ਪੀ.ਐਸ.ਐਮ.ਐਸ.ਯੂ. ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਆਯੋਜਿਤ ਜੋਨਲ ਰੈਲੀ ਮੌਕੇ ਭਾਰੀ ਇਕੱਠ
ਲੁਧਿਆਣਾ, 13 ਸਤੰਬਰ (ਦਵਿੰਦਰ ਡੀ ਕੇ)
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ.) ਵੱਲੋਂ, ਸਥਾਨਕ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ (ਡੀ.ਸੀ. ਦਫ਼ਤਰ) ਵਿਖੇ ਆਯੋਜਿਤ ਜੋਨਲ ਰੈਲੀ ਮੌਕੇ ਮੁਲਾਜ਼ਮ ਸਾਥੀਆਂ ਵੱਲੋਂ ਵੱਧ ਚੜ੍ਹਕੇ ਸ਼ਮੂਲੀਅਤ ਕਰਦਿਆਂ ਰੈਲੀ ਨੂੰ ਕਾਮਯਾਬ ਕੀਤਾ ਗਿਆ।
ਅੱਜ ਦੀ ਰੈਲੀ ਵਿੱਚ ਜ਼ਿਲ੍ਹਾ ਲੁਧਿਆਣਾ, ਹੁਸ਼ਿਆਰਪੁਰ, ਮਲੇਰਕੋਟਲਾ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਜ਼ਿਲ੍ਹਾ ਜਲੰਧਰ ਤੋਂ ਆਏ ਮੁਲਾਜ਼ਮ ਸਾਥੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪੀ.ਐਸ.ਐਮ.ਐਸ.ਯੂ. ਸਟੇਟ ਬਾਡੀ ਦੇ ਜਨਰਲ ਸਕੱਤਰ ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਯੂਨੀਅਨ ਨਾਲ ਕੀਤੇ ਵਾਅਦਿਆਂ ਨੂੰ ਅਣਗੌਲਿਆ ਕਰਨਾ ਬੇਹੱਦ ਸ਼ਰਮਨਾਕ ਅਤੇ ਮੰਦਭਾਗਾ ਹੈ। ਉਨ੍ਹਾ ਕਿਹਾ ਕਿ ਇਹ ਗੱਲ ਜਗ ਜਾਹਿਰ ਹੈ ਕਿ ਆਮ ਆਦਮੀ ਪਾਰਟੀ ਵੱਲੋਂ, ਮੁਲਾਜ਼ਮ ਵਰਗ ਦੁਆਰਾ ਕੀਤੇ ਰੋਸ ਪ੍ਰਦਰਸ਼ਣਾਂ ਵਿੱਚ ਨਿੱਜੀ ਪੱਧਰ ਉੱਤੇ ਪਹੁੰਚ ਕੇ ਸੱਤਾ ਵਿੱਚ ਆਉਣ ਤੇ ਉਨ੍ਹਾ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ ਕਰਦੇ ਸਨ। ਇਸ ਤੋਂ ਇਲਾਵਾ ਆਪ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਵੱਖ-ਵੱਖ ਸਟੇਜ਼ਾਂ ਤੋਂ ਮੁਲਾਜ਼ਮ ਵਰਗ ਦੇ ਹਿੱਤਾਂ ਦੀ ਰਾਖੀ ਲਈ ਵੀ ਭਰੋਸਾ ਦਿਵਾਇਆ ਸੀ ਪਰੰਤੂ ਅਫਸੋਸ ਇਸ ਗੱਲ ਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਮੁਲਾਜ਼ਮ ਵਰਗ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਾਂ ਉਨ੍ਹਾਂ ਦਾ ਘਾਣ ਕਰਦਿਆਂ ਮੁਲਾਜ਼ਮ ਮਾਰੂ ਪੱਤਰ ਜਾਰੀ ਕੀਤੇ ਜਾ ਰਹੇ ਹਨ।
ਰੈਲੀ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪੀ.ਐਸ.ਐਮ.ਐਸ.ਯੂ. ਸਟੇਟ ਬਾਡੀ ਦੇ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਸਕੱਤਰੇਤ ਯੂਨੀਅਨ ਦੇ ਪ੍ਰਧਾਨ ਸ. ਸੁਖਚੈਨ ਖਹਿਰਾ, ਡੀ.ਸੀ. ਇੰਪਲਾਈ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਪੀ.ਐਸ.ਐਮ.ਐਸ. ਯੂ. ਦੇ ਸਰਪ੍ਰਸਤ ਸ੍ਰੀ ਰਘੁਵੀਰ ਸਿੰਘ ਬੜਵਾਲ ਵੱਲੋਂ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ।
ਪੀ.ਐਸ.ਐਮ.ਐਸ.ਯੂ. ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਅਮਿਤ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸੂਬੇ ਵਿੱਚ ਕਾਬਜ਼ ਆਮ ਆਦਮੀ ਪਾਰਟੀ ਨੂੰ ਬੇਰੁਖੀ ਅਤੇ ਵਾਅਦਾਖਿਲਾਫੀ ਰਵੱਈਏ ਦਾ ਖਾਮਿਆਜ਼ਾ ਸਾਡੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਖੇ ਹੋਣ ਵਾਲੀਆਂ ਆਗਾਮੀ ਚੋਣਾਂ ਵਿੱਚ ਵੀ ਭੁਗਤਣਾ ਪਵੇਗਾ ਜਿੱਥੇ ਪੀ.ਐਸ.ਐਮ.ਐਸ.ਯੂ. ਵੱਲੋਂ ਉਨ੍ਹਾਂ ਦਾ ਪੁਰਜ਼ੋਰ ਵਿਰੋਧ ਵੀ ਕੀਤਾ ਜਾਵੇਗਾ।
ਜ਼ਿਲ੍ਹਾ ਹੁਸਿਆਰਪੁਰ ਤੋਂ ਸ੍ਰੀ ਅਨਿਰੁੱਧ ਮੌਦਗਿਲ, ਜਲੰਧਰ ਤੋਂ ਸ੍ਰੀ ਪਵਨ ਕੁਮਾਰ, ਨਵਾਂਸ਼ਹਿਰ ਤੋਂ ਸ੍ਰੀ ਅਜੇ ਸਿੱਧੂ ਵੱਲੋਂ ਸਾਂਝੇ ਤੌਰ ਉੱਤੇ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਪੰਜਾਬ ਸੂਬੇ ਵਿੱਚ ਉਨ੍ਹਾਂ ਦੀ ਸਰਕਾਰ ਬਣਨ ਉੱਤੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਪਹਿਲ ਦੇ ਆਧਾਰ ਉੱਤੇ ਬਹਾਲ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਗਵ, ਤਜਿੰਦਰ ਸਿੰਘ ਢਿੱਲੋਂ, ਲਖਵੀਰ ਸਿੰਘ ਗਰੇਵਾਲ ਅਤੇ ਵਿੱਤ ਸਕੱਤਰ ਸੁਨੀਲ ਕੁਮਾਰ ਵੱਲੋਂ ਸਾਂਝੇ ਤੌਰ ਉੱਤੇ ਕਿਹਾ ਗਿਆ ਕਿ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਦੇ ਨਾਲ-ਨਾਲ ਬਕਾਇਆ ਡੀ.ਏ. ਅਤੇ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰਦਿਆਂ ਮੁਲਾਜ਼ਮਾਂ ਦਾ ਭਰੋਸਾ ਜਿੱਤਿਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸਰਕਾਰ ਵੱਲੋਂ ਵੀ ਮੁਲਾਜ਼ਮ ਵਿਰੋਧੀ ਰੁਖ ਅਖਤਿਆਰ ਕੀਤਾ ਜਾ ਰਿਹਾ ਹੈ।