ਦਵਿੰਦਰ ਡੀ ਕੇ/ ਲੁਧਿਆਣਾ, 20 ਅਕਤੂਬਰ 2022
ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦੇ ਰਾਜ ਪੱਧਰੀ ਬਾਸਕਟਬਾਲ ਦੇ ਅੰਡਰ-21 ਲੜਕੇ/ਲੜਕੀਆਂ ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਝੰਡੀ ਰਹੀ। ਲੜਕੀਆਂ ਦੇ ਅੱਜ ਦੇ ਮੁਕਾਬਲੇ ਵਿੱਚ ਲੁਧਿਆਣਾ ਨੇ ਸੰਗਰੂਰ ਨੂੰ ਕਰਾਰੀ ਮਾਤ ਦਿੱਤੀ ਜਦਕਿ ਲੜਕਿਆਂ ਦੇ ਮੈਚ ਵਿੱਚ ਜਲੰਧਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਬਾਸਕਟਬਾਲ ਖੇਡ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਅੰਡਰ-21 ਵਰਗ ਦੇ ਲੜਕੀਆਂ ਦੇ ਖੇਡ ਮੁਕਾਬਲੇ ਵਿੱਚ ਲੁਧਿਆਣਾ ਨੇ ਸੰਗਰੂਰ ਨੂੰ 36-21 ਦੇ ਫਰਕ ਨਾਲ ਕਰਾਰੀ ਮਾਤ ਦਿੱਤੀ। ਤੀਸਰੇ ਸਥਾਨ ਵਿੱਚ ਕਪੂਰਥਲਾ ਨੇ ਪਠਾਨਕੋਟ ਨੂੰ 37-10 ਦੇ ਫਰਕ ਨਾਲ ਹਰਾਇਆ।
ਇਸ ਤੋਂ ਇਲਾਵਾ ਲੜਕਿਆਂ ਦੇ ਖੇਡ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਜਲੰਧਰ ‘ਤੇ 58-38 ਦੇ ਅੰਤਰ ਨਾਲ ਫਤਹਿ ਹਾਸਲ ਕੀਤੀ ਜਦਕਿ ਤੀਜੇ ਸਥਾਨ ‘ਤੇ ਰਹੀ ਫਰੀਦਕੋਟ ਦੀ ਟੀਮ ਨੇ 72-65 ਦੇ ਫਸਵੇਂ ਮੁਕਾਬਲੇ ਵਿੱਚ ਮਾਨਸਾ ‘ਤੇ ਜਿੱਤ ਪ੍ਰਾਪਤ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦੀ ਸ਼ੁਰੂਆਤ ਕਰਕੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਨਸ਼ਿਆਂ ਵਿੱਚ ਜਾ ਰਹੀ ਨੌਜਵਾਨ ਪੀੜੀ ਨੂੰ ਇੱਕ ਨਵੀਂ ਆਸ ਮਿਲ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਬਾਸਕਟਬਾਲ ਅਕੈਡਮੀ (ਪੀ.ਬੀ.ਏ.) ਦੇ ਜਨਰਲ ਸਕੱਤਰ ਤੇਜ਼ਾ ਸਿੰਘ ਧਾਲੀਵਾਲ, ਖੇਡ ਵਿਭਾਗ ਤੋਂ ਸੰਜੀਵ ਸ਼ਰਮਾ, ਪੀ.ਬੀ.ਏ. ਦੇ ਉਪ ਪ੍ਰਧਾਨ ਵਿਜੇ ਚੋਪੜਾ, ਅੰਤਰਰਾਸ਼ਟਰੀ ਕੋਚ ਸਲੋਨੀ, ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਢਿੱਲੋਂ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ ਗਿੱਲ ਅਤੇ ਨਰਿੰਦਰ ਪਾਲ ਵੀ ਮੌਜੂਦ ਸਨ।