ਦਵਿੰਦਰ ਡੀ ਕੇ/ ਲੁਧਿਆਣਾ, 02 ਨਵੰਬਰ 2022
ਕਰਮਚਾਰੀ ਰਾਜ ਬੀਮਾ ਨਿਗਮ (ਈ.ਐਸ.ਆਈ.ਸੀ.) ਵੱਲੋਂ 31 ਅਕਤੂਬਰ ਤੋਂ 06 ਨਵੰਬਰ, 2022 ਤੱਕ ਨਿਗਮ ਦੇ ਉਪ ਖੇਤਰੀ ਦਫ਼ਤਰ ਲੁਧਿਆਣਾ ਅਤੇ ਇਸ ਦੇ ਅਧੀਨ ਸ਼ਾਖਾ ਦਫ਼ਤਰਾਂ ਵਿੱਚ ਵਿਜੀਲੈਂਸ ਜਾਗਰੂਕਤਾ ਹਫ਼ਤਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਹਫ਼ਤਾ ਭਰ ਜਾਰੀ ਇਸ ਪ੍ਰੋਗਰਾਮ ਦੀ ਲੜੀ ਤਹਿਤ ਅੱਜ ਉਪ ਖੇਤਰੀ ਦਫ਼ਤਰ, ਲੁਧਿਆਣਾ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੰਵਰ ਅਜੈ ਸਿੰਘ, ਕਾਰਜਕਾਰੀ ਡਿਪਟੀ ਡਾਇਰੈਕਟਰ (ਇੰਚਾਰਜ) ਵਲੋਂ ਸਤਿਆਵਾਨ ਸਿੰਘ, ਸਹਾਇਕ ਡਾਇਰੈਕਟਰ, ਅਸ਼ਵਨੀ ਸੇਠ, ਸਹਾਇਕ ਡਾਇਰੈਕਟਰ ਦੇ ਨਾਲ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਆਪਣੇ ਸੰਬੋਧਨ ਵਿੱਚ ਕੇ.ਅਜੈ ਸਿੰਘ, ਡਿਪਟੀ ਡਾਇਰੈਕਟਰ (ਇੰਚਾਰਜ) ਨੇ ਵਿਜੀਲੈਂਸ ਜਾਗਰੂਕਤਾ ਸਪਤਾਹ ਦੀ ਮਹੱਤਤਾ ਅਤੇ ਇਸ ਦੇ ਥੀਮ ‘ਭ੍ਰਿਸ਼ਟਾਚਾਰ ਮੁਕਤ ਭਾਰਤ – ਵਿਕਸਿਤ ਭਾਰਤ’ ਬਾਰੇ ਚਾਨਣਾ ਪਾਇਆ।
ਉਪ ਖੇਤਰੀ ਦਫ਼ਤਰ ਲੁਧਿਆਣਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ 31 ਅਕਤੂਬਰ ਨੂੰ ਇਮਾਨਦਾਰੀ ਦੀ ਸਹੁੰ ਚੁੱਕ ਕੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ। ਮੰਗਲਵਾਰ, 01 ਨਵੰਬਰ 2022 ਨੂੰ, ਯੂ.ਐਸ.ਪੀ.ਸੀ. ਜੈਨ ਪਬਲਿਕ ਸਕੂਲ ਵਿਖੇ ਇੱਕ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿੱਥੇ ਅਸ਼ਵਨੀ ਕੁਮਾਰ ਸੇਠ, ਸਹਾਇਕ ਡਾਇਰੈਕਟਰ ਸਮੇਤ ਹੋਰ ਅਧਿਕਾਰੀ, ਸੰਦੀਪ ਸਲੂਜਾ, ਐਸ.ਐਸ.ਓ ਅਤੇ ਅੰਕਾਂਕਸ਼ਾ ਰਹੇਜਾ, ਐਸ.ਐਸ.ਓ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਇਮਾਨਦਾਰੀ ਦੀ ਸਹੁੰ ਚੁਕਾਈ ਅਤੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਮੁਕਤ ਵਿਕਸਤ ਭਾਰਤ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸਲੋਗਨ ਲਿਖਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਵਿੰਨੀ ਮਲਹੋਤਰਾ ਨੇ ਸਕੂਲ ਵਿੱਚ ਆਊਟਰੀਚ ਪ੍ਰੋਗਰਾਮ ਕਰਵਾਉਣ ਲਈ ਨਿਗਮ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਵਿਜੀਲੈਂਸ ਜਾਗਰੂਕਤਾ ਸਪਤਾਹ ਦੌਰਾਨ, ਭਲਕੇ 03 ਨਵੰਬਰ 2022 ਨੂੰ ਉਪ ਖੇਤਰੀ ਦਫਤਰ, ਲੁਧਿਆਣਾ ਵਿਖੇ ਇੱਕ ਕੁਇਜ਼ ਮੁਕਾਬਲਾ ਅਤੇ 04 ਨਵੰਬਰ ਨੂੰ ਇੱਕ ਵਿਸ਼ੇਸ਼ ਸੁਵਿਧਾ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਲੁਧਿਆਣਾ ਖੇਤਰ ਦੇ ਕਰਮਚਾਰੀ ਰਾਜ ਬੀਮਾ ਨਿਗਮ ਅਧੀਨ ਰੁਜ਼ਗਾਰਦਾਤਾ ਅਤੇ ਬੀਮਾਯੁਕਤ ਵਿਅਕਤੀ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਵਾ ਸਕਦੇ ਹਨ।