ਕਿਉਂ ਨਾ ਤੁਹਾਡੇ ਤੋਂ ਵਸੂਲੀ ਜਾਵੇ 3 ਮਹੀਨਿਆਂ ਦੀ ਹੌਲਦਾਰ ਗਗਨਦੀਪ ਨੂੰ ਦਿੱਤੀ ਤਨਖਾਹ , ਐਸਐਚਉ ਤੇ ਹੌਲਦਾਰ ਦੀ ਵਿਭਾਗੀ ਜਾਂਚ ਸ਼ੁਰੂ
ਹਰਿੰਦਰ ਨਿੱਕਾ ਪਟਿਆਲਾ 5 ਮਈ 2020
ਪੁਲਿਸ ਦੀ ਏ ਕੇ 47 ਨਾਲ ਗਾਇਕ ਸਿੱਧੂ ਮੂਸੇਵਾਲਾ ਦੁਆਰਾ ਬਰਨਾਲਾ ਜਿਲ੍ਹੇ ਦੇ ਬਡਬਰ ਪਿੰਡ ਚ, ਕੀਤੀ ਗਈ ਫਾਇਰਿੰਗ ਦੇ ਮਾਮਲੇ ਨੂੰ ਐਸਐਸਪੀ ਪਟਿਆਲਾ ਨੇ ਵੀ ਕਾਫੀ ਗੰਭੀਰਤਾ ਨਾਲ ਲਿਆ ਹੈ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਹੌਲਦਾਰ ਗਗਨਦੀਪ ਸਿੰਘ ਨੂੰ ਅਣਅਧਿਕਾਰਤ ਤੌਰ ਤੇ ਡੀਐਸਪੀ ਵਿਰਕ ਨਾਲ ਬਤੌਰ ਗੰਨਮੈਨ ਭੇਜਣ ਵਾਲੇ ਥਾਣਾ ਜੁਲਕਾਂ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਭਿੰਡਰ ਅਤੇ ਹੌਲਦਾਰ ਗਗਨਦੀਪ ਸਿੰਘ ਨੂੰ ਮੁਅੱਤਲ ਕਰਕੇ ਦੋਵਾਂ ਦੀ ਵਿਭਾਗੀ ਜਾਂਚ ਦਾ ਹੁਕਮ ਵੀ ਦਿੱਤਾ ਹੈ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਵੱਲੋਂ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋਣ ‘ਤੇ ਪੁਲਿਸ ਥਾਣਾ ਧਨੋਲਾ ਜ਼ਿਲੇ ਬਰਨਾਲਾ ਵਿਚ ਧਾਰਾ 57 ਤੇ 188 ਆਈ ਪੀ ਸੀ ਅਤੇ 51 ਡੀ ਐਮ ਏ 2005 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਵੀਡੀਓ ਨੂੰ ਚ, ਸਾਹਮਣੇ ਆਇਆ ਹੈਡ ਕਾਂਸਟੇਬਲ ਗਗਨਦੀਪ ਸਿੰਘ 3330 ਪਟਿਆਲਾ , ਜੋ ਕਿ ਬਿਨਾਂ ਸੀਨੀਅਰ ਅਫਸਰਾਂ ਨੂੰ ਸੂਚਿਤ ਕੀਤਿਆਂ ਅਣਅਧਿਕਾਰਤ ਤੌਰ ‘ਤੇ ਡੀ ਐਸ ਪੀ ਦਲਜੀਤ ਸਿੰਘ ਵਿਰਕ ਹੈਡਕੁਆਰਟਰ ਸੰਗਰੂਰ ਕੋਲ ਤਾਇਨਾਤ ਕੀਤਾ ਗਿਆ ਸੀ। ਗੈਰਕਾਨੂੰਨੀ ਢੰਗ ਨਾਲ ਇਹ ਤਾਇਨਾਤੀ ਗੁਰਪ੍ਰੀਤ ਸਿੰਘ ਭਿੰਡਰ ਐਸ ਐਚ ਓ ਜ਼ੁਲਕਾਂ ਨੇ ਆਪਣੇ ਪੱਧਰ ਤੇ ਹੀ ਕਰ ਦਿੱਤੀ ਸੀ। ਇਸ ਵੱਡੀ ਕੁਤਾਹੀ ਲਈ ਗੁਰਪ੍ਰੀਤ ਸਿੰਘ ਭਿੰਡਰ ਐਸ ਐਚ ਓ ਤੇ ਹੈਡ ਕਾਂਸਟੇਬਲ ਗਗਨਦੀਪ ਸਿੰਘ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਇਹਨਾਂ ਦੋਵਾਂ ਦੇ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੂੰ ਗੰਨਮੈਨ ਦੀ ਅਣਅਧਿਕਾਰਤ ਤਾਇਨਾਤੀ ਲਈ ਤਿੰਨ ਮਹੀਨੇ ਦੀ ਤਨਖਾਹ ਦੀ ਕਟੌਤੀ ਦਾ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਪੰਜਾਬ ਵਿਚ ਅਜਿਹਾ ਨੋਟਿਸ ਪਹਿਲੀ ਵਾਰ ਜਾਰੀ ਕੀਤਾ ਗਿਆ ਹੈ।