ਇੱਕ ਜਖਮੀ ਹੋਇਆ ਹਸਪਤਾਲ ਵਿੱਚ ਦਾਖਿਲ, ਪੁਲਿਸ ਨੇ ਲਿਆ ਬਿਆਨ
ਅਨੁਭਵ ਦੂਬੇ , ਬਰਨਾਲਾ 1 ਜਨਵਰੀ 2023
ਨਵੇਂ ਵਰ੍ਹੇ ਦਾ ਜਸ਼ਨ ਮਨਾਉਣ ਲਈ ਪੁਰਾਣਾ ਸਿਨੇਮਾ ਦੇ ਨੇੜੇ ਡੀਐਚ ਹੋਟਲ ਵਿਖੇ ਪਹੁੰਚੇ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਤੂੰ-ਤਕਰਾਰ ਤੋਂ ਬਾਅਦ ਗਹਿਗੱਚ ਲੜਾਈ ਹੋ ਗਈ। ਵੇਖਦੇ ਹੀ ਵੇਖਦੇ, ਜਸ਼ਨ ਦਾ ਮੌਕਾ ਜੰਗ ਦੇ ਮੈਦਾਨ ਵਿੱਚ ਬਦਲ ਗਿਆ। ਖੂਨੀ ਝੜਪ ਦੌਰਾਨ ਹੋਟਲ ਦੇ ਕੁੱਝ ਸ਼ੀਸ਼ੇ ਵੀ ਚਕਨਾਚੂਰ ਹੋ ਗਏ। ਝੜਪ ਨੂੰ ਰੋਕਣ ਲਈ, ਪੁਲਿਸ ਨੂੰ ਮੌਕੇ ਤੇ ਬਲਾਉਣਾ ਪਿਆ, ਝਗੜੇ ਵਿੱਚ ਜਖਮੀ ਹੋਏ ਇੱਕ ਨੌਜਵਾਨ ਨੂੰ ਖੂਨ ਨਾਲ ਲੱਥ ਪੱਥ ਹਾਲਤ ਵਿੱਚ ਦੇਰ ਰਾਤ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਕਰਵਾਉਣਾ ਪਿਆ। ਹਸਪਤਾਲ ਵਿਖੇ ਦਾਖਿਲ ਨੌਜਵਾਨ ਵਿਪਨ ਗੋਇਲ ਵਾਸੀ ਜੰਡਾਂ ਵਾਲਾ ਰੋਡ ਬਰਨਾਲਾ ਨੇ ਦੱਸਿਆ ਕਿ ਨਵੇਂ ਸਾਲ ਦਾ ਜਸ਼ਨ ਮਣਾਉਣ ਲਈ, ਡੀਐਚ. ਹੋਟਲ ਵਾਲਿਆਂ ਨੇ ਵਿਸ਼ੇਸ਼ ਪੈਕਜ਼ ਰੱਖਿਆ ਸੀ। ਮੈਂ ਆਪਣਾ ਤੇ ਆਪਣੇ ਦੋਸਤਾਂ ਦਾ ਇੱਕ ਹਜ਼ਾਰ ਰੁਪਏ ਦੇ ਹਿਸਾਬ ਨਾਲ ਕੁੱਲ 7 ਹਜ਼ਾਰ ਰੁਪਏ ਜਮ੍ਹਾਂ ਕਰਵਾਇਆ। ਰਾਤ ਕਰੀਬ 12 ਵਜੇ ਹੋਟਲ ਵਿੱਚ ਇਕੱਠੇ ਹੋਏ ਕੁੱਝ ਸ਼ਰਾਬੀ ਮੁੰਡਿਆਂ ਨੇ ਜਿਆਦਾ ਸ਼ਰਾਬ ਪੀ ਕੇ, ਸਾਨੂੰ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਤੇ ਖਰੂਦ ਪਾਉਣ ਲੱਗ ਪਏ। ਰੋਕਣ ਤੇ ਹੁੰਡਦੰਗੀਆਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਮੈਨੂੰ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਸ਼ਰਾਬ ਦੀ ਬੋਤਲ ਮੇਰੇ ਸਿਰ ਵਿੱਚ ਮਾਰੀ। ਮਾਰਤਾ ਮਾਰਤਾ ਦਾ ਰੌਲਾ ਪਾਇਆ ਤਾਂ ਮੈਨੂੰ ਮੇਰੇ ਮੌਕੇ ਤੇ ਮੌਜੂਦ ਦੋਸਤਾਂ ਨੇ ਐਂਬੂਲੈਂਸ ਮੰਗਵਾ ਕੇ, ਹਸਪਤਾਲ ਦਾਖਿਲ ਕਰਵਾਇਆ। ਉਨ੍ਹਾਂ ਕਿਹਾ ਕਿ ਮੈਂ ਹੁੰਡਦੰਗੀਆਂ ਨੂੰ ਨਹੀਂ ਜਾਣਦਾ, ਪਰੰਤੂ ਸਾਹਮਣੇ ਆਉਣ ਤੇ ਪਛਾਣ ਸਕਦਾ ਹਾਂ। ਉਨਾਂ ਕਿਹਾ ਕਿ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਅਤੇ ਹੋਟਲ ਮਾਲਿਕਾਂ ਦੇ ਕੋਲ ਜਮ੍ਹਾਂ ਅਧਾਰ ਕਾਰਡਾਂ ਤੋਂ ਪਹਿਚਾਣ ਕਰਕੇ,ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੋਟਲ ਮਾਲਿਕ ਭਰਤ ਕੁਮਾਰ ਨੇ ਹੋਟਲ ਵਿੱਚ ਹੋਏ ਝਗੜੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੋਟਲ ਵਿੱਚ ਸ਼ਰਾਬ ਪਿਲਾਉਣ ਲਈ, ਉਨ੍ਹਾਂ ਕੋਲ ਬਕਾਇਦਾ LF D ਲਾਇਸੰਸ ਹੈ। ਇਸ ਲਈ ਉਨਾਂ ਨੂੰ ਕੋਈ ਹੋਰ ਮੰਜੂਰੀ ਲੈਣ ਦੀ ਜਰੂਰਤ ਨਹੀਂ ਹੈ। ਉਨਾਂ ਕਿਹਾ ਕਿ ਝਗੜੇ ਸਬੰਧੀ ਸੂਚਨਾ, ਉਨਾਂ 112 ਨੰਬਰ ਤੇ ਦੇ ਦਿੱਤੀ ਸੀ। ਉਨਾਂ ਕਿਹਾ ਕਿ ਹੋਟਲ ਦੇ ਸ਼ੀਸ਼ੇ ਤੋੜਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਬਕਾਰੀ ਵਿਭਾਗ ਦੇ ਇੰਸਪੈਕਟਰ ਰਜਨੀਸ਼ ਕੁਮਾਰ ਨੇ ਕਿਹਾ ਕਿ ਹੋਟਲ ਵਾਲਿਆਂ ਕੋਲ ਬੇਸ਼ੱਕ LF D ਲਾਇਸੰਸ ਤਾਂ ਹੈ, ਪਰੰਤੂ ਕਿਸੇ ਮੌਕੇ ਸ਼ਰਾਬ ਪਿਲਾਉਣ ਲਈ, L 50 ਪਰਮਿਟ ਲੈਣਾ ਲਾਜ਼ਿਮੀ ਹੈ, ਜਿਹੜਾ ਹੋਟਲ ਵਾਲਿਆਂ ਨੇ ਮਹਿਕਮੇ ਤੋਂ ਨਹੀਂ ਲਿਆ। ਉੱਧਰ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੇ ਹਸਪਤਾਲ ਵਿੱਚ ਦਾਖਿਲ ਨੋਜ਼ਵਾਨ ਦੇ ਬਿਆਨ ਕਲਮਬੰਦ ਕਰ ਲਏ, ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।