1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੇ ਮਾਣਯੋਗ ਮੁੱਖ ਮੰਤਰੀ ਨੂੰ ਪੱਤਰ ਰਾਹੀਂ ਕੀਤੀ ਅਪੀਲ
ਹਰਿੰਦਰ ਨਿੱਕਾ, ਬਰਨਾਲਾ 23 ਅਕਤੂਬਰ 2022
ਲੋਕਾਂ ਦੇ ਲਈ ਕਰਨ ਚਾਨਣਾ, ਆਪ ਹਨ੍ਹੇਰਾ ਢੋਣ ! ਜੀ ਹਾਂ ਇਹੋ ਜਿਹੇ ਹਾਲ ‘ਚੋਂ ਗੁਜ਼ਰ ਰਹੇ ਹਨ, 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ । ਯਾਨੀ ਖੁਸ਼ੀਆਂ ਅਤੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਵੀ ਸਮਾਜ਼ ਅੰਦਰ ਵਿੱਦਿਆ ਦਾ ਚਾਨਣ ਬਿਖੇਰਨ ਵਾਲੇ ਇੱਨ੍ਹਾਂ ਪ੍ਰੋਫੈਸਰਾਂ ਦਾ ਖੁਦ ਦਾ ਭਵਿੱਖ ਹਨ੍ਹੇਰਾ ਹੋਇਆ ਪਿਆ ਹੈ। ਹਰ ਪਲ ਮਾਨਿਸਕ ਪੀੜਾ ‘ਚੋਂ ਲੰਘ ਰਹੇ ਇੱਨ੍ਹਾਂ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਨੇ ਦੀਵਾਲੀ ਮੌਕੇ ਮੁੱਖ ਮੰਤਰੀ ਨੂੰ ਇੱਕ ਪੱਤਰ ਰਾਹੀਂ ਅਪੀਲ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੀਵਾਲੀ ਮੌਕੇ ਉਚੇਰੀ ਸਿੱਖਿਆ ਵਿੱਚ ਸੱਤਵੇਂ ਪੇਅ ਕਮਿਸ਼ਨ ਨੂੰ ਲਾਗੂ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ । ਪਰੰਤੂ ਉੱਥੇ ਹੀ ਇਸ ਫ਼ੈਸਲੇ ਦੇ ਸਮਾਨੰਤਰ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੇ ਘਰਾਂ ਵਿਚ ਦੀਵਾਲੀ ਦੇ ਦੀਵੇ ਬੁਝੇ ਨਜ਼ਰ ਆਉਣ ਵਾਲੇ ਹਨ । ਜ਼ਾਰੀ ਕੀਤੇ ਪੱਤਰ ‘ਚ 1158 ਭਰਤੀ ਤਹਿਤ ਚੁਣੇ ਗਏ ਉਮੀਦਵਾਰਾਂ ਦੇ ਹਨੇਰੇ ਭਵਿੱਖ ਨੂੰ ਲੈ ਕੇ ਖਦਸ਼ੇ ਜ਼ਾਹਿਰ ਕੀਤੇ ਗਏ ਹਨ। ਪੱਤਰ ਵਿਚ ਲਿਖਿਆ ਗਿਆ ਹੈ ਕਿ ਪਿਛਲੇ ਸਾਲ 19 ਅਕਤੂਬਰ 2021 ਨੂੰ ਇਹਨਾਂ ਦਿਨਾਂ ਵਿਚ ਹੀ ਪੰਜਾਬ ਸਰਕਾਰ ਵੱਲੋਂ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਭਰਤੀ ਦਾ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਸੀ। ਪੰਜਾਬ ਦੀ ਉਚੇਰੀ ਸਿੱਖਿਆ ਪ੍ਰਾਪਤ ਹੋਣਹਾਰ ਅਤੇ ਕਾਬਿਲ ਨੌਜਵਾਨਾਂ ਨੇ ਪਿਛਲੀ ਦੀਵਾਲੀ ਆਪਣੇ ਪਰਿਵਾਰ ਨਾਲ ਮਨਾਉਣ ਦੀ ਥਾਂ, ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਲਾਇਬ੍ਰੇਰੀਆਂ, ਹੋਸਟਲ ਦੇ ਕਮਰਿਆਂ ਵਿਚ ਦਿਨ ਰਾਤ ਮਿਹਨਤ ਕਰਦਿਆਂ ਗੁਜ਼ਾਰੀ ਸੀ। 25 ਸਾਲ ਬਾਅਦ ਆਈ ਇਸ ਭਰਤੀ ਨਾਲ ਇਹਨਾਂ ਨੌਜਵਾਨਾਂ ਵਿਚ ਉਤਸ਼ਾਹ ਸੀ। ਇਹਨਾਂ ਨੂੰ ਇਹ ਭਰਤੀ ਆਪਣੀਆਂ ਆਉਣ ਵਾਲੀਆਂ ਦੀਵਾਲੀਆਂ ਨੂੰ ਰੁਸ਼ਨਾ ਸਕਣ ਦਾ ਇਕ ਸੁਨਹਿਰਾ ਮੌਕਾ ਲੱਗ ਰਿਹਾ ਸੀ। ਲੱਖਾਂ ਨੌਜਵਾਨਾਂ ਵਿਚੋਂ ਉੱਚ ਯੋਗਤਾ ਅਤੇ ਮੈਰਿਟ ਰੱਖਣ ਵਾਲੇ 1158 ਨੌਜਵਾਨਾਂ ਦੀਆਂ ਮਿਹਨਤਾਂ ਨੂੰ ਬੂਰ ਪੈਂਦਾ ਦਿਸਿਆ ਤਾਂ ਇਸ ਭਰਤੀ ਦਾ ਇਸ਼ਤਿਹਾਰ ਕਾਨੂੰਨੀ ਪੇਚੀਦਗੀਆਂ ਅਤੇ ਸਰਕਾਰ ਦੀ ਕੋਰਟ ਵਿਚ ਮਾੜੀ ਪੈਰਵੀ ਕਾਰਨ ਰੱਦ ਹੋ ਗਿਆ। ਪੱਤਰ ਵਿਚ ਉਮੀਦਵਾਰ ਆਪਣਾ ਗਿਲਾ ਕੁਝ ਇਸ ਤਰ੍ਹਾਂ ਜ਼ਾਹਿਰ ਕਰਦੇ ਹਨ, “ਪਿਛਲੀ ਦੀਵਾਲੀ ਸਾਡੇ ਲਈ ਉਤਸ਼ਾਹ ਨਾਲ ਭਰੀ ਸੀ ਜਦਕਿ ਇਸ ਦੀਵਾਲੀ ਅਸੀਂ ਆਪਣੇ ਆਪ ਨੂੰ ਕਾਬਿਲ ਹੋਣ ਦੇ ਬਾਵਜੂਦ ਮੁੜ ਤੋਂ ਬੇਰੁਜ਼ਗਾਰੀ ਦੇ ਹਨੇਰੇ ਵਿਚ ਧੱਕਿਆ ਮਹਿਸੂਸ ਕਰ ਰਹੇ ਹਾਂ। ਰੋਸ਼ਨੀਆਂ ਦੇ ਇਸ ਤਿਓਹਾਰ ਮੌਕੇ ਅਸੀਂ ਤੇ ਸਾਡੇ ਸਮੂਹ ਪਰਿਵਾਰ ਉਦਾਸ ਹਨ। ਸਾਡੇ ਵਿਚੋਂ 607 ਸਹਾਇਕ ਪ੍ਰੋਫ਼ੈਸਰ ਆਪਣੀਆਂ ਪੁਰਾਣੀਆਂ ਨੌਕਰੀਆਂ ਤੋਂ ਅਸਤੀਫ਼ੇ ਦੇ ਕੇ ਇਸ ਭਰਤੀ ਤਹਿਤ ਜੁਆਇੰਨ ਕਰ ਚੁੱਕੇ ਹਨ। ਸਾਡੇ ਬਾਕੀ 400 ਦੇ ਕਰੀਬ ਸਾਥੀਆਂ ਦੀਆਂ ਚੋਣ ਸੂਚੀਆਂ ਸਰਕਾਰ ਵੱਲੋਂ ਜਨਤਕ ਹੋ ਚੁੱਕੀਆਂ ਸਨ ਜੋ ਨਿਯੁਕਤੀ ਪੱਤਰ ਮਿਲਣ ਦੀ ਉਡੀਕ ਵਿਚ ਸਨ। ਅੱਜ ਇਹਨਾਂ ਵਿਚੋਂ ਸਾਡੇ ਵਧੇਰੇ ਸਾਥੀ ਬੇਰੁਜ਼ਗਾਰ ਹਨ। 