ਬਿਨਾਂ ਰੰਜਿਸ 2 ਵਾਰ ਹੋਈ ਲੜਾਈ,ਪਹਿਲਾਂ ਪੁੱਤ, ਹੁਣ ਪਿਊ ਦੀ ਕੀਤੀ ਕੁਟਾਈ
ਬੀਟੀਐਨ ਬਰਨਾਲਾ 12 ਮਈ 2020
ਤੂੰ ਕੌਣ , ਮੈਂ ਖਾਹਮ-ਖਾਹ, ਦੀ ਤਰਾਂ ਹੀ ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਕੱਟੂ ਵਿਖੇ ਰਾਹ ਜਾਂਦੇ ਇੱਕ ਬੰਦੇ ਦੇ ਲੜਾਈ ਗਲ ਪੈ ਗਈ। ਪੁਲਿਸ ਨੇ ਕੁੱਟਮਾਰ ਕਰਨ ਵਾਲੇ 7 ਜਣਿਆਂ ਦੇ ਖਿਲਾਫ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਚ, ਜਗਤਾਰ ਸਿੰਘ ਪੁੱਤਰ ਗੁਰਚਰਨ ਸਿੰਘ ਨਿਵਾਸੀ ਕੱਟੂ ਨੇ ਦੱਸਿਆ ਕਿ 6 ਮਈ ਨੂੰ ਰਾਹ ਜਾਂਦਿਆਂ ਹੀ ਉਹਨੂੰ ਮਨਦੀਪ ਸਿੰਘ ਉਰਫ ਮਿੰਟੂ, ਉਸਦੇ ਪਿਤਾ ਗੁਲਜ਼ਾਰ ਸਿੰਘ, ਕਮਲਦੀਪ ਸਿੰਘ ਉਰਫ ਬੱਗਾ, ਪਾਲ ਸਿੰਘ, ਗੁਰਜੰਟ ਸਿੰਘ, ਵਿੱਕੀ ਸਿੰਘ ਅਤੇ ਪ੍ਰੀਤਮ ਸਿੰਘ ਸਾਰੇ ਵਾਸੀਆਨ ਕੱਟੂ ਨੇ ਘੇਰ ਕੇ ਡਾਂਗਾ,ਸੋਟੀਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਮਾਰਤਾ-ਮਾਰਤਾ ਦਾ ਰੌਲਾ ਪਾਉਣ ਤੇ ਸਾਰੇ ਦੋਸ਼ੀ ਉਸਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਫਰਾਰ ਹੋ ਗਏ। ਗੰਭੀਰ ਹਾਲਤ ਚ, ਉਸਨੂੰ ਤੁਰੰਤ ਹੀ ਸਰਕਾਰੀ ਹਸਪਤਾਲ ਧਨੌਲਾ ਚ, ਭਰਤੀ ਕਰਵਾਇਆ। ਪਰੰਤੂ ਜਿਆਦਾ ਗੰਭੀਰ ਹਾਲਤ ਦੇ ਚਲਦਿਆਂ ਉਸਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਸਪਤਾਲ ਚੋਂ, ਰੁੱਕਾ ਮਿਲਦਿਆਂ ਹੀ ਏਐਸਆਈ ਟੇਕ ਚੰਦ ਦੀ ਅਗਵਾਈ ਚ, ਪੁਲਿਸ ਪਾਰਟੀ ਜਖਮੀ ਹੋਏ ਜਗਤਾਰ ਸਿੰਘ ਦੇ ਬਿਆਨ ਲੈਣ ਲਈ ਪਹੁੰਚ ਗਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏਐਸਆਈ ਟੇਕ ਚੰਦ ਨੇ ਦੱਸਿਆ ਕਿ ਜਖਮੀ ਜਗਤਾਰ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਉਕਤ 7 ਨਾਮਜ਼ਦ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 341/323/506/148/149 ਆਈਪੀਸੀ ਦੇ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜ਼ਾਵੇਗਾ। ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਜਖਮੀ ਜਗਤਾਰ ਸਿੰਘ ਨੇ ਕੁੱਟਮਾਰ ਕਰਨ ਵਾਲਿਆਂ ਨਾਲ ਕੋਈ ਪੁਰਾਣੀ ਰੰਜਿਸ਼ ਹੋਣ ਬਾਰੇ ਕੁਝ ਵੀ ਨਹੀਂ ਦੱਸਿਆ। ਤਫਤੀਸ਼ ਅਧਿਕਾਰੀ ਨੇ ਕਿਹਾ ਕਿ ਪੁਲਿਸ ਝਗੜੇ ਦੀ ਰੰਜਿਸ਼ ਬਾਰੇ ਵੀ ਪੜਤਾਲ ਕਰ ਰਹੀ ਹੈ। ਭਰੋਸੇਯੋਗ ਸੂਤਰਾਂ ਦੇ ਮੁਤਾਬਿਕ ਕੁਝ ਅਰਸਾ ਪਹਿਲਾਂ ਗੁਲਜਾਰ ਸਿੰਘ ਦੇ ਘਰ ਹੋਏ ਵਿਆਹ ਸਮਾਗਮ ਚ, ਵੀ ਜਗਤਾਰ ਸਿੰਘ ਦੇ 12 ਵੀਂ ਕਲਾਸ ਚ, ਪੜ੍ਹਦੇ ਪੁੱਤਰ ਹਰਜੀਤ ਸਿੰਘ ਦੀ ਵੀ ਮਾਰਕੁੱਟ ਕੀਤੀ ਸੀ। ਪਰੰਤੂ ਉਦੋਂ ਵੀ ਗੁਆਂਢ ਮੱਥਾ ਹੋਣ ਕਰਕੇ ਝਗੜਾ ਦਬ ਗਿਆ ਸੀ। ਪਰੰਤੂ ਲੜਾਈ ਦੀ ਕੋਈ ਵਜ਼੍ਹਾ ਬਾਰੇ ਉਦੋਂ ਵੀ ਕੁਝ ਨਹੀਂ ਦੱਸਿਆ ਗਿਆ ਸੀ ਅਤੇ ਨਾ ਹੀ ਲੜਾਈ ਸਬੰਧੀ ਕੋਈ ਸ਼ਿਕਾਇਤ ਦੋਵਾਂ ਧਿਰਾਂ ਨੇ ਪੁਲਿਸ ਕੋਲ ਕੀਤੀ ਸੀ। ਪਰੰਤੂ ਦੋਵੇਂ ਧਿਰਾਂ ਦਾ ਮਨਮੁਟਾਵ ਅੰਦਰੋ ਅੰਦਰ ਹੀ ਜਾਰੀ ਰਿਹਾ। ਜਿਸ ਦਾ ਨਤੀਜ਼ਾ ਹੁਣ ਜਗਤਾਰ ਸਿੰਘ ਦੀ ਕੁੱਟਮਾਰ ਦੇ ਰੂਪ ਚ, ਨਿੱਕਲਿਆ।