ਦੀਵਾਲੀ ਦੀ ਰਾਤ 8 ਤੋਂ 10 ਵਜੇ ਤੱਕ ਦੋ ਘੰਟੇ ਹੀ ਪਟਾਕੇ ਚਲਾਏ ਜਾ ਸਕਣਗੇ:- ਮੀਤ ਹੇਅਰ
ਗਰੀਨ ਪਟਾਕੇ ਹੀ ਚਲਾਏ ਜਾਣ ਦੀ ਆਗਿਆ ਦਿੱਤੀ
ਵਾਤਾਵਰਣ, ਸਾਇੰਸ ਤਕਨਾਲੋਜੀ ਵਿਭਾਗ ਵੱਲੋਂ ਹਦਾਇਤਾਂ ਦੀ ਪਾਲਣਾ ਲਈ ਜ਼ਿਲਾ ਪ੍ਰਸ਼ਾਸਨ ਨੂੰ ਹੁਕਮ
ਅਨੁਭਵ ਦੂਬੇ , ਚੰਡੀਗੜ੍ਹ, 12 ਅਕਤੂਬਰ 2022
ਚੌਗਿਰਦੇ ਦੀ ਸਾਂਭ ਸੰਭਾਲ ਅਤੇ ਦੀਵਾਲੀ ਸਮੇਤ ਹੋਰ ਤਿਉਹਾਰਾਂ ਮੌਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਣਯੋਗ ਸੁਪਰੀਮ ਕੋਰਟ ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਰੌਸ਼ਨੀ ਵਿੱਚ ਵਾਤਾਵਰਣ, ਸਾਇੰਸ ਤਕਨਾਲੋਜੀ ਵਿਭਾਗ ਵੱਲੋਂ ਪਟਾਕੇ ਚਲਾਉਣ ਸਮਾਂ ਸੀਮਾ ਸੰਬੰਧੀ ਹਦਾਇਤਾਂ ਜਾਰੀ ਕਰਦਿਆਂ ਇਨ੍ਹਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਗਏ ਹਨ।
ਅੱਜ ਇੱਥੇ ਜਾਣਕਾਰੀ ਦਿੰਦਿਆਂ ਵਾਤਾਵਰਣ, ਸਾਇੰਸ ਤੇ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ 24 ਅਕਤੂਬਰ ਨੂੰ ਸੂਬੇ ਵਿੱਚ ਦੋ ਘੰਟੇ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ । ਇਸ ਦੇ ਨਾਲ ਹੀ ਸਿਰਫ ਗਰੀਨ ਪਟਾਕਿਆਂ ਦੀ ਖਰੀਦ-ਵੇਚ ਅਤੇ ਚਲਾਏ ਜਾਣ ਦੀ ਆਗਿਆ ਦਿੱਤੀ ਗਈ ਹੈ । ਲਿਥੀਅਮ, ਬੇਰੀਅਮ ਆਦਿ ਜ਼ਹਿਰਲੇ ਰਸਾਇਣਾਂ ਵਾਲੇ ਪਟਾਕੇ ਅਤੇ ਲੜੀ ਵਾਲੇ ਪਟਾਕਿਆਂ ਉੱਤੇ ਪੂਰਨ ਪਾਬੰਦੀ ਹੈ । ਇਸ ਤੋਂ ਇਲਾਵਾ ਅਧਿਕਾਰਤ ਥਾਂਵਾਂ ਉੱਤੇ ਪਟਾਕਿਆਂ ਦੀ ਖਰੀਦ-ਵੇਚ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਨਾਲ ਨਜਿੱਠਣ ਲਈ ਹਰੇ ਪਟਾਕਿਆਂ ਨੂੰ ਹੁਲਾਰਾ ਦਿੱਤਾ ਜਾਵੇ।
ਮੀਤ ਹੇਅਰ ਨੇ ਅੱਗੇ ਦੱਸਿਆ ਕਿ ਦੀਵਾਲੀ ਤੋਂ ਇਲਾਵਾ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਵੀ ਸਵੇਰੇ 4 ਵਜੇ ਤੋਂ 5 ਵਜੇ ਤੱਕ ਇਕ ਘੰਟਾ ਅਤੇ ਰਾਤ 9 ਤੋਂ 10 ਵਜੇ ਤੱਕ ਇਕ ਘੰਟਾ ਪਟਾਕੇ ਚਲਾਏ ਜਾਣ ਦੀ ਇਜਾਜ਼ਤ ਹੋਵੇਗੀ।25-26 ਦਸੰਬਰ ਕ੍ਰਿਸਮਿਸ ਦੀ ਅੱਧੀ ਰਾਤ 11.55 ਤੋਂ 12.30 ਤੱਕ 35 ਮਿੰਟ ਅਤੇ ਨਵੇਂ ਵਰ੍ਹੇ ਦੀ ਆਮਦ ਮੌਕੇ 31 ਦਸੰਬਰ-1 ਜਨਵਰੀ ਦੀ ਅੱਧੀ ਰਾਤ 11.55 ਤੋਂ 12.30 ਤੱਕ 35 ਮਿੰਟ ਪਟਾਕੇ ਚਲਾਏ ਜਾਣ ਦੀ ਆਗਿਆ ਦਿੱਤੀ ਗਈ ਹੈ।