ਐਲਾਨ , ਜੇਕਰ ਪਰਚੇ ਰੱਦ ਨਾ ਕੀਤਾ ਤਾਂ ਮੌੜ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਹੋਊ ਧਰਨਾ ਸੁਰੂ
ਅਸ਼ੋਕ ਵਰਮਾ , ਮੌੜ ਮੰਡੀ 12 ਸਤੰਬਰ 2022
ਪਿੰਡ ਮੌੜ ਚੜ੍ਹਤ ਸਿੰਘ ਦੇ ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ ਵੱਲੋਂ ਆਪਣੇ ਖੇਤ ਨੂੰ ਉਪਜਾਊ ਬਣਾਉਣ ਲਈ ਚੱਕੇ ਜਾ ਰਹੇ ਟਿੱਬੇ ਨੂੰ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਨਾਜਾਇਜ਼ ਮਾਈਨਿੰਗ ਕਹਿ ਕੇ ਦਰਜ ਕਰਵਾਏ ਪੁਲੀਸ ਕੇਸ ਸੰਬੰਧੀ ਪੜਤਾਲ ਕਰਨ ਲਈ ,ਅੱਜ ਐੱਸਐੱਸਪੀ ਬਠਿੰਡਾ ,ਐਸਡੀਐਮ ਮੌੜ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਖੇਤਾਂ ਵਿੱਚ ਮੌਕਾ ਮੁਆਇਨਾ ਕਰਨ ਲਈ ਪਹੁੰਚੀ । ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਦੀ ਅਗਵਾਈ ਵਿਚ ਇਸ ਪੁਲਸ ਕੇਸ ਨੂੰ ਰੱਦ ਕਰਾਉਣ ਲਈ ਇਕ ਵਫ਼ਦ ਐੱਸਐੱਸਪੀ ਬਠਿੰਡਾ ਨੂੰ ਮਿਲਿਆ ਸੀ ਜਿਸ ਸੰਬੰਧੀ ਉਨ੍ਹਾਂ ਨੇ 12 ਸਤੰਬਰ ਨੂੰ ਪੜਤਾਲ ਕਰਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ । ਅੱਜ ਇੱਥੇ ਪਹੁੰਚੇ ਸ਼ਿੰਗਾਰਾ ਸਿੰਘ ਮਾਨ ਸਮੇਤ ਜ਼ਿਲ੍ਹਾ ਟੀਮ ਜਸਵੀਰ ਸਿੰਘ ਬੁਰਜ ਸੇਮਾ ,ਜਗਦੇਵ ਸਿੰਘ ਜੋਗੇਵਾਲਾ, ਰਾਜਵਿੰਦਰ ਸਿੰਘ ਰਾਜੂ, ਜਗਸੀਰ ਸਿੰਘ ਝੁੰਬਾ ਆਦਿ ਆਗੂਆਂ ਨੇ ਪ੍ਰਸ਼ਾਸਨ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਦਿਖਾਇਆ ਖੇਤ ਵਿੱਚ ਟਿੱਬੇ ਹਨ ਤੇ ਜਮੀਨ ਨੂੰ ਨਹਿਰੀ ਪਾਣੀ ਲਾਉਣ ਦੇ ਯੋਗ ਬਣਾਉਣ ਲਈ ਘੱਟ ਤੋਂ ਘੱਟ ਅੱਠ ਨੌੰ ਫੁੱਟ ਮਿੱਟੀ ਖੇਤ ਵਿਚ ਚੁੱਕਣੀ ਪੈਣੀ ਹੈ । ਆਗੂਆਂ ਨੇ ਐਸਐਸਪੀ ਨੂੰ ਖੇਤ ਵਿੱਚ ਲੱਗੀ ਟਰੈਕਟਰ ਵਾਲੀ ਝਿਰੀ ਵੀ ਦਿਖਾਈ ,ਜਿਸ ਨੂੰ ਐਮਐਲਏ ਕਹਿ ਰਿਹਾ ਹੈ ਕਿ ਖੇਤ ਵਿੱਚ ਕੋਈ ਝਿਰੀ ਨਹੀਂ ਲੱਗੀ ।ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਟਿੱਬਿਆਂ ਦੀ ਜ਼ਮੀਨ ਨੂੰ ਪੱਧਰੀ ਕਰਕੇ ਵਾਹੀਯੋਗ ਬਣਾਉਣ ਚੋਂ ਮਾਈਨਿੰਗ ਲੱਗਦੀ ਹੈ । ਤਾਂ ਉਹ ਇਕ ਸਾਲ ਲਈ ਜ਼ਮੀਨ ਮੁਫ਼ਤ ਦੇਣ ਲਈ ਤਿਆਰ ਹਨ ਤੇ ਇਕ ਸਾਲ ਬਾਅਦ ਕਿਸਾਨਾਂ ਨੂੰ ਜ਼ਮੀਨ ਨਹਿਰੀ ਪਾਣੀ ਲੱਗਣਯੋਗ ਪੱਧਰਾ ਕਰ ਕੇ ਦੇ ਦੇਣ । ਇਸ ਤੋਂ ਬਾਅਦ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਬਲਾਕ ਦੀ ਮੀਟਿੰਗ ਕਰ ਕੇ ਨਾਜਾਇਜ਼ ਮਾਈਨਿੰਗ ਦਾ ਕੀਤਾ ਪੁਲਸ ਕੇਸ ਰੱਦ ਕਰਾਉਣ ਲਈ ਜ਼ਿਲ੍ਹੇ ਵੱਲੋਂ ਕੀਤੇ ਫ਼ੈਸਲੇ ਮੁਤਾਬਕ 14 ਅਤੇ 15 ਸਤੰਬਰ ਨੂੰ ਹਲਕਾ ਮੌੜ ਵਿਧਾਨ ਸਭਾ ਹਲਕੇ ਦੇ ਅੰਦਰ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਨ ਦੀ ਵਿਉਂਤਬੰਦੀ ਕੀਤੀ ।ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਬਬਲੀ ਨੇ ਕਿਹਾ ਕਿ ਜੇਕਰ ਪਰਚੇ ਰੱਦ ਨਾ ਕੀਤਾ ਤਾਂ ਮੌੜ ਥਾਣੇ ਅੱਗੇ ਲਗਾਤਾਰ ਧਰਨਾ ਸੁਰੂ ਕੀਤਾ ਜਾਵੇਗਾ।