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਵਿਚ ਮਿਲੀਆਂ ਨੌਕਰੀਆਂ ਬਿਨਾਂ ਕਿਸੇ ਕਸੂਰ ਦੇ ਖੁੰਝ ਜਾਣ ’ਤੇ ਅਸੀਂ ਸਭ ਮਾਨਸਿਕ ਪੀੜਾ ਦਾ ਸ਼ਿਕਾਰ ਹਾਂ। ਮੁੜ ਤੋਂ ਬੇਰੁਜ਼ਗਾਰ ਹੋਣ ਦੀ ਚਿੰਤਾ ਸਾਨੂੰ ਦਿਨ ਰਾਤ ਬੇਚੈਨ ਕਰੀ ਰੱਖਦੀ ਹੈ। ਸਾਡੀਆਂ ਚੰਗੇ ਭਵਿੱਖ ਦੀਆਂ ਉਮੀਦਾਂ ਅਤੇ ਸੁਫ਼ਨੇ ਵੀ ਖੇਰੂੰ ਖੇਰੂੰ ਹੋ ਚੁੱਕੇ ਹਨ।”ਜ਼ਿਕਰਯੋਗ ਹੈ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 19 ਅਕਤੂਬਰ 2022 ਨੂੰ 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਫ਼ਰੰਟ ਦੇ ਆਗੂਆਂ ਨਾਲ ਪੈਨਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ, ਮੁੱਖ ਮੰਤਰੀ ਦੇ ਐਡੀਸ਼ਨਲ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਡੀ.ਪੀ.ਆਈ., ਐਡੀਸ਼ਨਲ ਡੀ.ਪੀ.ਆਈ. ਤੇ ਪ੍ਰਮੁੱਖ ਸਕੱਤਰ (ਉਚੇਰੀ ਸਿੱਖਿਆ), ਐਡੀਸ਼ਨਲ ਐਡਵੋਕੇਟ ਜਨਰਲ, ਲਾਅ ਅਫ਼ਸਰ (ਡੀ.ਪੀ.ਆਈ.) ਅਤੇ ਸੀਨੀਅਰ ਸਹਾਇਕ (ਡੀ.ਪੀ.ਆਈ.) ਵੀ ਸ਼ਾਮਿਲ ਸਨ। ਮੀਟਿੰਗ ਵਿਚ ਮੁੱਖ ਮੰਤਰੀ ਵੱਲੋਂ ਹਾਈਕੋਰਟ ਵਿਚ ਪੁਰਜ਼ੋਰ ਪੈਰਵੀ ਕਰਕੇ 1158 ਭਰਤੀ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ। ਫ਼ਰੰਟ ਦੇ ਆਗੂਆਂ ਨੇ ਦੱਸਿਆ ਕਿ ਇਸ ਭਰੋਸੇ ਨਾਲ ਉਹਨਾਂ ਨੂੰ ਆਸ ਤਾਂ ਬੱਝੀ ਹੈ ਪਰ ਉਹਨਾਂ ਦੀ ਦੀਵਾਲੀ ਓਦੋਂ ਤਕ ਰੁਸ਼ਨਾ ਨਹੀਂ ਸਕਦੀ, ਜਦੋਂ ਤਕ ਸਮੂਹ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਸਰਕਾਰੀ ਕਾਲਜਾਂ ਵਿਚ ਤਾਇਨਾਤ ਹੋ ਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਨਹੀਂ ਸ਼ੁਰੂ ਕਰ ਦਿੰਦੇ ਅਤੇ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਗੁਣਵੱਤਾ ਦੇ ਲਿਹਾਜ਼ ਤੋਂ ਬਿਹਤਰ ਕਰਨ ਦਾ ਸੁਫ਼ਨਾ ਪੂਰਾ ਨਹੀਂ ਹੋ ਜਾਂਦਾ।