5 ਦਸੰਬਰ ਨੂੰ ਪ੍ਰਿੰਸੀਪਲ ਨੂੰ ਕਾਰਵਾਈ ਦੀ ਰਿਪੋਰਟ ਸਣੇ ਪੇਸ਼ ਹੋਣ ਦਾ ਹੁਕਮ
ਵਾਈ.ਐਸ. ਸਕੂਲ ‘ਚ ਗੁੰਡਾਗਰਦੀ ਦੇ ਹੋਏ ਨੰਗੇ ਨਾਚ ਤੇ ਪ੍ਰਬੰਧਕਾਂ ਦੀ ਧਾਰੀ ਚੁੱਪ ਦਾ ਮਾਮਲਾ
ਹਰਿੰਦਰ ਨਿੱਕਾ , ਬਰਨਾਲਾ 1 ਦਸੰਬਰ 2022
ਵਾਈ.ਐਸ. ਸਕੂਲ ਹੰਡਿਆਇਆ ‘ਚ ਕਰੀਬ ਇੱਕ ਮਹੀਨਾ ਪਹਿਲਾਂ ਸ਼ਰੇਆਮ ਹੋਈ ਗੁੰਡਾਗਰਦੀ ਦੇ ਨੰਗੇ ਨਾਚ ਤੋਂ ਬਾਅਦ , ਸਕੂਲ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਵੱਲੋਂ ਧਾਰੀ ਸਾਜ਼ਿਸ਼ੀ ਚੁੱਪ ਨੂੰ ਟੂਡੇ ਨਿਊਜ਼ ਨੈਟਵਰਕ ਨੇ ਅਜਿਹਾ ਉਭਾਰਿਆ ਕਿ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੀ ਹਰਕਤ ਵਿੱਚ ਆ ਗਿਆ। ਕਮਿਸ਼ਨ ਨੇ ਟੂਡੇ ਨਿਊਜ਼ ਦੀ ਖਬਰ ਦੀ ਕਲਿਪ ਵਾਈ.ਐਸ. ਸਕੂਲ ਹੰਡਿਆਇਆ ਦੀ ਪ੍ਰਿੰਸੀਪਲ ਨੂੰ ਭੇਜ ਕੇ, 5 ਦਸੰਬਰ ਨੂੰ ਤਲਬ ਕਰ ਲਿਆ ਹੈ। ਕਮਿਸ਼ਨ ਦੇ ਵਾ.ਵਾਈਸ ਚੇਅਰਮੈਨ ਦੀ ਨਿੱਜੀ ਸਹਾਇਕ ਰਣਜੀਤ ਕੌਰ ਨੇ ਸਕੂਲ ਪ੍ਰਿੰਸੀਪਲ ਨੂੰ ਮੀਮੋ- ਨੰਬਰ- -C-1/ SM / 90/ BRN/2022 / 621 ਮਿਤੀ-1 ਦਸੰਬਰ 2022 ਜ਼ਾਰੀ ਕੀਤਾ ਹੈ।
ਪੱਤਰ ਦਾ ਮਜਮੂਨ ਕੁੱਝ ਇਸ ਤਰਾਂ ਹੈ:-
ਵਿਸ਼ਾ- YS ਸਕੂਲ ਚ ਗੁੰਡਾਗਰਦੀ ਦਾ ਨੰਗਾ ਨਾਚ, ਪ੍ਰਬੰਧਕ ਚੁੱਪ ‘ ਦੇ ਮਾਮਲੇ ਸਬੰਧੀ।
ਰਾਜ ਸਰਕਾਰ ਵੱਲੋਂ ਆਪਣੀ ਨੋਟੀਫਿਕੇਸ਼ਨ ਮਿਤੀ 14,042011 ਰਾਹੀਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦਾ ਗਠਨ ਭਾਰਤ ਸਰਕਾਰ ਦੇ “ ਦਾ ਕਮਿਸ਼ਨਜ਼ ਫਾਰ ਦਾ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਜ਼ ਐਕਟ 2005 ਤਹਿਤ ਰਾਜ ਵਿੱਚ ਬਾਲ ਅਧਿਕਾਰਾਂ ਦੀ ਸੁਰੱਖਿਆ ਕਰਨ ਲਈ ਕੀਤਾ ਗਿਆ ਹੈ। ਇਸ ਐਕਟ ਦੀ ਧਾਰਾ 13 ਅਧੀਨ ਕਮਿਸ਼ਨ ਪਾਸ ਬਾਲ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਪ੍ਰਾਪਤ ਹੋਈਆਂ ਸ਼ਿਕਾਇਤਾਂ ਬਾਰੇ ਇਨਕੁਆਰੀ ਕਰਨ ਅਤੇ ਉਹਨਾਂ ਬਾਰੇ ਸੂਮੋਂਟੇ ਨੋਟਿਸ ਲੈਣ ਦਾ ਅਧਿਕਾਰ ਹੈ। ਉਪਰੋਕਤ ਵਿਸ਼ਾ ਅੰਕਿਤ ਮਾਮਲੇ ਸਬੰਧੀ ਕਮਿਸ਼ਨ ਵੱਲੋਂ ਸੂਮੋਟੇ ਨੋਟਿਸ ਲਿਆ ਗਿਆ, ਵੀਡੀਓ ਦਾ ਲਿੰਕ ਆਪ ਨੂੰ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਇਸ ਮਾਮਲੇ ਸਬੰਧੀ ਮੁਕੰਮਲ ਸੂਚਨਾ ਅਤੇ ਕੀਤੀ ਗਈ ਕਾਰਵਾਈ ਬਾਰੇ ਮਿਤੀ 05:12:2072 ਨੂੰ ਸਵੇਰੇ 10:00 ਵਜੇ ਸਮੇਤ ਰਿਪੋਰਟ ਕਮਿਸ਼ਨ ਵਿਖੇ ਨਿੱਜੀ ਤੌਰ ਤੇ ਹਾਜਰ ਹੋਇਆ ਜਾਵੇ। ਵਰਣਨਯੋਗ ਹੈ ਕਿ ਉਕਤ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਦੋ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀੳ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਜਿਸ ਦੇ ਅਧਾਰ ਤੇ ਬਰਨਾਲਾ ਟੂਡੇ/ ਟੂਡੇ ਨਿਊਜ਼ ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਕਮਿਸ਼ਨ ਨੇ ਸੂਮੋਟੋ ਨੋਟਿਸ ਲਿਆ ਹੈ। ਉੱਧਰ ਕੁੱਟਮਾਰ ਤੋਂ ਪੀੜਤ ਵਿਦਿਆਰਥੀ ਸੁਸ਼ਾਂਤ ਦੇ ਪਿਤਾ ਰਾਜੇਸ਼ ਕੁਮਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਸ.ਐਚ.ੳ. ਨੂੰ ਦਿੱਤੀ ਸ਼ਕਾਇਤ ਤੇ ਪੁਲਿਸ ਨੇ ਵੀ ਜਾਂਚ ਸ਼ੁਰੂ ਕਰਕੇ, ਉਚਿਤ ਕਾਨੂੰਨੀ ਕਾਰਵਾਈ ਕਰਨ ਲਈ ਕਮਰ ਕਸ ਲਈ ਹੈ। ਇਸ ਸਬੰਧੀ ਥਾਣਾ ਸਦਰ ਬਰਨਾਲਾ ਦੇ ਐਸ.ਐਚ.ੳ. ਗੁਰਤਾਰ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਉਨ੍ਹਾਂ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਸਰਬਜੀਤ ਸਿੰਘ ਨੂੰ ਨਾਲ ਲੈ ਕੇ, ਸਕੂਲ ਵਿੱਚ ਵਾਪਰੀ ਘਟਨਾ ਦੀ ਪੜਤਾਲ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਿੰਸੀਪਲ ਅਨੁਸਾਰ ਉਨ੍ਹਾਂ ਘਟਨਾ ਦੀ ਪੜਤਾਲ ਸਬੰਧੀ ਇੱਕ ਕਮੇਟੀ ਬਣਾ ਕੇ ਖੁਦ ਆਪਣੇ ਪੱਧਰ ਤੇ ਵੀ ਪੜਤਾਲ ਸ਼ੁਰੂ ਕੀਤੀ ਹੋਈ ਹੈ। ਐਸ.ਐਚ.ੳ. ਨੇ ਕਿਹਾ ਕਿ ਪੀੜਤ ਵਿਦਿਆਰਥੀ ਅਤੇ ਉਸ ਦੇ ਪਿਤਾ ਦੇ ਬਿਆਨ ਕਲਮਬੰਦ ਕਰਕੇ, ਅਤੇ ਮਾਨਯੋਗ ਆਲ੍ਹਾ ਅਫਸਰਾਨ ਦੀ ਸਲਾਹ ਅਤੇ ਦਿਸ਼ਾ ਨਿਰਦੇਸ਼ ਮੁਤਾਬਿਕ ਅਗਲੀ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨਾਮਜ਼ਦ ਦੋਸ਼ੀਆਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ।