ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਮਾਲ ਵਿਭਾਗ ਨਾਲ ਸਬੰਧਿਤ ਮੁੱਦਿਆਂ ਦੀ ਮੀਟਿੰਗ
ਫਾਜ਼ਿਲਕਾ 12 ਸਤੰਬਰ 2022 (ਪੀ.ਟੀ.ਨੈਟਵਰਕ)
ਮਾਲ ਵਿਭਾਗ ਨਾਲ ਸਬੰਧਿਤ ਮੁੱਦਿਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਡਿਪਟੀ ਕਮਿਸ਼ਨਰ ਸ੍ਰੀ. ਹਿਮਾਂਸੂ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਡਿਪਟੀ ਕਮਿਸਨਰ ਵੱਲੋਂ ਮੇਰਾ ਘਰ ਮੇਰੇ ਨਾਮ ਦੀ ਸਕੀਮ ਅਤੇ ਫਸਲਾਂ ਦੇ ਖਰਾਬੇ ਦੀ ਸਪੈਸ਼ਲ ਗਿਰਦਾਵਰੀ ਸਬੰਧੀ ਸਬੰਧਿਤ ਵਿਭਾਗਾਂ ਦੇ ਅਫਸਰਾਂ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨ. ਅਕਾਸ ਬਾਂਸਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰੁਣ ਕੁਮਾਰ ਅਤੇ ਐੱਸ.ਡੀ.ਐੱਮ. ਰਵਿੰਦਰ ਸਿੰਘ ਅਰੋੜਾ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕੋਲੋਂ ਕੀਮਤੀ ਸੁਝਾਅ ਲੈਣ ਤੋਂ ਇਲਾਵਾ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਵੀ ਸੁਣਿਆ। ਉਨ੍ਹਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਫਸਲਾਂ ਦੇ ਖਰਾਬੇ ਤੇ ਜੋ ਵੀ ਸਰਕਾਰ ਵੱਲੋਂ ਮੁਆਵਜਾ ਆਉਂਦਾ ਹੈ ਉਸ ਨੂੰ ਨਿਸਚਿਤ ਸਮੇਂ ਅੰਦਰ ਯੋਗ ਕਿਸਾਨ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿਸਾਨਾਂ ਦੇ ਫਸਲਾਂ ਦੇ ਖਰਾਬੇ ਦੀ ਰਿਪੋਰਟ 30 ਸਤੰਬਰ 2022 ਤੱਕ ਉਨ੍ਹਾਂ ਤੱਕ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗੀ ਅਧਿਕਾਰੀਆਂ ਨੂੰ ਇਸ ਸਬੰਧੀ ਕੋਈ ਵੀ ਮੁਸ਼ਕਲ ਪੇਸ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਓ ਤਾਂ ਜੋ ਮੁਸ਼ਕਲਾਂ ਦਾ ਸਮੇਂ ਸਿਰ ਨਿਪਟਾਰਾ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਉਨ੍ਹਾਂ ਵੱਲੋਂ ਮਾਲ ਵਿਭਾਗ ਦੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਜ਼ਮੀਨਾਂ ਦੀਆਂ ਜਮਾਂਬੰਦੀਆਂ ਅਤੇ ਮੁਸਾਵੀਆਂ ਦੀ ਵੈਲੀਡੇਸ਼ਨ ਦੱਸਣ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਮ ਜਨਤਾ ਨੂੰ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਨਿਰਧਾਰਿਤ ਸਮਾਂ ਹੱਦ ਵਿਚ ਮੁਹੱਈਆ ਕਰਵਾਉਣ ਅਤੇ ਲੰਬਿਤ ਪਈਆਂ ਵਿਭਾਗੀ ਦਰਖਾਸਤਾਂ ਦਾ ਵੀ ਜਲਦੀ ਨਿਪਟਾਰਾ ਕਰਵਾਉਣ।
ਇਸ ਮੌਕੇ ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ, ਨਾਇਬ ਤਹਿਸੀਲਦਾਰ ਵਿਕਰਮ ਗੁੰਬਰ, ਅਵਿਨਾਸ਼ ਚੰਦਰ, ਨਵਜੀਵਨ ਛਾਬੜਾ, ਸਦਰ ਕਾਨੂੰਗੋ ਚਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਪਟਵਾਰੀ, ਕਾਨੂੰਗੋ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।