51 ਦੁੱਧ ਦੇ ਸੈਂਪਲਾਂ ‘ਚੋਂ 40 ਸੈਂਪਲ ਰਹੇ ਮਿਆਰ ਤੋਂ ਘੱਟ
ਰਾਜੇਸ਼ ਗੋਤਮ , ਪਟਿਆਲਾ, 14 ਦਸੰਬਰ 2022
ਡੇਅਰੀ ਵਿਕਾਸ ਵਿਭਾਗ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੁੱਧ ਜਾਗਰੂਕਤਾ ਮੁਹਿੰਮ ਤਹਿਤ ਬੱਚਿਆਂ ਨੂੰ ਦੁੱਧ ਦੀ ਗੁਣਵੱਤਾ ਅਤੇ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਵੱਲੋਂ ਲਿਆਂਦੇ ਗਏ ਦੁੱਧ ਦੇ ਸੈਂਪਲਾਂ ਦੀ ਜਾਂਚ ਵੀ ਕੀਤੀ ਗਈ ਅਤੇ 51 ਦੁੱਧ ਦੇ ਸੈਂਪਲਾਂ ਵਿਚੋਂ 40 ਸੈਂਪਲ ਮਿਆਰਾਂ ਤੋਂ ਘੱਟ ਅਤੇ 11 ਸੈਂਪਲ ਮਿਆਰ ਅਨੁਸਾਰ ਪਾਏ ਗਏ।
ਕੈਂਪ ਦੌਰਾਨ ਡਿਪਟੀ ਡਾਇਰੈਕਟਰ ਡੇਅਰੀ ਵਨੀਤ ਕੌੜੀ ਦੀ ਰਹਿਨੁਮਾਈ ਹੇਠ ਲਗਾਏ ਕੈਂਪ ਦੌਰਾਨ ਦਰਸ਼ਨ ਸਿੰਘ ਸਿੱਧੂ (ਸੇਵਾਮੁਕਤ ਮੈਨੇਜਰ ਵੇਰਕਾ) ਨੇ ਵਿਦਿਆਰਥੀਆਂ ਨੂੰ ਦੁੱਧ ਦੀ ਮਹੱਤਤਾ ਅਤੇ ਦੁੱਧ ਦੀ ਗੁਣਵੱਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ (ਸੇਵਾਮੁਕਤ) ਅਸ਼ੋਕ ਰੌਣੀ ਨੇ ਵਿਦਿਆਰਥੀਆਂ ਨੂੰ ਕੋਲਡ ਡਰਿੰਕ, ਜੰਕ ਫੂਡਜ਼ ਲੈਣ ਦੀ ਬਜਾਏ ਦੁੱਧ ਅਤੇ ਦੁੱਧ ਦੇ ਬਣੇ ਪਦਾਰਥ ਲੈਣ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਰੀਰ ਲਈ, ਹੱਡੀਆਂ ਦੀ ਮਜ਼ਬੂਤੀ ਲਈ ਅਤੇ ਦਿਮਾਗ਼ੀ ਵਿਕਾਸ ਲਈ ਜੋ ਪ੍ਰੋਟੀਨ, ਕੈਲਸ਼ੀਅਮ ਅਤੇ ਹੋਰ ਜ਼ਰੂਰੀ ਤੱਤ ਜ਼ਰੂਰੀ ਹਨ ਉਹ ਦੁੱਧ ਰਾਹੀਂ ਪ੍ਰਾਪਤ ਹੋ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਵੀ ਵਿਸਥਾਰ ਵਿੱਚ ਚਾਨਣਾ ਪਾਇਆ। ਇਸ ਮੌਕੇ ਡੇਅਰੀ ਵਿਕਾਸ ਇੰਸਪੈਕਟਰ ਕੁਲਵਿੰਦਰ ਸਿੰਘ ਵੱਲੋਂ ਬੱਚਿਆਂ ਵੱਲੋਂ ਲਿਆਂਦੇ ਗਏ 51 ਦੁੱਧ ਦੇ ਸੈਂਪਲ ਟੈਸਟ ਕੀਤੇ ਗਏ ਜਿਨ੍ਹਾਂ ਵਿੱਚ 40 ਸੈਂਪਲ ਮਿਆਰਾਂ ਤੋਂ ਘੱਟ ਅਤੇ 11 ਸੈਂਪਲ ਮਿਆਰਾਂ ਅਨੁਸਾਰ ਪਾਏ ਗਏ। ਇਨ੍ਹਾਂ ਸੈਂਪਲਾਂ ਦੀ ਯੂਰੀਆ, ਨਿਊਟ੍ਰਾਲਾਇਜਰ ਆਦਿ ਕੈਮੀਕਲਾਂ ਸਬੰਧੀ ਜਾਂਚ ਵੀ ਕੀਤੀ ਗਈ ਜਿਨ੍ਹਾਂ ਵਿੱਚ ਕੋਈ ਵੀ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ।
ਇਸ ਮੌਕੇ ਸਕੂਲ ਪ੍ਰਿੰਸੀਪਲ ਸੁਖਵਿੰਦਰ ਕੁਮਾਰ ਨੇ ਡੇਅਰੀ ਵਿਕਾਸ ਵਿਭਾਗ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਦੁੱਧ ਜਾਗਰੂਕਤਾ ਕੈਂਪ ਦਾ ਵਿਦਿਆਰਥੀਆਂ ਨੂੰ ਕਾਫ਼ੀ ਲਾਭ ਹੋਇਆ ਹੈ ਤੇ ਵਿਦਿਆਰਥੀਆਂ ਨੂੰ ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੀ ਵਰਤੋਂ ਕਰਨ ਦੀ ਪ੍ਰੇਰਣਾ ਮਿਲੀ ਹੈ। ਉਨ੍ਹਾਂ ਡੇਅਰੀ ਵਿਭਾਗ ਨੂੰ ਤਿਉਹਾਰਾਂ ਦੇ ਦਿਨਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਤਰ੍ਹਾਂ ਦੇ ਕੈਂਪ ਸਕੂਲਾਂ ਵਿੱਚ ਵੱਧ ਤੋਂ ਵੱਧ ਲਗਾਉਣ ਲਈ ਕਿਹਾ ਤਾਂ ਜੋ ਬੱਚੇ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਸਕਣ।