ਹਰਿੰਦਰ ਨਿੱਕਾ ,ਬਰਨਾਲਾ 21 ਅਕਤੂਬਰ 2022
ਨੌਜਵਾਨਾਂ ਅੰਦਰ ਵਿਦੇਸ਼ ਜਾਣ ਦੀ ਚਾਹ ਨੇ ਠੱਗਾਂ ਲਈ, ਠੱਗੀਆਂ ਮਾਰਨ ਦਾ ਨਵਾਂ ਰਾਹ ਖੋਲ੍ਹਿਆ ਹੋਇਆ ਹੈ। ਜੀ ਹਾਂ ,ਕੁੱਝ ਅਰਸਾ ਪਹਿਲਾਂ ਇੱਕ ਵਿਆਹ ਪਾਰਟੀ ਵਿੱਚ ਪਹੁੰਚੀ ਇੱਕ ਮੁਟਿਆਰ ਨੇ, ਵਿਦੇਸ਼ ਭੇਜਣ ਦੇ ਸਬਜਬਾਗ ਦਿਖਾ ਕੇ,ਦੋ ਪੇਂਡੂ ਨੌਜਵਾਨਾਂ ਤੋਂ 30 ਲੱਖ ਰੁਪਏ ਬਟੋਰ ਲਏ। ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ, ਆਪਣੇ ਨਾਲ ਹੋਈ ਠੱਗੀ ਦਾ,ਪਤਾ ਉਦੋਂ ਲੱਗਿਆ, ਜਦੋਂ ਠੱਗਾਂ ਦੀ ਤਿੱਕੜੀ ਨੇ,ਉਨ੍ਹਾਂ ਨੂੰ ਨਾ ਵਿਦੇਸ਼ ਭੇਜਿਆ ਅਤੇ ਨਾ ਹੀ,ਉਨ੍ਹਾਂ ਤੋਂ ਲਏ,ਲੱਖਾਂ ਰੁਪੱਈਏ ਵਾਪਿਸ ਮੋੜੇ। ਆਖਿਰ ਪੁਲਿਸ ਨੇ ਇੱਕ ਮੁਟਿਆਰ ਸਣੇ, ਤਿੰਨ ਜਣਿਆਂ ਖਿਲਾਫ ਸਾਜਿਸ਼ ਰਚ ਕੇ ਠੱਗੀ ਮਾਰਨ ਦਾ ਪਰਚਾ ਦਰਜ ਕਰਕੇ, ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
,ਕਦੋਂ ਤੇ ਕਿਵੇਂ ਵਿਛਾਇਆ ਜਾਲ
ਜਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੂੰ ਦਿੱਤੀ ਸ਼ਕਾਇਤ ਵਿੱਚ ਸੁਖਬੀਰ ਸਿੰਘ ਉਰਫ ਬੱਗਾ ,ਵਾਸੀ ਖੁੱਡੀ ਖੁਰਦ ਨੇ ਦੱਸਿਆ ਕਿ ਸੰਗਰੂਰ ਜਿਲ੍ਹੇ ਦੇ ਪਿੰਡ ਚੂਲੜ੍ਹ ਦੀ ਰਹਿਣ ਵਾਲੀ ਅਪਿੰਦਰ ਕੌਰ ਨਾਲ, ਉਸਦੀ ਥੋੜ੍ਹੀ ਬਹੁਤੀ ਜਾਣ ਪਹਿਚਾਣ ਸੀ, ਅਪਿੰਦਰ ਕੌਰ ,ਉਸ ਨੂੰ ਸਾਲ 2019 ਵਿੱਚ ਕੋਠੇ ਸੁਰਜੀਤਪੁਰਾ ,ਬਰਨਾਲਾ ਵਿਖੇ, ਇੱਕ ਵਿਆਹ ਪਾਰਟੀ ਵਿੱਚ ਮਿਲੀ ਸੀ। ਉਦੋਂ ਆਪਿੰਦਰ ਕੌਰ ਨੇ ,ਦੱਸਿਆ ਕਿ ਉਸਦਾ ਭਰਾ ਰੁਪਿੰਦਰ ਸਿੰਘ ਗਿੰਨੀ ,ਦਿੱਲੀ ਯੂਰਪ ਦੀ ਅੰਬੈਸੀ ਵਿਖੇ ਲੱਗਿਆ ਹੋਇਆ ਹੈ। ਜਿਸ ਕੋਲ ਕੈਨੇਡਾ ਜਾਣ ਲਈ, ਕਾਫੀ ਵੀਜ਼ੇ ,ਆਏ ਹੋਏ ਹਨ,ਜੇਕਰ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ, ਕੈਨੇਡਾ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਸਹੀ ਤਰੀਕੇ ਨਾਲ, ਛੇਤੀ ਭੇਜਿਆ ਜਾ ਸਕਦਾ ਹੈ। ਮੇਰੇ ਦਿਲਚਸਪੀ ਦਿਖਾਉਣ ਤੋਂ ਬਾਅਦ, ਆਪਿੰਦਰ ਕੌਰ ਨੇ ,ਕੁੱਝ ਸਮੇਂ ਬਾਅਦ, ਆਪਣੇ ਜਾਹਿਰ ਕਰਦਾ ਅੰਬੈਸੀ ਵਿੱਚ ਲੱਗੇ ਭਰਾ ਰੁਪਿੰਦਰ ਸਿੰਘ ਗਿੰਨੀ ਨੂੰ ਖਰੜ੍ਹ ਦੀ ਦਰਪਣ ਗਰੀਨ ਕਲੋਨੀ ਦੀ ਕੋਠੀ ਵਿੱਚ ਮਿਲਾਇਆ। ਗਿੰਨੀ ਨੇ ਦੱਸਿਆ ਕਿ ਕੈਨੇਡਾ ਵਿੱਚ ਬਜੁਰਗਾਂ ਦੀ ਸਾਂਭ ਸੰਭਾਲ ਲਈ, ਕੁੱਝ ਲੜਕਿਆਂ ਦੀ ਲੋੜ ਹੈ,ਜਿਸ ਸਬੰਧੀ ,ਉਸ ਕੋਲ ਵੀਜੇ ਆਏ ਹੋਏ ਹਨ। ਆਪਿੰਦਰ ਤੇ ਗਿੰਨੀ ਨੇ ਕਿਹਾ ਕਿ ਪ੍ਰਤੀ ਵਿਅਕਤੀ 15 ਲੱਖ ਰੁਪਏ ਖਰਚਾ ਆਵੇਗਾ। ਮੈਂ ਉਨ੍ਹਾਂ ਦੀਆਂ ਗੱਲਾਂ ਤੇ ਭਰੋਸਾ ਕਰਕੇ ,ਆਪਣੇ ਬੇਟੇ ਕਰਨਵੀਰ ਸਿੰਘ ਚੂੰਘ ਅਤੇ ਆਪਣੀ ਭੂਆ ਦੇ ਲੜਕੇ ਮਲਕੀਤ ਸਿੰਘ ਨਹਿਲ ਨੂੰ ਕੈਨੇਡਾ ਭੇਜਣ ਲਈ, ਤੀਹ ਲੱਖ ਰੁਪਏ ਵਿੱਚ ਗੱਲ ਤੈਅ ਕਰ ਲਈ। ਗੱਲਬਾਤ ਪੱਕੀ ਹੋਣ ਤੋਂ ਬਾਅਦ , ਅਸੀਂ ਆਪਿੰਦਰ ਕੌਰ ਤੇ ਉਸਦੇ ਮੰਗੇਤਰ ਹਰਨੀਤ ਸਿੰਘ ਅਟਵਾਲ ਨੂੰ ਵੱਖ ਵੱਖ ਸਮੇਂ ਤੇ 30 ਲੱਖ ਰੁਪਏ , ਪਾਸਪੋਰਟ ਅਤੇ ਹੋਰ ਦਸਤਾਵੇਜ਼ ਬਰਨਾਲਾ ਅਤੇ ਖਰੜ ਵਿਖੇ ਗਵਾਹਾਂ ਦੀ ਹਾਜਰੀ ਵਿੱਚ ਦੇ ਦਿੱਤੇ। ਆਪਿੰਦਰ ਕੌਰ ,ਉਸ ਦੇ ਭਰਾ ਗਿੰਨੀ ਅਤੇ ਪਤੀ ਹਰਨੀਤ ਸਿੰਘ ਅਟਵਾਲ ਤੇ ਹੋਰਾਂ ਨੇ ਹਮ ਮਸ਼ਵਰਾ ਹੋ ਕੇ ਵੀਜਾ ਸਲਿਪ ਅਤੇ ਹਵਾਈ ਟਿਕਟਾਂ ਵੀ ਦਿੱਤੀਆਂ, ਪਰੰਤੂ ਪੜਤਾਲ ਉਪਰੰਤ ਇਹ ਸਭ ਜਾਲ੍ਹੀ ਫਰਜੀ ਨਿੱਕਲਿਆ । ਵਾਰ- ਵਾਰ ਆਪਣੇ ਦਿੱਤੇ ਤੀਹ ਲੱਖ ਰੁਪਏ ਵਾਪਿਸ ਕਰਨ ਲਈ ਕਿਹਾ , ਪਰੰਤੂ ਦੋਸ਼ੀਆਂ ਨੇ ਸਿਰਫ 1 ਲੱਖ 35 ਹਜਾਰ ਰੁਪਏ ਹੀ ਵਾਪਿਸ ਮੋੜੇ। ਬਾਕੀ ਰੁਪਏ ਵਾਪਿਸ ਕਰਨ ਲਈ, ਟਾਲਮਟੋਲ ਸ਼ੁਰੂ ਕਰ ਦਿੱਤੀ, ਆਖਿਰ ਉਨ੍ਹਾਂ ਵਸੂਲ ਕੀਤੇ 28 ਲੱਖ 65 ਹਜਾਰ ਰੁਪਏ ਮੋੜਨ ਤੋਂ ਇਨਕਾਰ ਕਰ ਦਿੱਤਾ ਅਤੇ ਰੁਪਏੰ ਮੰਗਣ ਤੇ ਗੋਲੀ ਮਾਰ ਕੇ, ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਪਣੇ ਮੋਬਾਇਲ ਬੰਦ ਕਰ ਲਏ। ਸ਼ਕਾਇਤ ਦੀ ਪੜਤਾਲ ਸੀਆਈਏ ਦੇ ਇੰਚਾਰਜ ਬਲਜੀਤ ਸਿੰਘ ਨੂੰ ਸੌਪੀ ਗਈ। ਪੁਲਿਸ ਪੜਤਾਲ ਦੌਰਾਨ ਦੋਸ਼ੀ ਵਾਰ ਵਾਰ ਬੁਲਾਉਣ ਤੇ ਵੀ ਸ਼ਾਮਿਲ ਪੜਤਾਲ ਨਹੀਂ ਹੋਏ ।. ਪੜਤਾਲ ਦੌਰਾਨ ਦੋਸ਼ ਸਹੀ ਸਾਬਿਤ ਹੋਏ। ਪੁਲਿਸ ਨੇ ਆਪਿੰਦਰ ਕੌਰ, ਰੁਪਿੰਦਰ ਸਿੰਘ ਗਿੰਨੀ ਅਤੇ ਹਰਨੀਤ ਸਿੰਘ ਅਟਵਾਲ ,ਸਾਰੇ ਹਾਲ ਵਾਸੀ ਖਰੜ ਦੇ ਵਿਰੁੱਧ ਅਧੀਨ ਜੁਰਮ 420/120 B ਆਈਪੀਸੀ ਤਹਿਤ ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ ਕਰ ਦਿੱਤਾ। ਐਸ ਐਚ ਓ ਸੁਖਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਨਾਮਜਦ ਦੋਸ਼ੀਆਂ ਦੀ ਤਲਾਸ਼ ਜ਼ਾਰੀ ਹੈ ਜਲਦ ਹੀ,ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।