸ ਸਬੰਧੀ ਕੌਂਸਲ ਦਫਤਰ ਤੋਂ ਪਤਾ ਲੱਗਿਆ ਕਿ ਬਿਨਾਂ ਪੈਸੇ ਦਿੱਤੇ ਕਮੇਟੀ ਦਫਤਰ ਤੋਂ ਕੋਈ ਕੰਮ ਨਹੀ ਹੋ ਸਕਦਾ। ਜਿਸ ਤੋਂ ਬਾਅਦ ਪ੍ਰੋਪਰਟੀ ਡੀਲਰ ਨੈਬ ਸਿੰਘ ਨੇ ਉਸ ਨੂੰ (ਅਮਿਤ ਬਾਂਸਲ) ਦੱਸਿਆ ਕਿ ਆਰਕੀਟੈਕਟਰ ਗੁਰਜਿੰਦਰ ਸਿੰਘ ਕਮੇਟੀ ਦਾ ਸਾਰਾ ਕੰਮ ਕਰਦਾ ਹੈ। ਉਹ ਐਨ.ਓ.ਸੀ ਦਿਵਾ ਸਕਦਾ ਹੈ। ਉਨਾਂ ਗੁਰਜਿੰਦਰ ਸਿੰਘ ਆਰਕੀਟੈਕਟਰ ਨਾਲ ਗੱਲ ਕੀਤੀ। ਜਿਸ ਨੇ ਪ੍ਰਤੀ ਐਨ ਓ ਸੀ ਪੰਜਾਹ ਹਜਾਰ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਇਹ ਰੁਪਏ ਨਗਰ ਕੌਂਸਲ ਬਨੂੰੜ ਦੇ ਮੁਲਾਜਮਾਂ ਅਤੇ ਅਹੁਦੇਦਾਰਾ ਕੋਲ ਜਾਣੇ ਹਨ ।ਜਿਸ ਤੋ ਬਾਅਦ ਅਮਿਤ ਬੰਸਲ ਨੇ ਪਰਟੀ ਡੀਲਰ ਨੈਬ ਸਿੰਘ ਰਾਹੀ ਉਕਤ ਤਿੰਨੋ ਪਲਾਂਟਾ ਦੇ ਸਬੰਧਤ ਦਸਤਾਵੇਜ ਅਤੇ ਡੇਢ ਲੱਖ ਰੁਪਏ ਗੁਰਜਿੰਦਰ ਸਿੰਘ ਨੂੰ ਦੇ ਦਿੱਤੇ ਅਤੇ ਗੁਰਜਿੰਦਰ ਸਿੰਘ ਨੇ ਤਿੰਨੋ ਐਨ ਓ ਸੀਜ ਉਸ ਨੂੰ ਲਿਆ ਕੇ ਦੇ ਦਿੱਤੀਆ ਸਨ । ਜਿਹਨਾ ਦੇ ਅਧਾਰ ਤੇ ਨਾਇਬ ਤਹਿਸੀਲਦਾਰ ਬਨੂੰੜ ਵੱਲੋ ਉਕਤ ਤਿੰਨੋਂ ਪਲਾਟਾਂ ਦੀਆ ਰਜਿਸਟਰੀਆ ਵੀ ਕਰ ਦਿੱਤੀਆ ਹਨ । ਦਰਖਾਸਤ ਅਤੇ ਮਾਲ ਵਿਭਾਗ ਤੋਂ ਪ੍ਰਾਪਤ ਦਸਤਾਵੇਜ ਵਾਚਣ ਤੋਂ ਪਾਇਆ ਗਿਆ ਕਿ ਕਿਰਨਵੰਤ ਸੰਧੂ ਪਤਨੀ ਐਸ ਐਮ ਐਸ ਸ਼ੰਧੂ ਦੇ ਪਲਾਟ ਦੀ ਐਨ ਓ ਸੀ ਨੰਬਰ 895 ਮਿਤੀ 8/7/2022 ਨੂੰ ਜਾਰੀ ਹੋਣੀ ਦਰਸਾਈ ਗਈ ਹੈ ਅਤੇ ਇਹਨਾਂ ਦੇ ਹੀ ਦੂਸਰੇ ਪਲਾਟ ਦੀ ਐਨ ਓ ਸੀ ਨੰਬਰ 825 ਮਿਤੀ 9/7/2022 ਨੂੰ ਜਾਰੀ ਹੋਣੀ ਦਰਸਾਈ ਗਈ ਹੈ। ਜਦ ਕਿ ਮਿਤੀ 8/7/2022 ਤੋ ਬਾਅਦ ਨੰਬਰ 895 ਤੋ ਅੱਗੇ ਵੱਧਣਾ ਸੀ ਜੋ 9/7/2022 ਨੂੰ ਘੱਟ ਕੇ 825 ਤੇ ਆ ਗਿਆ ਹੈ। ਮਿਤੀ 09/07/2022 ਨੂੰ ਸ਼ਨੀਵਾਰ ਦੀ ਨਗਰ ਕੌਂਸਲ ਬਨੂੰੜ ਵਿੱਚ ਪੱਕੀ ਛੁੱਟੀ ਹੈ, ਇਹ ਐਨ ਓ ਸੀ ਛੁੱਟੀ ਵਾਲੇ ਦਿਨ ਜਾਰੀ ਹੋਈ ਹੈ। ਮਿਤੀ 11/7/2022 ਨੂੰ ਐਨ ਓ ਸੀ ਨੰਬਰ 901 ਜਾਰੀ ਹੋਈ ਹੈ ਮਿਤੀ 10/07/2022 ਨੂੰ ਐਤਵਾਰ ਦੀ ਛੁੱਟੀ ਹੈ, ਐਨ ਓ ਸੀ 901-825=76 ਨੰਬਰ ਅਗੇ ਕਿਵੇ ਵੱਧ ਗਈ। ਪਹਿਲੀ ਨਜ਼ਰੇ ਹੀ ਪੜਤਾਲ ਅਧੀਨ ਐਨ ਓ ਸੀਜ ਜਾਅਲੀ ਪਾਈਆਂ ਗਈਆ ਹਨ । ਦੌਰਾਨੇ ਪੜਤਾਲ ਜਗਜੀਤ ਸਿੰਘ ਸ਼ਾਹੀ,ਕਾਰਜ ਸ਼ਾਧਕ ਅਫਸਰ ਬਨੂੰੜ ਨੇ ਬਿਆਨ ਵਿੱਚ ਤਹਿਰੀਰ ਕਰਾਇਆ ਕਿ ਨਗਰ ਕੌਂਸਲ ਅਧੀਨ ਆਉਣ ਵਾਲੀ ਕਿਸੇ ਅਨ ਅਪਰੂਵਡ ਜਾਇਦਾਦ ਦੀ ਖ੍ਰੀਦ ਵੇਚ ਤੋ ਪਹਿਲਾਂ ਜਾਇਦਾਦ ਦੇ ਮਾਲਕ ਨੇ ਨਗਰ ਕੌਂਸਲ ਤੋ ਇਤਰਾਜਹੀਣਤਾ ਸਰਟੀਫਿਕੇਟ ਹਾਸਲ ਕਰਨਾ ਹੁੰਦਾ ਹੈ, ਜੋ ਜਾਰੀ ਕਰਨ ਤੋਂ ਪਹਿਲਾ ਉਸ ਜਾਇਦਾਦ ਦਾ ਰੈਗੂਲਰਾਇਜੇਸਨ ਸਰਟੀਫਿਕੇਟ ਹਾਸਲ ਕਰਨਾ ਜਰੂਰੀ ਹੈ ਜਾਂ ਜਾਇਦਾਦ ਦਾ ਨਗਰ ਕੌਂਸਲ ਤੋ ਪ੍ਰਵਾਨਿਤ ਨਕਸ਼ੇ ਦੀ ਕਾਪੀ ਨਾਲ ਨੱਥੀ ਕਰਨੀ ਹੁੰਦੀ ਹੈ। ਵਿਸ਼ਾ ਅਧੀਨ ਇਤਰਾਜਹੀਣਤਾ ਸਰਟੀਫਿਕੇਟ ਸਾਡੇ ਦਫਤਰ ਵੱਲੋ ਜਾਰੀ ਹੀ ਨਹੀ ਕੀਤੇ ਗਏ । ਪ੍ਰਸ਼ਨ ਉਤਰ ਵਿੱਚ ਜਗਜੀਤ ਸਿੰਘ ਸਾਹੀ ਈ ਓ ਨੇ ਦੱਸਿਆ ਕਿ ਜਿਸ ਜਾਇਦਾਦ ਦਾ ਨਕਸ਼ਾ ਪਾਸ ਨਹੀ ਹੈ, ਉਸ ਸਬੰਧੀ ਇਤਰਾਜਹੀਣਤਾ ਸਰਟੀਫਿਕੇਟ ਨਿਯਮਾਂ ਮੁਤਾਬਿਕ ਮੈਨੂਅਲ ਵਿਧੀ ਨਾਲ ਜਾਰੀ ਹੀ ਨਹੀ ਹੋ ਸਕਦਾ ਹੈ। ਇਸ ਲਈ ਉਕਤ ਤਿੰਨੋਂ ਸਰਟੀਫਿਕੇਟ ਮੈਨੂਅਲ ਵਿਧੀ ਨਾਲ ਜਾਰੀ ਨਹੀ ਹੋ ਸਕਦੇ ।
ਕੀ ਕਹਿੰਦਾ ਹੈ ਆਰਕੀਟੈਕਟ ਗੁਰਜਿੰਦਰ ਸਿੰਘ
ਆਰਕੀਟੈਕਟ ਗੁਰਜਿੰਦਰ ਸਿੰਘ ਵਾਸੀ ਗੋਇਲ ਕਲੋਨੀ ਬਨੂੰੜ ਦਾ ਕਹਿਣਾ ਹੈ ਕਿ ਉਹ ਅਰਸਾ ਕਰੀਬ 10 ਤੋਂ ਮਿਊਸੀਪਲ ਕਮੇਟੀ ਬਨੂੰੜ ਵਿਖੇ ਆਰਕੀਟੈਕਟਰ ਦਾ ਕੰਮ ਕਰ ਰਿਹਾ ਹੈ । ਮਿਊਸੀਪਲ ਕਮੇਟੀ ਤੋ ਜਿਹੜੇ ਕੰਮ ਜਿਵੇ ਐਨ ਓ ਸੀ, ਨਕਸ਼ਾ ਪਾਸ ਕਰਾਉਣ ਅਤੇ ਸੀ ਐਲ ਯੂ ਆਨ ਲਾਇਨ ਹੁੰਦੇ ਹਨ , ਇਹ ਆਰਕੀਟੈਕਟਰ ਦੀ ਆਈ. ਡੀ ਤੋਂ ਹੀ ਅਪਲਾਈ ਕੀਤੇ ਜਾ ਸਕਦੇ ਹਨ ਇਹਨਾਂ ਦੀਆਂ ਦਰਖਾਸਤਾਂ ਕਮੇਟੀ ਸਿੱਧੇ ਤੌਰ ਪਰ ਨਹੀ ਲੈ ਸਕਦੀ। ਇਸ ਲਈ ਇਹਨਾਂ ਕੰਮਾ ਲਈ ਅਗਰ ਕੋਈ ਵਿਆਕਤੀ ਮਿਉਸੀਪਲ ਕਮੇਟੀ ਸਿੱਧਾ ਚਲਾ ਵੀ ਜਾਂਦਾ ਹੈ ਤਾਂ ਕਮੇਟੀ ਦੇ ਕਰਮਚਾਰੀ ਉਸ ਨੂੰ ਕਿਸੇ ਲਾਇਸੰਸ਼ ਹੋਲਡਰ ਆਰਕੀਟੈਕਟਰ ਕੋਲ ਭੇਜ ਦਿੰਦੇ ਹਨ । ਮੈਂ ਨੈਬ ਸਿੰਘ ਦੇ ਕਹਿਣ ਪਰ, ਉਸ ਵੱਲੋਂ ਦਿੱਤੇ ਡੇਢ ਲੱਖ ਰੁਪਏ ਅਸੋਕ ਕੁਮਾਰ ਨੂੰ ਫੋਨ ਕਰਕੇ ਕਮੇਟੀ ਦਫਤਰ ਬਨੂੰੜ ਵਿਖੇ ਫੜਾ ਦਿੱਤੇ। ਜਿੱਥੇ ਜੇਈ ਗਗਨਪ੍ਰੀਤ ਸਿੰਘ ਦੇ ਕਮਰੇ ਵਿੱਚ ਅਸ਼ੋਕ ਕੁਮਾਰ, ਗਗਨਪ੍ਰੀਤ ਸਿੰਘ ਜੇ ਈ ਅਤੇ ਹਰਜਿੰਦਰ ਸਿੰਘ ਟਾਇਪਿਸਟ ਬੈਠੇ ਸਨ। ਉਸ ਸਿਰਫ ਇੱਕ ਪਲਾਟ ਜੋ ਅਮਿਤ ਕੁਮਾਰ ਦੀ ਮਾਤਾ ਦੇ ਨਾਮ ਹੈ ਦੇ ਪੇਪਰ ਅਤੇ ਡੇਢ ਲੱਖ ਰੁਪਏ ਗਏ ਹਨ । ਦੂਸਰੇ ਦੋ ਪਲਾਟਾਂ ਦੇ ਪੇਪਰ ਕਿਵੇ ਕਮੇਟੀ ਵਾਲਿਆ ਕੋਲ ਗਏ , ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀ ਹੈ ਅਤੇ ਨਾਹੀ ਮੇਰੇ ਰਾਹੀ ਐਨ ਓ ਸੀਜ ਗਈਆ ਹਨ । ਨੈਬ ਸਿੰਘ ਪ੍ਰਾਪਰਟੀ ਡੀਲਰ ਦਾ ਅਕਸਰ ਕਮੇਟੀ ਦਫਤਰ ਜਾਣਾ ਆਉਣਾ ਹੈ, ਨੈਬ ਸਿੰਘ ਨੇ ਹੀ ਸਿੱਧੇ ਤੌਰ ਪਰ ਪੇਪਰ ਦਿੱਤੇ ਹਨ ਅਤੇ ਆਪ ਹੀ ਐਨ ਓ ਸੀਜ ਕਮੇਟੀ ਤੋਂ ਲਈਆ ਹਨ। ਐਨ ਓ ਸੀਜ ਤਿਆਰ ਕਰਨ ਵਿੱਚ ਮੇਰਾ ਕੋਈ ਰੋਲ ਨਹੀ ਹੈ । ਕਮੇਟੀ ਵਿੱਚ ਗਗਨਪ੍ਰੀਤ ਸਿੰਘ ਜੇ.ਈ ਪੇਪਰ ਦੇਖ ਕੇ ਰਿਪੋਰਟ ਕਰਦਾ ਹੈ, ਉਸ ਤੋਂ ਬਾਅਦ ਹਰਜਿੰਦਰ ਸਿੰਘ ਐਨ ਓ ਸੀ ਟਾਇਪ ਕਰਦਾ ਹੈ ਅਤੇ ਅਸੋਕ ਕੁਮਾਰ ਉਸ ਤੇ ਆਪਣੀ ਸਹੀ ਪਾ ਕੇ ਈ ਓ ਦੇ ਸਾਇਨ ਕਰਾਉਦਾ ਹੈ।ਇਹ ਐਨ ਓ ਸੀ ਇਨ੍ਹਾਂ ਨੇ ਹੀ ਤਿਆਰ ਕੀਤੀਆਂ ਹੋ ਸਕਦੀਆ ਹਨ।
ਦੌਰਾਨੇ ਪੜਤਾਲ ਅਸੋਕ ਕੁਮਾਰ ਜੂਨੀਅਰ ਅਸਿਸਟੈਂਟ ਨਗਰ ਕੌਂਸਲ ਬਨੂੰੜ ਅਤੇ ਹਰਜਿੰਦਰ ਸਿੰਘ ਟਾਇਪਸਿਟ ਨਗਰ ਕੌਂਸਲ ਬਨੂੰੜ ਨੂੰ ਸ਼ਾਮਲ ਪੜਤਾਲ ਕਰਨ ਪਰ ਦੋਨੋ ਹੀ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਰਹੇ ਹਨ। ਗਗਨਪ੍ਰੀਤ ਸਿੰਘ ਜੇ ਈ ਨੇ ਉਕਤ ਦੋਸ਼ਾਂ ਨੂੰ ਨਕਾਰਦੇ ਹੋਏ ਆਪਣੇ ਜੁਅਇਨਿੰਗ ਲੈਟਰ ਦੀ ਕਾਪੀ ਪੇਸ਼ ਕੀਤੀ । ਜਿਸ ਅਨੁਸਾਰ ਉਸ ਨੇ ਮਿਤੀ 20-07-2022 ਨੂੰ ਨਗਰ ਕੌਂਸਲ ਬਨੂੰੜ ਵਿਖੇ ਬਤੌਰ ਜੇ ਈ ਜੁਆਇਨ ਕੀਤਾ ਹੈ ਅਤੇ ਪੜਤਾਲ ਅਧੀਨ ਇਤਰਾਜ ਹੀਣਤਾ ਸਰਟੀਫਿਕੇਟ ਜੁਲਾਈ 2022 ਦੇ ਦੂਸਰੇ ਹਫਤੇ ਤਿਆਰ ਹੋਏ ਦਰਸਾਏ ਗਏ ਹਨ। ਦੌਰਾਨੇ ਪੜਤਾਲ ਗੁਰਨਾਮ ਸਿੰਘ ਰਜਿਸਟਰੀ ਕਲਰਕ, ਸਬ-ਤਹਿਸੀਲ ਬਨੂੰੜ ਨੇ ਬਿਆਨ ਕੀਤਾ ਕਿ ਕੋਈ ਵੀ ਵਸੀਕਾ ਰਜਿਸਟਡ ਕਰਨ ਲਈ ਤਹਿਸੀਲਦਾਰ/ਨੈਬ ਤਹਿਸੀਲਦਾਰ ਦੇ ਪੇਸ਼ ਕਰਨ ਤੋਂ ਪਹਿਲਾਂ ਮੇਰੇ ਕੋਲ ਆਉਦਾ ਹੈ। ਮੈ ਵਸੀਕਾ ਵਿੱਚ ਦਰਜ ਵਿਕਣ ਵਾਲੀ ਜਾਇਦਾਦ ਦੇ ਸਬੰਧ ਵਿੱਚ ਮਹਿਕਮਾ ਮਾਲ ਦਾ ਰਿਕਾਰਡ ਚੈਕ ਕਰਕੇ ਰਿਪੋਰਟ ਕਰਨੀ ਹੁੰਦੀ ਹੈ ਕਿ ਇਸ ਜਾਇਦਾਦ ਤੇ ਕਿਸੇ ਵੀ ਮਾਣਯੋਗ ਅਦਾਲਤ ਤੋਂ ਕੋਈ ਸਟੇਅ ਆਡਰ ਤਾਂ ਨਹੀ ਹੈ। ਪੁਲਿਸ ਦੀ ਸਿੱਟਾ ਰਿਪੋਰਟ:- ਹੁਣ ਤੱਕ ਕੀਤੀ ਗਈ ਖੁਫੀਆ ਵਾ ਐਲਾਨੀਆਂ ਦਰਿਆਫਤ ਦਰਖਾਸਤ ਤੋਂ ਪਾਇਆ ਗਿਆ ਕਿ ਨਗਰ ਕੌਂਸਲ ਬਨੂੰੜ ਦੇ ਮੌਜੂਦਾ ਪ੍ਰਧਾਨ ਜਗਤਾਰ ਸਿੰਘ ਨੇ ਆਪਣੇ ਸਿਆਸੀ ਅਸਰ ਰਸੂਖ ਨਾਲ ਆਪਣੇ ਲੜਕੇ ਹਰਜਿੰਦਰ ਸਿੰਘ ਨੂੰ ਟਾਇਪਿਸ਼ਟ(ਆਊਟ ਸੋਰਸ) ਰਖਵਾਇਆ ਹੋਇਆ ਹੈ। ਜਿਸ ਸਬੰਧੀ ਕਸਬਾ ਬਨੂੰੜ ਅਤੇ ਇਲਾਕੇ ਵਿੱਚ ਆਮ ਚਰਚਾ ਹੈ ਕਿ ਜਗਤਾਰ ਸਿੰਘ ਪ੍ਰਧਾਨ ਨੇ ਆਪਣੇ ਬੇਟੇ ਨੂੰ ਕੱਚੀ ਨੌਕਰੀ ਤੇ ਏਨੀ ਘੱਟ ਤਨਖਾਹ ਲਈ ਸਿਰਫ ਆਪਣੇ ਜਾਅਲੀ ਐਨ ਓ ਸੀ ਵਗੈਰਾ ਫਰਜੀਵਾੜੇ ਕਰਕੇ ਸਰਕਾਰ ਨੂੰ ਟੈਕਸ ਚੋਰੀ ਦੇ ਰੂਪ ਵਿੱਚ ਮੋਟਾ ਚੂਨਾ ਲਗਾਕੇ ਆਪ ਮੋਟੀਆ ਰਕਮਾ ਹਾਸਲ ਕਰਨ ਲਈ ਹੀ ਨੌਕਰੀ ਤੇ ਰਖਵਾਇਆ ਹੋਇਆ ਹੈ । ਹਰਜਿੰਦਰ ਸਿੰਘ ਕੰਪਿਊਟਰ ਆਪਰੇਟਰ ਆਪਣੇ ਪਿਤਾ ਦੇ ਨਗਰ ਕੌਂਸਲ ਦਾ ਪ੍ਰਧਾਨ ਹੋਣ ਦਾ ਨਜਾਇਜ ਪ੍ਰਭਾਵ ਪਾ ਕੇ ਨਗਰ ਕੌਂਸਲ ਬਨੂੰੜ ਵਿੱਖੇ ਗੈਰ ਕਾਨੂੰਨੀ ਗਤੀਵਿਧੀਆਂ ਚਲਾ ਰਿਹਾ ਹੈ। ਪੜਤਾਲ ਅਧੀਨ ਐਨਓ ਸੀਜ ਵੀ ਨੈਬ ਸਿੰਘ ਪ੍ਰਾਪਰਟੀ ਡੀਲਰ ਨੇ ਗੁਰਜਿੰਦਰ ਸਿੰਘ ਆਰਕੀਟੈਕਟਰ ਰਾਂਹੀ ਅਸੋਕ ਕੁਮਾਰ ਜੂਨੀਅਰ ਅਸਿਸਟੈਂਟ ਅਤੇ ਹਰਜਿੰਦਰ ਸਿੰਘ ਟਾਇਪਿਸਟ ਨਗਰ ਕੌਂਸਲ ਬਨੂੰੜ ਨਾਲ ਮਿਲੀ-ਭੁਗਤ ਕਰਕੇ ਸ਼੍ਰੀਮਤੀ ਕਾਂਤਾ ਬਾਸਲ ਅਤੇ ਸ਼੍ਰੀਮਤੀ ਕਿਰਨਵੰਤ ਸੰਧੂ ਦੇ ਤਿੰਨ ਪਲਾਟਾਂ ਦੇ ਜਾਅਲੀ ਇਤਰਾਜਹੀਣਤਾ ਸਰਟੀਫਿਕੇਟ ਤਿਆਰ ਕਰਕੇ ਦੇ ਕੇ ਪੰਜਾਬ ਸਰਕਾਰ ਨੂੰ ਪਲਾਟ ਰੈਗੂਲਰਾਇਜੇਸ਼ਨ ਫੀਸ/ਟੈਕਸ ਦੇ ਰੂਪ ਵਿੱਚ ਨਗਰ ਕੌਂਸਲ ਬਨੂੰੜ ਨੂੰ ਪ੍ਰਾਪਤ ਹੋਣ ਵਾਲੇ ਲੱਖਾਂ ਰੁਪਏ (ਕਰੀਬ 37,17,035/-ਰੁਪਏ) ਦਾ ਨੁਕਸਾਨ ਕੀਤਾ ਹੈ।
ਪੜਤਾਲੀਆ ਅਫਸਰ ਮੋਹਨ ਸਿੰਘ ਨੇ ਇਹ ਵੀ ਲਿਖਿਆ ਹੈ ਕਿ ਗਗਨਪ੍ਰੀਤ ਸਿੰਘ ਜੇ ਈ ਬਾਰੇ ਵਕੂਏ ਦੀਆਂ ਅਸਲ ਤਾਰੀਖਾ ਸਾਹਮਣੇ ਆਉਣ ਪਰ ਜੈਸੀ ਸੂਰਤ ਵੈਸੀ ਕਾਰਵਾਈ ਕੀਤੀ ਜਾ ਸਕਦੀ ਹੈ। ਤਫਤੀਸ਼ ਦੌਰਾਨ ਜਗਤਾਰ ਸਿੰਘ ਪ੍ਰਧਾਨ ਨਗਰ ਕੌਂਸਲ ਬਨੂੰੜ ਦਾ ਰੋਲ ਡੂੰਘਾਈ ਨਾਲ ਵਾਚਿਆ ਜਾਵੇਗਾ। ਇਸ ਜਾਅਲਸਾਜੀ ਵਿੱਚ ਰੋਲ ਸਾਹਮਣੇ ਆਉਣ ਤੇ ਉਸ ਵਿਰੁੱਧ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਇਹ ਵੀ ਲਿਖਿਆ ਹੈ ਕਿ ਇਨਾਂ ਤੋਂ ਇਲਾਵਾ ਵਸੀਕੇ ਰਜਿਸਟਡ ਕਰਨ ਸਮੇਂ ਪੜਤਾਲ ਅਧੀਨ ਐਨ ਓ ਸੀਜ ਦੀ ਅਸਲੀਅਤ ਵੈਰੀਫਾਈ ਨਾ ਕਰਨ ਸਬੰਧੀ ਮਹਿਕਮਾ ਮਾਲ ਦੇ ਅਧਿਕਾਰੀ ਨੈਬ ਤਹਿਸੀਲਦਾਰ ਬਨੂੰੜ ਅਤੇ ਰਜਿਸਟਰੀ ਕਲਰਕ, ਸਬ-ਤਹਿਸੀਲ ਬਨੂੰੜ ਦਾ ਰੋਲ ਵਾਚਕੇ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ। ਐਸ.ਐਚ.ੳ. ਬਨੂੰੜ ਨੇ ਦੱਸਿਆ ਕਿ ਬਾਅਦ ਪੜਤਾਲ ਨਾਮਜ਼ਦ ਦੋਸ਼ੀ ਅਸ਼ੋਕ ਕੁਮਾਰ ਜੂਨੀਅਰ ਅਸਿਸਟੈਂਟ ਮਿਉਸੀਪਲ ਕੋਸਲ ਬਨੂੰੜ, ਨੈਬ ਸਿੰਘ ਪ੍ਰੋਪਰਟੀ ਡੀਲਰ , ਹਰਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਆਊਟ ਸੋਰਸਿੰਗ ਕੰਪਿਉਟਰ ਅਪਰੇਟਰ ਨਗਰ ਕੌਂਸਲ ਬਨੂੰੜ, ਗੁਰਜਿੰਦਰ ਸਿੰਘ ਆਰਕੀਟੈਕਟ ਦੇ ਖਿਲਾਫ ਅਧੀਨ ਜੁਰਮ ਧਾਰਾ 409,420,466,467,468, 471,167,120-B.IPC ਤਹਿਤ ਐਫ.ਆਈ.ਆਰ. ਦਰਜ਼ ਕਰਕੇ, ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉੱਧਰ ਨਗਰ ਕੌਂਸਲ ਬਨੂੰੜ ਦੇ ਕਾਂਗਰਸੀ ਪ੍ਰਧਾਨ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਕਾਫੀ ਚਿਰ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਜਾਂ ਅਹੁਦੇ ਤੋਂ ਅਸਤੀਫਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ। ਮੇਰੇ ਅਜਿਹਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਪੁਲਿਸ ਨੇ ਸਰਕਾਰ ਦੀ ਸ਼ਹਿ ਤੇ ਉਸ ਦੇ ਬੇਟੇ ਖਿਲਾਫ ਝੂਠਾ ਕੇਸ ਦਰਜ਼ ਕਰਵਾਇਆ ਹੈ।