ਬੇਰੁਜ਼ਗਾਰ ਬੀ ਐਡ ਅਧਿਆਪਕ 16 ਨੂੰ ਘੇਰਨਗੇ ਮੁੱਖ ਮੰਤਰੀ ਦੀ ਕੋਠੀ – ਢਿੱਲਵਾਂ
ਹਰਪ੍ਰੀਤ ਕੌਰ ਬਬਲੀ, ਸੰਗਰੂਰ,12 ਅਕਤੂਬਰ2022
ਸਿੱਖਿਆ ਵਿਭਾਗ ਵਿੱਚ ਕਾਂਗਰਸ ਸਰਕਾਰ ਵੱਲੋਂ ਜਾਰੀ 4161 ਮਾਸਟਰ ਕੇਡਰ ਅਸਾਮੀਆਂ ਦੀਆਂ ਉੱਤਰ ਕੁੰਜੀਆਂ ਵਿੱਚ ਦਰੁਸਤੀ ਕਰਵਾਉਣ ਸਮੇਤ ,55 ਪ੍ਰਤੀਸ਼ਤ ਸ਼ਰਤ ਰੱਦ ਕਰਵਾਉਣ,ਬਾਹਰਲੇ ਰਾਜਾਂ ਦੇ ਉਮੀਦਵਾਰਾਂ ਦਾ ਪੰਜਾਬ ਦੀਆਂ ਨੌਕਰੀਆਂ ਉੱਤੇ ਡਾਕਾ ਰੁਕਵਾਉਣ ਅਤੇ ਲੈਕਚਰਾਰ ਭਰਤੀ ਵਿੱਚੋ ਬਾਹਰ ਕੀਤੇ ਵਿਸ਼ੇ ਮੁੜ ਸ਼ਾਮਿਲ ਕਰਵਾਉਣ ਦੀ ਮੰਗ ਨੂੰ ਲੈਕੇ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਮਗਰੋ 16 ਅਕਤੂਬਰ ਨੂੰ ਮੁੜ ਮੰਤਰੀ ਦੀ ਸਥਾਨਕ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਗਗਨਦੀਪ ਕੌਰ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋ ਦਿੱਤੀ ਪੈਨਲ ਮੀਟਿੰਗ ਵਿੱਚ ਸਿਰਫ ਸਿੱਖਿਆ ਮੰਤਰੀ ਹੀ ਸ਼ਾਮਿਲ ਹੋਏ। ਉਹਨਾਂ ਖਦਸ਼ਾ ਜ਼ਾਹਿਰ ਕੀਤਾ ਕਿ ਮੰਤਰੀ ਵੱਲੋ ਬੇਰੁਜ਼ਗਾਰਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਗੁਜਰਾਤ ਚੋਣਾਂ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾਂਦੀ ਨਜ਼ਰ ਆਈ।
ਉਹਨਾਂ ਕਿਹਾ ਕਿ ਦਿੱਲੀ ਦੀ ਏਜੰਸੀ ਵੱਲੋ ਲਈ ਗਈ ਪ੍ਰੀਖਿਆ ਵਿਚ ਅਨੇਕਾਂ ਤਰੁੱਟੀਆਂ ਨਾਲ ਸੈਂਕੜੇ ਬੇਰੁਜ਼ਗਾਰਾਂ ਦਾ ਭਵਿੱਖ ਤਬਾਹ ਹੋਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਉਕਤ ਮੰਗਾਂ ਲਈ 16 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਬਲਕਾਰ ਸਿੰਘ ਮਘਾਨੀਆਂ ਅਤੇ ਸੰਦੀਪ ਸਿੰਘ ਆਦਿ ਹਾਜ਼ਰ ਸਨ।