ਦਵਿੰਦਰ ਡੀ ਕੇ/ ਲੁਧਿਆਣਾ : 20 ਅਕਤੂਬਰ 2022
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਤੇ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸਨ ਲੁਧਿਆਣਾ ਦੇ ਸਹਿਯੋਗ ਨਾਲ ਪ੍ਰੋ ਮੋਹਨ ਸਿੰਘ ਦੇ 117ਵੇਂ ਜਨਮ ਦਿਵਸ ਮੌਕੇ ਪ੍ਰੋ. ਮੋਹਨ ਸਿੰਘ ਜਨਮ ਉਤਸਵ ਪੰਜਾਬੀ ਭਵਨ, ਲੁਧਿਆਣਾ ਵਿਖੇ ਅੱਜ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ, ਚੇਅਰਮੈਨ, ਪੰਜਾਬ ਕਲਾ ਪਰਸ਼ਿਦ ਸਨ ਅਤੇ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਅਤੇ ਫ਼ੈਲੋ ਪੰਜਾਬੀ ਸਾਹਿਤ ਅਕਾਡਮੀ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਪੁੱਜੇ।
ਇਸ ਸਮਾਗਮ ਵਿਚ ਪ੍ਰੋ. ਮੋਹਨ ਸਿੰਘ ਬਾਰੇ ਯਾਦਗਾਰੀ ਭਾਸ਼ਨ ਸ੍ਰੀ ਸੁਵਰਨ ਸਿੰਘ ਵਿਰਕ(ਸਿਰਸਾ) ਨੇ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੋ. ਮੋਹਨ ਸਿੰਘ 20ਵੀਂ ਸਦੀ ਦਾ ਯੁੱਗ ਕਵੀ ਸੀ। ਜਿਸ ਨੇ ਲੋਕ ਪੀੜਾ ਤੇ ਨਿੱਜੀ ਵੇਦਨਾ ਨੂੰ ਸਾਂਝੇ ਰੂਪ ਵਿਚ ਗਾਵਿਆ। ਉਹ ਵਿਕਾਸਸ਼ੀਲ ਇਨਕਲਾਬੀ ਸੋਚ ਦਾ ਕਵੀ ਸੀ ਜਿਸ ਨੇ ਸ਼ਬਦ ਨੂੰ ਸੰਗੀਤ ਵਿਚ ਗੁੰਨਿਆ ਮਾਨਵਤਾ ਦਾ ਗੀਤ ਗਾਇਆ।
ਭਾਸ਼ਨ ਉਪਰੰਤ ਪ੍ਰੋ. ਮੋਹਨ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਮੰਚ ਸੰਚਾਲਨ ਦੀ ਜ਼ਿੰਮੇਂਵਾਰੀ ਕਵੀ ਦਰਬਾਰ ਦੇ ਕਨਵੀਨਰ ਤ੍ਰੈਲੋਚਨ ਲੋਚੀ ਨੇ ਨਿਭਾਈ। ਕਵੀ ਦਰਬਾਰ ਵਿਚ ਸੁਰਜੀਤ ਜੱਜ, ਡਾ ਗੁਰਮਿੰਦਰ ਕੌਰ ਸਿੱਧੂ, ਡਾ. ਗੁਰਚਰਨ ਕੌਰ ਕੋਚਰ, ਸੁਸ਼ੀਲ ਦੋਸਾਂਝ, ਅਰਤਿੰਦਰ ਸੰਧੂ, ਵਿਸ਼ਾਲ, ਡਾ ਰਾਮ ਮੂਰਤੀ, ਜਸਬੀਰ ਝੱਜ, ਡਾ ਰਵਿੰਦਰ ਬਟਾਲਾ, ਕਰਮਜੀਤ ਗਰੇਵਾਲ, ਜਸਵੰਤ ਜ਼ਫ਼ਰ, ਸਵਰਨਜੀਤ ਸਵੀ, ਰਾਜਦੀਪ ਸਿੰਘ ਤੂਰ, ਕਮਲਜੀਤ ਨੀਲੋਂ, ਰਾਜਦੀਪ ਸਿੰਘ ਤੂਰ, ਦਲਜਿੰਦਰ ਰਹਿਲ ਇਟਲੀ,ਪ੍ਰਭਜੋਤ ਸਿੰਘ ਸੋਹੀ, ਕੋਮਲਦੀਪ ਕੌਰ ਤੇ ਬਲਵਿੰਦਰ ਸੰਧੂ ਸ਼ਾਮਲ ਹੋਏ।