ਐਂਟੀ ਸਾਬੋਟੇਜ਼ ਚੈਕ ਟੀਮ ਨੇ ਕੀਤੀ ਚੈਕਿੰਗ
ਰਘਵੀਰ ਹੈਪੀ , ਬਰਨਾਲਾ 27 ਸਤੰਬਰ 2022
ਸ਼ਹਿਰ ਦੀ ਅਨਾਜ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 28 ਸਤੰਬਰ ਨੂੰ ਹੋਣ ਵਾਲੀ ਸ਼ਹੀਦ ਭਗਤ ਸਿੰਘ ਜਿੰਦਾਬਾਦ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਤਿਆਰੀਆਂ ਦਾ ਜਾਇਜਾ ਲੈਣ ਲਈ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾਈ ਆਗੂਆਂ ਚਮਕੌਰ ਸਿੰਘ ਨੈਣੇਵਾਲ, ਰੂਪ ਸਿੰਘ ਛੰਨਾ ,ਭਗਤ ਸਿੰਘ ਛੰਨਾ ਅਤੇ ਅਮਿਤ ਮਿੱਤਰ ਵਿਸ਼ੇਸ਼ ਤੌਰ ਤੇ ਪਹੁੰਚੇ। ਆਗੂਆਂ ਨੇ ਕਿਹਾ ਕਿ ਲੋਕਾਂ ਅੰਦਰ ਕਾਨਫਰੰਸ ਵਿੱਚ ਪਹੁੰਚਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਹਜ਼ਾਰਾਂ ਦੀ ਸੰਖਿਆ ਵਿੱਚ ਜੁਝਾਰੂ ਲੋਕ ਰੈਲੀ ਵਿੱਚ ਬਸੰਤੀ ਪੱਗਾਂ ਅਤੇ ਬਸੰਤੀ ਚੁੰਨੀਆਂ ਲੈ ਕੇ ਪਹੁੰਚਣਗੇ। ਇਸ ਮੌਕੇ ਡੀਐਸਪੀ ਸਤਬੀਰ ਸਿੰਘ ਬੈਂਸ, ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਬੱਸ ਸਟੈਂਡ ਪੁਲਿਸ ਚੌਂਕੀ ਦੇ ਇੰਚਾਰਜ ਚਰਨਜੀਤ ਸਿੰਘ ਆਦਿ ਨੇ ਰੈਲੀ ਵਾਲੀ ਥਾਂ ਤੇ ਸੁਰੱਖਿਆ ਕਾਇਮ ਰੱਖਣ ਲਈ, ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉੱਧਰ ਐਂਟੀ ਸਾਬੋਟੇਜ਼ ਚੈਕ ਟੀਮ ਨੇ ਡਾੱਗ ਸੁਕੈਅਡ ਤੇ ਹੋਰ ਅਤਿ ਅਧੁਨਿਕ ਯੰਤਰਾਂ ਨਾਲ ਰੈਲੀ ਵਾਲੀ ਥਾਂ ਦੀ ਚੈਕਿੰਗ ਕੀਤੀ। ਟੀਮ ਵਿੱਚ ਏ.ਐਸ.ਆਈ. ਹਰਵਿੰਦਰ ਸਿੰਘ, ਏ.ਐਸ.ਆਈ. ਬੂਟਾ ਸਿੰਘ , ਏ.ਐਸ.ਆਈ.ਜੋਗਿੰਦਰ ਸਿੰਘ ਅਤੇ ਡਾੱਗ ਮਾਸਟਰ ਵਰਿੰਦਰ ਸਿੰਘ ਆਦਿ ਸ਼ਾਮਿਲ ਰਹੇ।