ਬਰਨਾਲਾ ਚ, ਸ਼ਰੇਆਮ ਵਿਕਦੀ ਨਜ਼ਾਇਜ਼ ਸ਼ਰਾਬ ਦੀ ਖੁੱਲ੍ਹੀ ਪੋਲ , ਵੀਡੀੳ ਵਾਇਰਲ, ਕਰਿੰਦੇ ਤੇ ਕੇਸ ਦਰਜ਼ , ਠੇਕੇਦਾਰ ਤੇ ਪੁਲਿਸ ਮੇਹਰਬਾਨ
ਪੁਲਿਸ ਨੇ ਰੇਡ ਕੀਤੀ, ਪਰ ਦੋਸ਼ੀ ਚਕਮਾ ਦੇ ਕੇ ਹੋਇਆ ਫੁਰਰ
ਹਰਿੰਦਰ ਨਿੱਕਾ ਬਰਨਾਲਾ 3 ਮਈ 2020
ਅੱਖਾਂ ਚ, ਨਜ਼ਾਇਜ਼ ਵਿਕਦੀ, ਛਾਪਾ ਮਾਰ ਲਉ ਪੁਲਿਸਿਉ ਆ ਕੇ, ਜੀ ਹਾਂ, ਮਰਹੂਮ ਲੋਕ ਗਾਇਕ ਕੁਲਦੀਪ ਮਾਣਕ ਦਾ ਗਾਇਆ , ਇਹ ਗੀਤ , ਬਰਨਾਲਾ ਸ਼ਹਿਰ ਚ, ਲੌਕਡਾਉਨ ਦੌਰਾਨ ਸ਼ਰੇਆਮ ਹੁੰਦੀ ਨਜ਼ਾਇਜ਼ ਸ਼ਰਾਬ ਦੀ ਵਿਕਰੀ ਤੇ ਪੂਰਾ ਢੁੱਕਦੈ । ਦਰਅਸਲ ਲੋਕ ਘਰਾਂ ਚ, ਬੰਦ ਨੇ, ਜੇ ਕੋਈ ਜਰੂਰੀ ਸਮਾਨ ਲੈਣ ਲਈ, ਕਿਸੇ ਮਜਬੂਰੀ ਵੱਸ ਬਾਹਰ ਨਿੱਕਲਦਾ ਹੈ ਤਾਂ ਪੁਲਿਸ ਪੂਰਾ ਦਿਨ ਖੁੱਲ੍ਹੀ ਜੇਲ੍ਹ ਚ, ਸਾਰਾ ਦਿਨ ਬਿਠਾ ਕੇ ਰੱਖਦੀ ਹੈ। ਛੱਡਣ ਵੇਲੇ, ਪਤਾ ਲੱਗਦੈ ਕਿ ਡੀਸੀ ਦੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਚ, 188 ਆਈਪੀਸੀ ਜੁਰਮ ਚ, ਕੇਸ ਦਰਜ਼ ਵੀ ਕਰ ਦਿੱਤਾ ਗਿਆ ਹੈ। ਪਰ ਦੂਜੇ ਪਾਸੇ ਕਰਫਿਊ ਦੇ ਬਾਵਜੂਦ ਨਜ਼ਾਇਜ ਸ਼ਰਾਬ ਦੀ ਵਿਕਰੀ ਦਾ ਧੰਦਾ ਪੂਰੇ ਜੋਰਾਂ ਤੇ ਐ । ਪਹਿਲੀ ਗੱਲ ਤਾਂ ਕੋਈ ਪੁਲਿਸ ਵਾਲਾ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ। ਜੇ ਕੋਈ ਸ਼ਰਾਬ ਵੇਚਦਾ ਫੜ੍ਹਿਆ ਗਿਆ। ਫਿਰ ਪੁਲਿਸ , ਕਰਿੰਦੇ ਦੇ ਖਿਲਾਫ ਕੇਸ ਦਰਜ਼ ਕਰਕੇ ਠੇਕੇਦਾਰ ਨੂੰ ਤੱਤੀ ਹਵਾ ਨਹੀਂ ਲੱਗਣ ਦਿੰਦੀ। ਇਹ ਗੱਲ ਇੱਕ ਵਾਰ ਨਹੀਂ ਕਰਫਿਊ ਦੌਰਾਨ ਹੁਣ ਤੱਕ ਦਰਜ਼ ਹੋਏ ਸਾਰਿਆਂ ਕੇਸਾਂ ਚ, ਪ੍ਰਤੱਖ ਨਜ਼ਰ ਆਉੱਦੀ ਹੈ। ਇੱਨ੍ਹਾਂ ਹੀ ਨਹੀਂ, ਸ਼ਰਾਬ ਠੇਕੇਦਾਰ ਦੇ ਖਿਲਾਫ ਕੇਸ ਦਰਜ਼ ਨਾ ਕਰਨ ਬਾਰੇ ਪੁੱਛਣ ਤੇ ਪੁਲਿਸ ਅਧਿਕਾਰੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ । ਉਲਟਾ, ਨਜ਼ਾਇਜ਼ ਸ਼ਰਾਬ ਦੀ ਵਿਕਰੀ ਨੂੰ ਇਹ ਕਹਿ ਕੇ ਰੱਦ ਕਰਦੇ ਹਨ , ਕਿ ਕੁਝ ਲੋਕ ਜਾਨਬੁੱਝ ਕੇ ਪੁਲਿਸ ਨੂੰ ਬਦਨਾਮ ਕਰਦੇ ਹਨ । ਸ਼ਰਾਬ ਵਿਕਰੀ ਦਾ ਇਹ ਮੁੱਦਾ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀ ਛਾਇਆ ਰਿਹਾ। ਇੱਥੋਂ ਤੱਕ ਕਿ ਜਿਲ੍ਹੇ ਦੀ ਇਕਲੌਤੀ ਨਗਰ ਪੰਚਾਇਤ ਹੰਡਿਆਇਆ ਦੀ ਸੱਤਾ ਤੇ ਕਾਬਿਜ ਕਾਂਗਰਸੀ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਨੇ ਵੀ ਹੰਡਿਆਇਆ ਚ, ਸ਼ਰੇਆਮ ਨਜ਼ਾਇਜ ਸ਼ਰਾਬ ਦੀ ਹੁੰਦੀ ਵਿਕਰੀ ਦਾ ਮੁੱਦਾ ਸੋਸ਼ਲ ਮੀਡੀਆ ਤੇ ਉਠਾਇਆ ਸੀ, ਪਰ ਉਸ ਦੀ ਗੱਲ ਤੇ ਵੀ ਕਿਸੇ ਅਧਿਕਾਰੀ ਨੇ ਕੋਈ ਗੌਰ ਨਹੀਂ ਕੀਤੀ। ਆਖਿਰ ਹੁਣ ਨਜ਼ਾਇਜ਼ ਸ਼ਰਾਬ ਵੇਚਦਿਆਂ ਦੀ ਵੀਡੀਉ, ਬਣਾ ਕੇ ਹੀ ਵਾਇਰਲ ਕਰ ਦਿੱਤੀ । ਤਾਂ ਕਿ ਇਲਾਕੇ ਚ, ਵਿਕਦੀ ਸ਼ਰਾਬ ਦਾ ਸੱਚ ਅਧਿਕਾਰੀਆਂ ਦੇ ਅੱਗੇ ਆ ਸਕੇ। ਲੋਕਾਂ ਚ, ਹੁੰਦੀ ਬਦਨਾਮੀ ਦੇ ਡਰੋਂ ਤੁਰੰਤ ਹਰਕਤ ਚ, ਆਈ ਪੁਲਿਸ ਨੇ ਰਾਏਕੋਟ ਰੋਡ ਤੇ ਪੈਂਦੇ ਕੈਸਟਲ ਪੈਲਸ ਦੇ ਸਾਹਮਣੇ ਏਐਸਆਈ ਅਵਤਾਰ ਸਿੰਘ ਦੀ ਅਗਵਾਈ ਵਿੱਚ ਰੇਡ ਵੀ ਕੀਤੀ, ਪਰ ਦੋਸ਼ੀ ਉਦੋਂ ਤੱਕ ਫਰਾਰ ਹੋ ਚੁੱਕਿਆ ਸੀ । ਪੁਲਿਸ ਪਾਰਟੀ ਦੇ ਹੱਥ ਠੇਕੇਦਾਰ ਦਾ ਕਰਿੰਦਾ ਭਾਂਵੇ ਨਹੀਂ ਲੱਗਿਆ। ਪਰ ਮੌਕੇ ਤੋਂ ਅੰਗਰੇਜੀ ਸ਼ਰਾਬ ਦੀਆਂ 84 ਬੋਤਲਾਂ ਅਤੇ ਦੇਸੀ ਸ਼ਰਾਬ ਜਲਵਾ ਦੇ 120 ਅਧੀਏ ਬਰਾਮਦ ਹੋ ਗਏ । ਪੁਲਿਸ ਨੇ ਦੋਸ਼ੀ ਅਜੇ ਦੇ ਖਿਲਾਫ ਕੇਸ ਦਰਜ਼ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ । ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਕਿ ਪੁਲਿਸ ਨੇ ਪਤਾ ਹੋਣ ਦੇ ਬਾਵਜੂਦ ਵੀ ਸ਼ਰਾਬ ਠੇਕੇਦਾਰ ਦੇ ਵਿਰੁੱਧ ਕੋਈ ਕੇਸ ਦਰਜ਼ ਨਹੀਂ ਕੀਤਾ। ਸੂਤਰਾਂ ਮੁਤਾਬਕ ਸ਼ਰਾਬ ਠੇਕੇਦਾਰ ਖੁਦ ਨੂੰ ਬਚਾਉਣ ਲਈ ਯਤਨਸ਼ੀਲ ਹੈ ਅਤੇ ਆਪਣੇ ਕਰਿੰਦੇ ਨੂੰ ਪੇਸ਼ ਕਰਨ ਲਈ ਆਲਾ ਅਧਿਕਾਰੀਆਂ ਨੂੰ ਭਰੋਸਾ ਵੀ ਦੇ ਰਿਹੈ। ਇਹੋ ