ਵਿਦੇਸ਼ ਪਹੁੰਚੀ ਲਾੜੀ ਤੇ ਪਰਿਵਾਰ ਖਿਲਾਫ ਠੱਗੀ ਦਾ ਕੇਸ ਦਰਜ਼
ਹਰਿੰਦਰ ਨਿੱਕਾ, ਪਟਿਆਲਾ 10 ਸਤੰਬਰ 2022
ਯਾਰੀ ਲੱਗੀ ਤੋਂ ਲੁਆ ਦਿੱਤੇ ਤਖਤੇ ਤੇ ਟੁੱਟ ਗਈ ਚੁਗਾਠ ਪੱਟ ਲਈ, ਬਿਲਕੁਲ ਇਸੇ ਤਰਾਂ ਹੀ ਵਿਦੇਸ਼ ਜਾਣ ਲਈ ਕਾਹਲੀ ਲੜਕੀ ਨੇ ਆਪਣੇ ਪਤੀ ਤੋਂ ਵਿਦੇਸ਼ ਜਾਣ ਲਈ 26 ਲੱਖ ਰੁਪਏ ਦਾ ਖਰਚਾ ਤਾਂ ਕਰਵਾ ਲਿਆ, ਪਰ, ਵਿਦੇਸ਼ੀ ਧਰਤੀ ਤੇ ਪਹੁੰਚਦਿਆਂ ਹੀ,ਉਸ ਨੇ ਪਤੀ ਤੋਂ ਮੂੰਹ ਮੋੜ ਲਿਆ। ਤੇ, ਉੱਧਰ ਲੜਕੇ ਦੇ ਪਿਉ ਨੇ ਵੀ, ਵਿਦੇਸ਼ ਪਹੁੰਚੀ ਲੜਕੀ ਅਤੇ ਉਸ ਦੇ ਮਾਂ-ਪਿਉ ਤੇ ਭਰਾ ਦੇ ਖਿਲਾਫ ਸਾਜਿਸ਼ ਤਹਿਤ ਠੱਗੀ ਕਰਨ ਦਾ ਕੇਸ ਦਰਜ਼ ਕਰਵਾ ਦਿੱਤਾ। ਹੁਣ ਪੁਲਿਸ ਦੋਸ਼ੀਆਂ ਦੀ ਤਲਾਸ਼ ਵਿੱਚ ਮੁਸਤੈਦ ਹੋ ਗਈ ਹੈ। ਦਿਲਬਾਗ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਗੱਜੂ ਖੇੜਾ , ਥਾਣਾ ਬਨੂੜ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਦੱਸਿਆ ਕਿ ਉਸ ਦੇ ਲੜਕੇ ਗੁਰਦੀਪ ਸਿੰਘ ਦਾ ਵਿਆਹ ਰਮਨੀਤ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ, ਕਿਸ਼ਨਪੁਰਾ, ਬੱਸੀ ਪਠਾਣਾ, ਜਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਹੋਇਆ ਸੀ। ਸ਼ਾਦੀ ਤੋਂ ਪਹਿਲਾਂ ਹੀ ਦੋਵਾਂ ਧਿਰਾ ਵਿੱਚ ਇਹ ਤੈਅ ਹੋਇਆ ਸੀ ਕਿ ਰਮਨੀਤ ਕੌਰ ਵਿਦੇਸ਼ ਜਾਵੇਗੀ ਅਤੇ ਵਿਦੇਸ਼ ਜਾਣ ਤੇ ਹੋਣ ਵਾਲਾ ਸਾਰਾ ਖਰਚਾ ਮੁਦਈ ਧਿਰ ਵੱਲੋ ਕੀਤਾ ਜਾਵੇਗਾ। ਤੈਅ ਸ਼ਰਤ ਮੁਤਾਬਿਕ ਰਮਨੀਤ ਕੌਰ ਦੇ ਵਿਦੇਸ਼ ਜਾਣ ਲਈ ਮੁਦਈ ਧਿਰ ਵੱਲੋ 26 ਲੱਖ ਰੁਪਏ ਦਾ ਖਰਚਾ ਕੀਤਾ ਗਿਆ। ਰਮਨੀਤ ਕੌਰ ਵਿਦੇਸ਼ ਪਹੁੰਚ ਗਈ, ਪਰ ਉੱਥੇ ਜਾ ਕੇ , ਉਹ ਬਦਲ ਗਈ ਤੇ ਆਪਣੇ ਪਤੀ ਗੁਰਦੀਪ ਸਿੰਘ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ, ਰਮਨੀਤ ਕੌਰ ਨੇ ਆਪਣੇ ਪਤੀ ਨੂੰ ਵਿਦੇਸ਼ ਬੁਲਾਉਣ ਤੋ ਵੀ ਸਾਫ ਇਨਕਾਰ ਕਰ ਦਿੱਤਾ। ਰਮਨੀਤ ਕੌਰ ਤੇ ਉਸ ਦੇ ਪਰਿਵਾਰ ਦੇ ਰਵੱਈਏ ਤੋਂ ਸਾਫ ਹੋ ਗਿਆ ਕਿ ਰਮਨੀਤ ਕੌਰ, ਉਸ ਦੇ ਪਿਤਾ ਅਵਤਾਰ ਸਿੰਘ, ਮਾਂ ਚਰਨਜੀਤ ਕੋਰ ਅਤੇ ਭਰਾ ਗਗਨਪ੍ਰੀਤ ਸਿਘ ਵਾਸੀਆਨ ਕਿਸ਼ਨਪੁਰਾ, ਬੱਸੀ ਪਠਾਣਾ , ਜਿਲ੍ਹਾ ਫਤਿਹਗੜ੍ਹ ਸਾਹਿਬ ਨੇ ਮਿਲੀਭੁਗਤ ਕਰਕੇ, ਮੁਦਈ ਨਾਲ ਠੱਗੀ ਮਾਰੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਨਾਮਜਦ ਦੋਸ਼ੀਆਂ ਖਿਲਾਫ ਥਾਣਾ ਬਨੂੜ ਵਿਖੇ ਅਧੀਨ ਜ਼ੁਰਮ 420,120-B IPC. ਤਹਿਤ ਕੇਸ ਦਰਜ਼ ਕਰਕੇ, ਤਫਤੀਸ਼ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।