07 ਜਨਵਰੀ ਨੂੰ ਸਮੁੱਚੇ ਪੰਜਾਬ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਾਰਚ ਕਰਕੇ ਦਿੱਤੇ ਜਾਣਗੇ ਮੰਗ ਪੱਤਰ:-ਮੋਰਚਾ ਆਗੂ
21 ਜਨਵਰੀ ਨੂੰ ਬਰਨਾਲਾ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਕਰਕੇ ਕੀਤਾ ਜਾਵੇਗਾ ਅਗਲੇ ਸੰਘਰਸਾਂ ਦਾ ਐਲਾਨ:-ਮੋਰਚਾ ਆਗੂ
ਹਰਿੰਦਰ ਨਿੱਕਾ , ਬਰਨਾਲਾ 5 ਜਨਵਰੀ 2023
ਆਊਟਸੋਰਸਿੰਗ ਕਰਮਚਾਰੀ ਯੂਨੀਅਨ,ਦਫਤਰ ਡਿਪਟੀ ਕਮਿਸ਼ਨਰ (ਪੰਜਾਬ) ਦੇ ਬੈਨਰ ਹੇਠ ਡੀ ਸੀ ਦਫਤਰ ਬਰਨਾਲਾ ਦੇ ਆਊਟਸੋਰਸਿੰਗ ਮੁਲਾਜਮਾਂ ਵੱਲੋਂ ਮਿਤੀ 30.12.2022 ਤੋਂ ਆਪਣੇ ਰੁਜਗਾਰ ਨੂੰ ਬਚਾਉਣ ਲਈ ਸ਼ੁਰੂ ਕੀਤਾ ਗਿਆ ਮੋਰਚਾ ਅੱਜ ਅੱਠਵੇਂ ਦਿਨ ਚ ਸ਼ਾਮਲ ਹੋ ਗਿਆ ਹੈ । ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓ.ਐਸ.ਡੀ ਹਸਨਪ੍ਰੀਤ ਭਾਰਦਵਾਜ ਧਰਨੇ ਵਾਲੀ ਥਾਂ ਤੇ ਧਰਨਾਕਾਰੀਆਂ ਨੂੰ ਮੰਗਾਂ ਮੰਨ ਲੈਣ ਦਾ ਭਰੋਸਾ ਦੇ ਕੇ, ਧਰਨਾ ਸਮਾਪਤ ਕਰਵਾਉਣ ਲਈ ਪਹੁੰਚੇ। ਪਰ ਧਰਨਾਕਾਰੀਆਂ ਨੇ ਉਨਾਂ ਨੂੰ ਬਿਨਾਂ ਲਿਖਤੀ ਭਰੋਸੇ ਤੋਂ ਦੋ ਟੁੱਕ ਨਾਂਹ ਕਰਕੇ, ਬੇਰੰਗ ਮੋੜ ਦਿੱਤਾ। ਬੇਸ਼ੱਕ ਭਾਰਦਵਾਜ਼ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਸੀ ਕਿ ਕਿਸੇ ਵੀ ਮੁਲਾਜਮ ਨੂੰ ਫਾਰਗ ਨਹੀ ਕੀਤਾ ਜਾਵੇਗਾ ਅਤੇ ਜਲਦੀ ਹੀ ਮਹਿਲ ਕਲਾਂ ਸਬ ਡਵੀਜ਼ਨ ਚਲਾਈ ਜਾਵੇਗੀ ਅਤੇ ਮਹਿਲ ਕਲਾਂ ਦੀਆਂ 21 ਸੈਕਸ਼ਨ ਪੋਸਟਾਂ ਤੇ ਤੁਹਾਨੂੰ ਰੱਖਿਆ ਜਾਵੇਗਾ । ਓਐਸਡੀ ਵੱਲੋਂ ਵਾਰ ਵਾਰ ਧਰਨਾ ਸਮਾਪਤ ਕਰਨ ਲਈ ਬੇਨਤੀ ਕੀਤੀ ਗਈ , ਪਰ ਇਹਨਾਂ ਆਊਟਸੋਰਸਿੰਗ ਮੁਲਾਜਮਾਂ ਵੱਲੋਂ ਓਦੋ ਤੱਕ ਧਰਨਾ ਸਮਾਪਤ ਕਰਨ ਤੋਂ ਮਨਾ ਕਰ ਦਿੱਤਾ , ਜਦੋਂ ਤੱਕ ਕੋਈ ਲਿਖਤੀ ਭਰੋਸਾ ਨਹੀ ਦਿੱਤਾ ਜਾਂਦਾ। ਅੱਜ ਦੇ ਧਰਨੇ ਨੂੰ ਸੂਬਾ ਪ੍ਰਧਾਨ ਰਮਨਪ੍ਰੀਤ ਕੌਰ ਮਾਨ,ਸੂਬਾ ਜਰਨਲ ਸਕੱਤਰ ਵੀਰਪਾਲ ਕੌਰ, ਮਨਦੀਪ ਸਿੰਘ,ਊਸਾ,ਨਿਸ਼ਾ ਰਾਣੀ,ਪ੍ਰੀਤੀ ਗਰਗ,ਬਲਵਿੰਦਰ ਸਿੰਘ ਚੰਨੀ ਨੇ ਵੀ ਸੰਬੋਧਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਅਹਿਦ ਲਿਆ ਕਿ ਜਿੰਨ੍ਹੀਂ ਦੇਰ ਤੱਕ, ਉਨਾਂ ਨੂੰ ਫਾਰਗ ਨਾ ਕਰਨ ਅਤੇ ਸੇਵਾਵਾਂ ਜ਼ਾਰੀ ਰੱਖਣ ਦਾ ਲਿਖਤੀ ਭਰੋਸਾ ਨਹੀਂ ਮਿਲਦਾ, ਸੰਘਰਸ਼ ਜ਼ਾਰੀ ਰਹੇਗਾ।