ਮਾਮਲਾ ਪਹੁੰਚ ਗਿਆ ਡੀ.ਸੀ. ਦੇ ਦਰਬਾਰ
ਮਨੀ ਗਰਗ ,ਬਰਨਾਲਾ 5 ਜਨਵਰੀ 2023
ਹੋਰ ਤਾਂ ਹੋਰ ਹੁਣ ਆਧਾਰ ਕਾਰਡ ਵੀ ਜਾਲ੍ਹੀ ਬਣਨ ਲੱਗ ਪਏ ਹਨ। ਬਣਨ ਵੀ ਕਿਉਂ ਨਾ, ਜਦੋਂ ਜਾਲ੍ਹੀ ਫਰਜੀ ਦਸਤਾਵੇਜ ਤਿਆਰ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ,ਪ੍ਰਸ਼ਾਸਨਿਕ ਅਧਿਕਾਰੀ ਕੋਈ ਸਖਤ ਕਦਮ ਚੁੱਕਣ ਦੀ ਬਜਾਏ ਅਵੇਸਲੇ ਹੋਏ ਬੈਠੇ ਹਨ। ਜੀ ਹਾਂ , ਜਾਲ੍ਹੀ ਆਧਾਰ ਕਾਰਡ ਬਣਾਉਣ ਦਾ ਇਹ ਮਾਮਲਾ ਉਦੋਂ ਸਾਹਮਣੇ ਆਇਆ ,ਜਦੋਂ ਇੱਕ ਵਿਅਕਤੀ ਆਪਣਾ ਆਧਾਰ ਕਾਰਡ ਲੈ ਕੇ, ਖਾਤਾ ਖੁਲਵਾਉਣ ਲਈ ,ਬਰਨਾਲਾ ਦੀ ਇੱਕ ਬੈਂਕ ਵਿੱਚ ਪਹੁੰਚਿਆ। ਪਤਾ ਲੱਗਿਆ ਤਾਂ ਜਾਣੋ ਉਹਦੇ ਪੈਰਾਂ ਹੇਠੋਂ ਜਮੀਨ ਹੀ ਖਿਸਕ ਗਈ। ਇਸ ਦੀ ਸ਼ਕਾਇਤ ਡਿਪਟੀ ਕਮਿਸ਼ਨਰ ਕੋਲ ਪਹੁੰਚ ਗਈ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਅਜੈਬ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਵਾਰਡ ਨੰਬਰ 17, ਬਰਨਾਲਾ, ਹਾਲ ਅਬਾਦ ਇੰਦਰਾ ਕਲੋਨੀ, ਹੰਡਿਆਇਆ, ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦਾ ਅਧਾਰ ਕਾਰਡ ਨੰਬਰ 6827 5394 4609 ਗੁੰਮ ਹੋ ਗਿਆ ਸੀ। ਇਹ ਅਧਾਰ ਕਾਰਡ ਕਢਵਾਉਣ ਲਈ 3 ਜਨਵਰੀ 2023 ਨੂੰ ਉਸ ਦੀਆਂ ਬੇਟੀਆਂ , ਗਗਨ ਕੈਫੇ ਹੰਡਿਆਇਆ ਦੇ ਸੰਚਾਲਕ/ਮਾਲਿਕ ਦੀ ਦੁਕਾਨ ਤੇ ਗਈਆਂ ਤਾਂ ਗਗਨ ਕੈਫੇ ਵਾਲੇ ਨੇ ਉਸ ਦਾ ਅਧਾਰ ਕਾਰਡ ਬਣਾ ਕੇ ਦੇ ਦਿੱਤਾ ਤੇ ਉਸ ਨੇ 100 ਰੁਪਏ ਵਸੂਲ ਕਰ ਲਏ ।
