ਜੋਤੀ ਦੇ ਭਰਾ ਦਾ ਦੋਸ਼, ਯੂਨੀਵਰਸਿਟੀ ਦਾ ਕਲਰਕ ਜਗਦੇਵ ਸਿੰਘ ਉਸਦੀ ਭੈਣ ਨੂੰ ਵਿਆਹ ਲਈ ਕਰ ਰਿਹਾ ਸੀ ਮਜਬੂਰ
ਅਸ਼ੋਕ ਵਰਮਾ ਬਠਿੰਡਾ,11ਮਈ 2020
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਜੋਤੀ ਨਾਂ ਦੀ ਕਲਰਕ ਦੀ ਭੇਦ ਭਰੀ ਮੌਤ ਦੇ ਮਾਮਲੇ ’ਚ ਜਿਲ੍ਹਾ ਪੁਲਿਸ ਨੇ ਕਤਲ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਕੈਨਾਲ ਕਲੋਨੀ ਪੁਲਿਸ ਨੇ ਮ੍ਰਿਤਕਾ ਦੇ ਭਰਾ ਸੋਨੂੰ ਦੇ ਬਿਆਨਾਂ ਦੇ ਅਧਾਰ ਤੇ ਯੂਨੀਵਰਸਿਟੀ ਦੇ ਫਾਰਮੇਸੀ ਵਿਭਾਗ ਦੇ ਕਲਰਕ ਜਗਦੇਵ ਸਿੰਘ ਅਤੇ ਹੋਰ ਅਣਪਛਾਤਿਆਂ ਨੂੰ ਧਾਰਾ 302 ਤਹਿਤ ਨਾਮਜਦ ਕੀਤਾ ਹੈ। ਸੋਨੂੰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਜੋਤੀ ਵਰਸਿਟੀ ’ਚ ਡਾਟਾਂ ਐਂਟਰੀ ਆਪਰੇਟਰ ਵਜੋਂ ਕੰਮ ਕਰਦੀ ਸੀ । ਜਿਸ ਤੇ ਜਗਦੇਵ ਸਿੰਘ ਵਿਆਹ ਲਈ ਦਬਾਅ ਪਾਉਂਦਾ ਸੀ। ਬਿਆਨਾਂ ’ਚ ਦੱਸਿਆ ਹੈ ਕਿ ਉਸ ਨੂੰ ਫੋਨ ਆਇਆ ਸੀ ਕਿ ਉਸ ਦੀ ਭੈਣ ਨੇ ਛੱਤ ਤੋਂ ਛਾਲ ਮਾਰ ਦਿੱਤੀ ਹੈ । ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਸੋਨੂੰ ਨੇ ਕਿਹਾ ਹੈ ਕਿ ਉਸ ਨੂੰ ਸ਼ੱਕ ਹੈ ਕਿ ਜਗਦੇਵ ਸਿੰਘ ਨੇ ਅਣਪਛਾਤਿਆਂ ਨਾਲ ਮਿਲ ਕੇ ਉਸ ਦੀ ਭੈਣ ਨੂੰ ਕਥਿਤ ਤੌਰ ਤੇ ਛੱਤ ਤੋਂ ਹੇੇਠਾਂ ਸੁੱਟ ਕੇ ਕਥਿਤ ਕਤਲ ਕੀਤਾ ਹੈ।
ਦੱਸੋਣਯੋਗ ਹੈ ਕਿ ਮਿ੍ਰਤਕਾ ਜੋਤੀ (26) ਪੁੱਤਰੀ ਬਲਵੀਰ ਚੰਦ ਲਾਈਨੋਪਾਰ ਇਲਾਕੇ ਦੀ ਅਮਰਪੁਰਾ ਬਸਤੀ ਦੀ ਵਸਨੀਕ ਸੀ ਜੋਕਿ ਐਤਵਾਰ ਨੂੰ ਡਿਊਟੀ ਤੇ ਗਈ ਸੀ। ਪ੍ਰੀਵਾਰ ਦਾ ਕਹਿਣਾ ਸੀ ਕਿ ਐਤਵਾਰ ਨੂੰ ਡਿਊਟੀ ਜਾਣਾ ਹੈਰਾਨੀ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਜੋਤੀ ਨੇ ਕੁੱਝ ਸਾਥੀ ਕਰਮ੍ਰਚਾਰੀਆਂ ਵੱਲੋਂ ਤੰੰਗ ਪ੍ਰੇਸ਼ਾਨ ਕਰਨ ਬਾਰੇ ਵੀ ਆਖਿਆ ਸੀ। ਪ੍ਰੀਵਾਰ ਵੱਲੋਂ ਸੀਸੀਟੀਵੀ ਫੁੱਟੇਜ਼ ਨੂੰ ਵੀ ਜਾਂਚ ’ਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ। ਪਹਿਲਾਂ ਇਹ ਚਰਚੇ ਸਨ ਕਿ ਜੋਤੀ ਵੱਲੋਂ ਯੂਨੀਵਰਸਿਟੀ ਦੀ ਚੌਥੀ ਮੰਜਲ ਤੋਂ ਛਾਲ ਮਾਰ ਕੇ ਖੁਦਕਸ਼ੀ ਕੀਤੀ ਗਈ ਹੈ ਜਿਸ ਨੂੰ ਮਾਪਿਆਂ ਨੇ ਖਾਰਜ ਕਰ ਦਿੱਤਾ ਹੈ।
ਪੜਤਾਲ ਸ਼ੁਰੂ ਕੀਤੀ :ਜਾਂਚ ਅਧਿਕਾਰੀ
ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰੰਸਪੈਕਟਰ ਗੁਨੇਸ਼ਵਰ ਕੁਮਾਰ ਦਾ ਕਹਿਣਾ ਸੀ ਕਿ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਪੁਲਿਸ ਸਾਰੇ ਤੱਥਾਂ ਨੂੰ ਘੋਖਣ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ। ਉਨ੍ਹਾਂ ਆਖਿਆ ਕਿ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਮਗਰੋਂ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।
ਯੂਨੀਵਰਸਿਟੀ ’ਚ ਸੋਗ ਦਾ ਮਹੌਲ
ਓਧਰ ਜੋਤੀ ਦੀ ਮੌਤ ਪਿੱਛੋਂ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਬਠਿੰਡਾ) ’ਚ ਸੋਗ ਦਾ ਮਹੌਲ ਰਿਹਾ। ਵਿੱਛੜੀ ਆਤਮਾ ਦੇ ਸਤਿਕਾਰ ਵਜੋਂ ਅੱਜ ਵਿੱਦਿਅਕ ਤੇ ਪ੍ਰਸ਼ਾਸ਼ਕੀ ਕੰਮ ਮੁਅੱਤਲ ਰਹੇ। ਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਮੋਹਨ ਪਾਲ ਸਿੰਘ ਈਸ਼ਰ, ਰਜਿਸਟਰਾਰ ਡਾ. ਜਤਿੰਦਰ ਕੌਰ, ਡਾਇਰੈਕਟਰ ਡਾ. ਸਵੀਨਾ ਬਾਂਸਲ, ਸੀਨੀਅਰ ਅਧਿਕਾਰੀਆਂ, ਫੈਕਲਟੀ ਮੈਂਬਰਾਂ ਅਤੇ ਸਟਾਫ ਨੇ ਜੋਤੀ ਦੇ ਅਚਾਨਕ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮੌਨ ਧਾਰਨ ਕਰਕੇ ਸ਼ਰਧਾਂਜਲੀ ਵੀ ਦਿੱਤੀ । ਪ੍ਰੋ. ਈਸਰ ਨੇ ਅੱਜ ਕਿਹਾ ਕਿ ਯੂਨੀਵਰਸਿਟੀ ਉਸਨੂੰ ਕੰਮ ਪ੍ਰਤੀ ਉਸ ਦੀ ਵਚਨਬੱਧਤਾ ਅਤੇ ਪ੍ਰਸੰਨ ਰਵੱਈਏ ਲਈ ਹਮੇਸ਼ਾ ਯਾਦ ਰੱਖੇਗੀ। ਸਾਰਿਆਂ ਨੇ ਪ੍ਰਮਾਤਮਾ ਅੱਗੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦਾ ਸਾਹਮਣਾ ਕਰਨ ਲਈ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ ਹੈ।