ਪੀ.ਟੀ. ਐਨ , ਫਾਜਿਲ਼ਕਾ, 31 ਅਗਸਤ 2022
ਕੌਮੀ ਜਨਗਣਨਾ ਸਬੰਧੀ ਅੱਜ ਇੱਥੇ ਇਕ ਬੈਠਕ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਹਰਚਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ ਜਨਗਣਨਾ ਡਾਇਰੈਕਟੋਰੇਟ ਚੰਡੀਗੜ੍ਹ ਤੋਂ ਡਿਪਟੀ ਡਾਇਰੈਕਟਰ ਸ੍ਰੀ ਲਕਸ਼ਮਣ ਸਿੰਘ ਵਿਸੇਸ਼ ਤੌਰ ਤੇ ਹਾਜਰ ਹੋਏ।
ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਹਰਚਰਨ ਸਿੰਘ ਨੇ ਦੱਸਿਆ ਕਿ ਜਨਗਣਨਾ ਕੋਵਿਡ ਕਾਰਨ ਪਛੇਤੀ ਹੋਈ ਹੈ, ਜਿਸ ਲਈ ਹੁਣ ਤੇਜੀ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਇਸ ਸਬੰਧੀ ਸਾਰੇ ਵਿਭਾਗਾਂ ਨੂੰ ਅਗੇਤੀਆਂ ਤਿਆਰੀਆਂ ਤੇਜੀ ਨਾਲ ਅਤੇ ਸਮਾਂਬੱਧ ਤਰੀਕੇ ਨਾਲ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਜਨਗਣਨਾ ਡਾਇਰੈਕਟੋਰੇਟ ਵੱਲੋਂ ਮੰਗੀ ਜਾਣ ਵਾਲੀ ਹਰੇਕ ਜਾਣਕਾਰੀ ਤੱਥਾਂ ਦੇ ਅਧਾਰ ਤੇ ਭੇਜੀ ਜਾਵੇ।
ਸ੍ਰੀ ਲਕਸ਼ਮਣ ਸਿੰਘ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਵਾਰ ਜਨਗਣਨਾ ਵਿਚ ਮੋਬਾਇਲ ਐਪ ਰਾਹੀਂ ਆਂਕੜੇ ਇੱਕਤਰ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਜਨਗਣਨਾ ਦੋ ਪੜਾਵਾਂ ਵਿਚ ਹੋਵੇਗੀ , ਜਿਸ ਦੇ ਪਹਿਲੇ ਪੜਾਅ ਵਿਚ ਘਰਾਂ ਅਤੇ ਖੇਤਰਾਂ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਦੂਜ਼ੇ ਪੜਾਅ ਵਿਚ ਇਕ ਇਕ ਵਿਅਕਤੀ ਸਬੰਧੀ ਸਾਰੀ ਜਾਣਕਾਰੀ ਇੱਕਤਰ ਕੀਤੀ ਜਾਵੇਗੀ।ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਹਰੇਕ ਜਨਮ ਅਤੇ ਮੌਤ ਨੂੰ ਰਜਸਿਟਰ ਕਰਵਾਉਣਾ ਲਾਜ਼ਮੀ ਹੈ ਅਤੇ ਇਸ ਸਬੰਧੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪਰਿਵਾਰ ਵਿਚ ਜਨਮ ਅਤੇ ਮੌਤ ਦੀ ਰਜਿਸਟੇ੍ਰਸ਼ਨ ਜਰੂਰ ਕਰਵਾਈ ਜਾਵੇ।
ਬੈਠਕ ਵਿਚ ਤਹਿਸੀਲਦਾਰ ਸ੍ਰੀ ਜਗਸੀਰ ਸਿੰਘ, ਸਿਵਲ ਸਰਜਨ ਡਾ: ਰਾਜਿੰਦਰਪਾਲ ਸਿੰਘ ਬੈਂਸ, ਡਿਪਟੀ ਡੀਈਓ ਸ੍ਰੀ ਪੰਕਜ ਅੰਗੀ, ਕਾਰਜ ਸਾਧਕ ਅਫ਼ਸਰ ਸ੍ਰੀ ਮੰਗਤ ਕੁਮਾਰ, ਡੀਪੀਓ ਸ੍ਰੀਮਤੀ ਹਰਦੀਪ ਕੌਰ, ਡਿਪਟੀ ਈਐਸਏ ਦਫ਼ਤਰ ਤੋਂ ਮਨਜਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਆਦਿ ਵੀ ਹਾਜਰ ਸਨ।