? Cm ਸਾਬ੍ਹ , ਆਹ ਕੀ ਹੋ ਰਿਹੈ !
Dc ਨੇ Pcs ਅਫਸਰ ਨੂੰ , Pcs ਅਧਿਕਾਰੀ ਨੇ 53 ਦਿਨ ਬਾਅਦ Eo ਨੂੰ ਸੌਂਪਿਆ ਜਾਂਚ ਦਾ ਜਿੰਮਾ
ਕਲੋਨਾਈਜ਼ਰ ਦਾ ਚੜ੍ਹਿਆ ਜ਼ੋਰ, ਪ੍ਰਸ਼ਾਸ਼ਨ ਤੁਰੇ ਮਸਤਾਨੀ ਤੋਰ
ਪ੍ਰਸ਼ਾਸ਼ਨਿਕ ਪਕੜ-ਕਲੋਨਾਈਜ਼ਰ ਅੱਗੇ ਪ੍ਰਸ਼ਾਸ਼ਨਿਕ ਅਮਲੇ ਨੇ ਗੋਡੇ ਟੇਕੇ!
ਹਰਿੰਦਰ ਨਿੱਕਾ, ਬਰਨਾਲਾ 26 ਅਗਸਤ 2022
ਸੂਬੇ ਦੀ ਸੱਤਾ ਬਦਲੀ, ਪ੍ਰਸ਼ਾਸ਼ਨਿਕ ਅਧਿਕਾਰੀ ਵੀ ਬਦਲੇ, ਜੇ ਕੁੱਝ ਨਹੀਂ ਬਦਲਿਆ ਤਾਂ ,ਉਹ ਪ੍ਰਸ਼ਾਸ਼ਨ ਦੇ ਕੰਮ ਕਰਨ ਦਾ ਢੰਗ ਅਤੇ ਕਲੋਨਾਈਜਰਾਂ ਦੀ ਪ੍ਰਸ਼ਾਸ਼ਨ ਵਿੱਚ ਬੋਲਦੀ ਆ ਰਹੀ ਤੂਤੀ। ਇਸ ਦਾ ਪ੍ਰਤੱਖ ਸਬੂਤ, ਉਦੋਂ ਸਾਹਮਣੇ ਆਇਆ, ਜਦੋਂ ਇੱਕ ਵੱਡੇ ਕਲੋਨਾਈਜ਼ਰ ਦੀਆਂ ਬੇਨਿਯਮੀਆਂ ਤੇ ਸਰਕਾਰੀ ਖਜਾਨੇ ਨੂੰ ਲਗਾਏ ਮੋਟੇ ਚੂਨੇ ਦੇ ਸਬੰਧ ਵਿੱਚ , ਡਿਪਟੀ ਕਮਿਸ਼ਨਰ ਨੂੰ ਦਿੱਤੀ ਹੋਈ ਸ਼ਕਾਇਤ , ਡੀਸੀ ਦਫਤਰ ਤੋਂ ਸ਼ਹਿਰ ਵਿੱਚ ਹੀ ਮੌਜੂਦ ਨਗਰ ਕੌਂਸਲ ਦੇ ਦਫਤਰ ਤੱਕ 53 ਦਿਨਾਂ ਵਿੱਚ ਪਹੁੰਚੀ । ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਮਾਲ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਕੁੱਝ ਅਫਸਰਾਂ ਦੀ ਮਿਲੀਭੁਗਤ ਨਾਲ, ਸਰਕਾਰੀ ਖਜ਼ਾਨੇ ਨੂੰ ਲਾਈ ਸੰਨ੍ਹ ਸਬੰਧੀ, ਕੋਈ ਪੜਤਾਲ ‘ਤੇ ਫਿਰ ਕਥਿਤ ਦੋਸ਼ੀਆਂ ਖਿਲਾਫ ਕੋਈ ਉਚਿਤ ਕਾਨੂੰਨੀ ਕਾਰਵਾਈ ਕਦੋਂ ਅਤੇ ਕਿਹੋ ਜਿਹੀ ਹੋਵੇਗੀ, ਇਸ ਦਾ ਅੰਦਾਜ਼ਾ ਸ਼ਕਾਇਤ ਦੀ ਪੜਤਾਲ ਲਈ ਅਪਣਾਏ ਜਾ ਰਹੇ ਢੰਗ ਤਰੀਕੇ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਕਿਹੋ ਜਿਹਾ ਰਿਹਾ ਸ਼ਕਾਇਤ ਦਾ ਸਫਰ ?
