ਹਰਿੰਦਰ ਨਿੱਕਾ, ਪਟਿਆਲਾ, 22 ਸਤੰਬਰ 2022
ਠੱਗਾਂ ਦੇ ਕਿਹੜਾ ਹਲ ਚੱਲਦੇ, ਠੱਗੀ ਮਾਰਦੇ ਗੁਜ਼ਾਰਾ ਕਰਦੇ, ਹਕੀਕਤ ਇਹੋ ਹੈ, ਠੱਗੀਆਂ ਮਾਰਨ ਵਾਲੇ ਹਰ ਦਿਨ ਠੱਗੀਆਂ ਦੇ ਨਵੇਂ ਨਵੇਂ ਢੰਗ ਤਰੀਕੇ ਲੱਭ ਕੇ, ਲੋਕਾਂ ਨੂੰ ਲੱਖਾਂ ਨਹੀਂ, ਕਰੋੜਾਂ ਰੁਪਏ ਦਾ ਚੂਨਾ ਲਾ ਹੀ ਦਿੰਦੇ ਹਨ। ਠੱਗੀ ਦੀ ਹਾਲੀਆ ਘਟਨਾ, ਤ੍ਰਿਪੜੀ ਇਲਾਕੇ ਦੇ ਰਹਿਣ ਵਾਲੇ ਅਤੇ ਐਸ.ਬੀ.ਆਈ. ਦੇ ਖਾਤਾਧਾਰਕ ਹੇਮ ਰਾਜ ਵਰਮਾ ਪੁੱਤਰ ਪ੍ਰੇਮ ਚੰਤ ਵਾਸੀ, ਰਤਨ ਨਗਰ ਨਾਲ ਵਾਪਰੀ ਹੈ। ਪੁਲਿਸ ਨੂੰ ਲੰਘੇ ਵਰ੍ਹੇ ਦਿੱਤੀ ਸ਼ਕਾਇਤ ਵਿੱਚ ਹੇਮਰਾਜ ਵਰਮਾ ਨੇ ਦੱਸਿਆ ਕਿ ਉਸ ਦੇ ਐਸ.ਬੀ.ਆਈ. ਬੈਂਕ ਵਿੱਚ 2 ਖਾਤੇ ਹਨ । ਉਸ ਨੂੰ ਕਿਸੇ ਨਾ-ਮਾਲੂਮ ਵਿਅਕਤੀ/ਵਿਕਅਤੀਆਂ ਨੇ ਬੈਂਕ ਅਧਿਕਾਰੀ ਬਣ ਕੇ ਫੋਨ ਕੀਤਾ। ਖੁਦ ਨੂੰ ਬੈਂਕ ਅਧਿਕਾਰੀ ਦੱਸਣ ਵਾਲਿਆਂ ਨੇ ਮੁਦਈ ਦੀ YONO ਐਪ ਚਲਾਉਣ ਦਾ ਝਾਂਸਾ ਦੇ ਕੇ ਉਸ ਦੇ ਖਾਤਿਆਂ ਦੀ ਸਾਰੀ ਜਾਣਕਾਰੀ ਹਾਸਲ ਕਰ ਲਈ ਅਤੇ ਉਸ ਦੇ ਬੈਂਕ ਖਾਤਿਆਂ ਨਾਲ ਪਹਿਲਾਂ ਤੋਂ ਰਜਿਸਟਰ ਮੋਬਾਇਲ ਨੰਬਰ ਬਦਲ ਦਿੱਤੇ । ਫਿਰ ਸ਼ੁਰੂ ਕਰ ਦਿੱਤਾ ਠੱਗੀ ਦਾ ਖੇਡ, ਅਖੌਤੀ ਬੈਂਕ ਅਧਿਕਾਰੀ ਨੇ 5 ਲੱਖ ਰੁਪਏ ਦਾ ਲੋਨ ਲੈ ਕੇ 2,25,025 ਰੁਪਏ ਕਢਵਾ ਵੀ ਲਏ ਅਤੇ ਦੂਜੇ ਖਾਤੇ ਵਿੱਚੋ ਵੀ 40 ਹਜਾਰ ਰੁਪਏ ਕਢਵਾ ਲਏ ਅਤੇ FD ਤੋੜ ਕੇ 1,99,499 ਰੁਪਏ ਹੋਰ ਖਾਤਿਆਂ ਵਿੱਚ ਟਰਾਫਸਰ ਵੀ ਕਰ ਲਏ। ਉਨ੍ਹਾਂ ਦੱਸਿਆ ਕਿ ਨਾਮਾਲੂਮ ਮਾਲੂਮ ਵਿਅਕਤੀ/ਵਿਅਕਤੀਆਂ ਨੇ ਬੈਂਕ ਅਧਿਕਾਰੀ/ ਕਰਮਚਾਰੀ ਬਣ ਕੇ ਉਸ ਨਾਲ ਕੁੱਲ 4,24,524 ਰੁਪਏ ਦੀ ਧੋਖਾਧੜੀ ਕੀਤੀ ਹੈ। ਥਾਣਾ ਤ੍ਰਿਪੜੀ ਦੇ ਐਸ.ਐਚ.ੳ ਕਰਨਵੀਰ ਸਿੰਘ ਸੰਧੂ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕਰਕੇ, ਅਣਪਛਾਤੇ ਦੋਸ਼ੀਆਂ ਖਿਲਾਫ U/S 406,420, 120-B IPC ਤਹਿਤ ਕੇਸ ਦਰਜ਼ ਕਰਕੇ, ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।