ਅਜੈਬ ਸਿੰਘ ਨੇ ਦੱਸਿਆ ਕਿ ਮਿਤੀ 04-01-2023 ਨੂੰ ਉਹ ਆਪਣਾ ਬੈਂਕ ਖਾਤਾ ਖੁਲਵਾਉਣ ਸਬੰਧੀ ,, ਬੈਂਕ ਆਫ ਮਹਾਰਾਸਟਰਾ ਪੁਰਾਣਾ ਸਿਨੇਮਾ ਰੋਡ, ਬਰਨਾਲਾ ਵਿਖੇ ਗਿਆ ਤਾਂ ਬੈਂਕ ਵਾਲਿਆਂ ਨੇ ਗਗਨ ਕੈਫੇ ਵੱਲੋਂ ਤਿਆਰ ਕਰਕੇ, ਦਿੱਤਾ ਅਧਾਰ ਕਾਰਡ ਨੰਬਰ 682763944609 ਆਨ ਲਾਈਨ ਚੈਕ ਕੀਤਾ ਤਾਂ ਇਹ ਜਾਲ੍ਹੀ ਨਿਕਲਿਆ । ਫਿਰ ਉਹ 4 ਜਨਵਰੀ ਦੀ ਸ਼ਾਮ ਨੂੰ ਕਰੀਬ 4 ਕੁ ਵਜੇ ਗਗਨ ਕੈਫੇ ਮਾਲਿਕ/ਸੰਚਾਲਕ ਕੋਲ ਇਸ ਦੀ ਦਰਿਆਫਤ ਕਰਨ ਲਈ ਪਹੁੰਚਿਆਂ ਕਿ ਤੁਹਾਡੇ ਵੱਲੋਂ ਬਣਾ ਕੇ ਦਿੱਤਾ ਗਿਆ ਅਧਾਰ ਕਾਰਡ ਤਾਂ ਜਾਲ੍ਹੀ ਹੈ। ਪਰੰਤੂ ਕੈਫੇ ਮਾਲਿਕ ਇਸ ਗੱਲ ਦਾ ਕੋਈ ਤਸੱਲੀਬਖਸ਼ ਜੁਆਬ ਨਾ ਦੇ ਸਕਿਆ । ਅਜੈਬ ਸਿੰਘ ਮੁਤਾਬਿਕ ਕੈਫੇ ਵਾਲੇ ਨੇ ਕਿਹਾ ਕਿ ਤੂੰ ਜੋ ਕੁੱਝ ਮਰਜੀ ਕਰ ਲੈ, ਤੇ ਕਿਸੇ ਕੋਲ ਜਾ ਕੇ ਸ਼ਕਾਇਤ ਕਰ ਦੇ , ਮੈਂ ਜੋ ਕੀਤਾ, ਠੀਕ ਕੀਤਾ ਹੈ। ਮੈਂ ਕੋਈ ਅਜਿਹੇ ਕਾਰਡ ਜਾਂ ਹੋਰ ਦਸਤਾਵੇਜ ਪਹਿਲੀ ਵਾਰ ਨਹੀਂ, ਹਰ ਰੋਜ ਹੀ ਬਣਾ ਕੇ ਦਿੰਦਾ ਹਾਂ।
ਅਜੈਬ ਸਿੰਘ ਨੇ ਦੱਸਿਆ ਕਿ ਉਸ ਨੇ ਡੀਸੀ ਸਾਬ੍ਹ ਨੂੰ ਲਿਖਤੀ ਸ਼ਕਾਇਤ ਦੇ ਕੇ ਗੁਹਾਰ ਲਗਾਈ ਕਿ ਜਾਲ੍ਹੀ ਫਰਜੀ ਦਸਤਾਵੇਜ ਤਿਆਰ ਕਰਨ ਦਾ ਗੈਰਕਾਨੂੰਨੀ ਧੰਦਾ ਕਰਕੇ, ਲੋਕਾਂ ਨਾਲ ਕਥਿਤ ਤੌਰ ਤੇ ਠੱਗੀਆਂ ਕਰਨ ਵਾਲੇ ਕੈਫੇ ਮਾਲਿਕ/ਸੰਚਾਲਕ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਕੇ ਉਸ ਨੂੰ ਇਨਸਾਫ ਦਿੱਤਾ ਜਾਵੇ ਅਤੇ ਕੈਫੇ ਮਾਲਿਕ ਵੱਲੋਂ ਤਿਆਰ ਕੀਤੇ ਜਾ ਰਹੇ, ਦਸਤਾਵੇਜਾਂ ਦੀ ਡੂੰਘਾਈ ਨਾਲ ਪੜਤਾਲ ਵੀ ਕੀਤੀ ਜਾਵੇ ਤਾਂਕਿ ਜਾਲੀ ਫਰਜੀ ਦਸਤਾਵੇਜ ਤਿਆਰ ਕਰਨ ਦਾ ਧੰਦਾ ਬੰਦ ਕਰਵਾਕੇ,ਲੋਕਾਂ ਨੂੰ ਉਸ ਦੇ ਫਰਜੀਵਾੜੇ ਤੋਂ ਬਚਾਇਆ ਜਾਵੇ। ਉੱਧਰ ਜਦੋਂ ਗਗਨ ਕੈਫੇ ਵਾਲੇ ਨਾਲ ਮੋਬਾਇਲ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਅਜਿਹਾ ਕੋਈ ਵੀ ਆਧਾਰ ਕਾਰਡ ਬਣਾਏ ਜਾਣ ਤੋਂ ਸਾਫ ਇਨਕਾਰ ਕਰਦਿਆਂ ਹੋਰ ਸਵਾਲਾਂ ਦਾ ਕੋਈ ਠੋਸ ਜੁਆਬ ਦਿੱਤੇ ਬਿਨਾਂ ਫੋਨ ਕੱਟ ਦਿੱਤਾ।