ਜਿਲ੍ਹੇ ਦੇ ਪਿੰਡ ਅਸਪਾਲ ਕਲਾਂ ਦੇ ਰਹਿਣ ਵਾਲੇ ਤੇ ਜਾਗਰੂਕ ਨਾਗਰਿਕ ਜਗਸੀਰ ਸਿੰਘ ਚਹਿਲ ਨੇ ਗਰੀਨ ਐਵਨਿਊ ਫੇਸ-2 , ਹਲਕਾ ਹੰਡਿਆਇਆ ਹਦਬਸਤ ਨੰਬਰ 58 , ਨਿਰਮਾਣ ਅਧੀਨ ਕਲੋਨੀ ਕੱਟਣ ਸਮੇਂ ਕੀਤੀਆਂ ,ਕਥਿਤ ਬੇਨਿਯਮੀਆਂ ਅਤੇ ਘਪਲੇਬਾਜੀਆਂ ਦੀ ਉੱਚ ਪੱਧਰੀ ਜਾਂਚ ਕਰਕੇ , ਕਲੋਨਾਈਜ਼ਰ ਤੇ ਉਸ ਨਾਲ ਮਿਲੀਭੁਗਤ ਜਰੀਏ , ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ, 29 ਜੂਨ 2022 ਨੂੰ ਲਿਖਤੀ ਸ਼ਕਾਇਤ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਦਿੱਤੀ ਸੀ । ਡਿਪਟੀ ਕਮਿਸ਼ਨਰ ਨੇ, ਇਹ ਸ਼ਕਾਇਤ ਪੜਤਾਲ ਤੇ ਅਗਲੀ ਕਾਰਵਾਈ ਲਈ ਜਿਲ੍ਹਾ ਸ਼ਕਾਇਤ ਨਿਵਾਰਣ ਅਧਿਕਾਰੀ PGO ਨੂੰ ਭੇਜੀ ਗਈ, ਜਿਹੜੀ ਸਬੰਧਿਤ ਸ਼ਾਖਾ ਵਿੱਚ ਨੰਬਰ 354968 E-office/30 ਜੂਨ ਨੂੰ ਪਹੁੰਚ ਗਈ ਤੇ ਸ਼ਕਾਇਤ , ਉੱਥੋਂ ਦੀ ਹੀ ਹੋ ਕੇ ਰਹਿ ਗਈ। ਇੱਕ ਦੋ ਦਿਨ, ਜਾਂ ਇੱਕ ਦੋ ਹਫਤੇ ਨਹੀਂ, ਬਲਕਿ ਕਰੀਬ ਦੋ ਮਹੀਨੇ ਬੀਤ ਜਾਣ ਤੱਕ ਵੀ ਜਾਂਚ ਅਧਿਕਾਰੀ ਨੇ ਨਾ ਸ਼ਕਾਇਤਕਰਤਾ ਨੂੰ ਬੁਲਾਇਆ ਅਤੇ ਨਾ ਹੀ ਕਲੋਨਾਈਜ਼ਰ ਜਾਂ ਮਾਮਲੇ ਨਾਲ ਸਬੰਧਿਤ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਤਲਬਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸ਼ਕਾਇਤ ਦੀ ਜਾਂਚ ਕਰਨ ਤੋਂ ਪੱਲਾ ਝਾੜਦਿਆਂ, ਪੀ.ਜੀ.ੳ. ਨੇ ਸ਼ਕਾਇਤ ਦੀ ਪੜਤਾਲ ,ਹੁਣ 22 ਅਗਸਤ ਨੂੰ ਯਾਨੀ 53 ਦਿਨ ਬਾਅਦ ਨਗਰ ਕੌਂਸਲ ਦੇ ਈ.ਉ. ਨੂੰ ਨੰਬਰ 854/LFA ਰਾਹੀਂ ਭੇਜ ਦਿੱਤੀ ਗਈ । ਪੀ.ਜੀ.ੳ. ਦੇ ਹੁਕਮਾਂ ਤੇ ਇਹ ਸ਼ਕਾਇਤ ਨਗਰ ਕੌਂਸਲ ਤੱਕ ਅੱਪੜ ਗਈ ਜਾਂ ਨਹੀਂ, ਇਸ ਸਬੰਧੀ, ਹਾਲੇ ਕੁੱਝ ਸਾਫ ਨਹੀਂ ਹੋ ਸਕਿਆ। ਦੁਰਖਾਸਤ ਦਹਿੰਦਾ ਜਗਸੀਰ ਸਿੰਘ ਚਹਿਲ ਨੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਪ੍ਰਸ਼ਾਸ਼ਨਿਕ ਅਮਲਾ ਫੈਲਾ, ਕਲੋਨਾਈਜ਼ਰ ਨੂੰ ਬਚਾਉਣ ਅਤੇ ਬੇਨਿਯਮੀਆਂ ਅਤੇ ਘਪਲੇ ਤੇ ਪਰਦਾ ਪਾਉਣ ਤੇ ਲੱਗਿਆ ਹੋਇਆ ਹੈ। ਉਨਾਂ ਕਿਹਾ ਕਿ ਮੈਂ ਇਸ ਬਹੁਕਰੋੜੀ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਉਣ ਲਈ, ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕਰਾਂਗਾ।