” ਦੁਕਾਨਦਾਰਾਂ ਅਤੇ ਆਮ ਲੋਕਾਂ ਦਾ ਦਰਦ ਵੰਡਾਉਣ ਪੈਦਲ ਪਹੁੰਚੇ ਸਾਬਕਾ ਐਮ.ਪੀ ਖਾਲਸਾ “
ਰਘਬੀਰ ਸਿੰਘ ਹੈਪੀ ਬਰਨਾਲਾ 11 ਮਈ 2020
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਭਾਂਵੇ ਜਿਲ੍ਹਾ ਪ੍ਰਸ਼ਾਸ਼ਨ ਨੇ ਕਰਫਿਊ ਚ, ਢਿੱਲ ਦੇ ਕੇ ਬਜ਼ਾਰਾਂ ਦੀਆਂ ਦੁਕਾਨਾਂ ਰੋਟੇਸ਼ਨਲ ਢੰਗ ਨਾਲ ਖੁੱਲਣ ਦੀ ਇਜਾਜਤ ਦੇ ਦਿੱਤੀ ਹੈ । ਪਰੰਤੂ ਇਹ ਢਿੱਲ ਦਾ, ਨਾ ਇਲਾਕੇ ਦੇ ਲੋਕਾਂ ਨੂੰ ਹੀ ਕੋਈ ਲਾਭ ਹੋਇਆ ਹੈ ਅਤੇ ਨਾ ਹੀ ਦੁਕਾਨਦਾਰਾਂ ਨੂੰ ਹੀ ਕੋਈ ਫਾਇਦਾ ਹੋ ਰਿਹਾ ਹੈ। ਇਸ ਦਾ ਮੁੱਖ ਕਾਰਣ ਪ੍ਰਸ਼ਾਸ਼ਨ ਵੱਲੋਂ ਕਰਫਿਊ ਚ, ਢਿੱਲ ਦੇ ਸਮੇਂ ਵੀ ਦੋਪਹੀਆ ਵਾਹਨਾਂ ਯਾਨੀ ਮੋਟਰ ਸਾਈਕਲ/ਸਕੂਟਰ ਇੱਥੋਂ ਤੱਕ ਕੇ ਸਾਈਕਲ ਦੇ ਸ਼ਹਿਰ ਅੰਦਰ ਦਾਖਿਲੇ ਤੇ ਵੀ ਪਾਬੰਦੀ ਲਾ ਦਿੱਤੀ ਹੈ। ਇਸ ਨਾਲ ਦੁਕਾਨਦਾਰ ਵੀ ਵਿਹਲੇ ਬੈਠ ਕੇ ਘਰਾਂ ਨੂੰ ਮੁੜ ਜਾਂਦੇ ਹਨ, ਅਤੇ ਲੋਕ ਵੀ ਸਹਿਮ ਦੇ ਮਾਰੇ ਸ਼ਹਿਰ ਵੱਲ ਮੂੰਹ ਕਰਨ ਦੀ ਜੁਰਅਤ ਨਹੀਂ ਕਰਦੇ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਪੁਲਿਸ ਕਰਮਚਾਰੀਆਂ ਦੇ ਰਵੱਈਏ ਤੋਂ ਤੰਗ ਆ ਕੇ ਇੱਕ ਦੋਧੀ ਨੇ 100 ਲੀਟਰ ਦੁੱਧ ਵੀ ਬਜ਼ਾਰ ਚ, ਡੋਹਲ ਦਿੱਤਾ ਸੀ। ਵਪਾਰੀਆਂ ਅਤੇ ਆਮ ਲੋਕਾਂ ਦਾ ਦਰਦ ਜਾਨਣ ਲਈ ਅੱਜ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪ੍ਰਸਿੱਧ ਫੌਜਦਾਰੀ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਬਾਜਾਰ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਸਰਦਾਰ ਖਾਲਸਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਪ੍ਰਸ਼ਾਸ਼ਨ ਦੁਆਰਾ ਦੋਪਹੀਆ ਵਹੀਕਲਾਂ ਦੇ ਸ਼ਹਿਰ ਚ, ਦਾਖਿਲੇ ਤੇ ਲਾਈ ਪਾਬੰਦੀ ਦਾ ਤਿੱਖਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਮੈਂ ਬਰਨਾਲਾ ਦੇ ਸਦਰ ਬਜਾਰ,ਫਰਵਾਹੀ ਬਜਾਰ ਤੇ ਹੰਡਿਆਇਆ ਬਜਾਰਾਂ ਦਾ ਪੈਦਲ ਦੌਰਾ ਕੀਤਾ ਹੈ। ਦੁਕਾਨਦਾਰਾਂ ਕੋਲ ਕੋਈ ਵਿਕਰੀ ਨਹੀਂ, ਉਨ੍ਹਾਂ ਦੀਆਂ ਦੁਕਾਨਾਂ ਚ, ਕੋਰੜਾਂ ਰੁਪਏ ਦਾ ਸਮਾਨ ਪਿਆ ਹੈ, ਕੋਈ ਗ੍ਰਾਹਕ ਨਹੀ ਆ ਰਿਹਾ, ਕਿਉਂਕਿ ਜਦੋਂ ਕਿਸੇ ਨੂੰ ਮੋਟਰ ਸਾਈਕਲ/ਸਕੂਟਰ ਜਾਂ ਸਾਈਕਲ ਲੈ ਕੇ ਆਉਣ ਦੀ ਵੀ ਇਜਾਜਤ ਨਹੀਂ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰ ਵਿਕਰੀ ਨਾ ਹੋਣ ਕਰਕੇ ਕੰਗਾਲ ਹੋ ਰਹੇ ਹਨ। ਪਹਿਲਾਂ ਲੌਕਡਾਉਨ ਨੇ ਕੰਗਾਲ ਕਰ ਦਿੱਤਾ ਹੁਣ ਪ੍ਰਸ਼ਾਸ਼ਨ ਦੀਆਂ ਬੇਲੋੜੀਆਂ ਪਾਬੰਦੀਆਂ ਨੇ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਦਾ ਫੈਸਲਾ ਲੋਕ ਵਿਰੋਧੀ ਤੇ ਘਾਤਕ ਹੈ। ਪ੍ਰਸ਼ਾਸ਼ਨ ਨੂੰ ਫੀਲਡ ਦੀ ਹਕੀਕਤ ਨੂੰ ਸਮਝਦਿਆਂ ਆਪਣਾ ਫੈਸਲਾ ਬਦਲਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਐਡਵੇਕੇਟ ਵਰਿੰਦਰ ਸਿੰਘ ਸੰਧੂ ਅਤੇ ਐਡਵੇਕੇਟ ਦੀਪਕ ਜਿੰਦਲ ਵੀ ਮੌਜੂਦ ਰਹੇ।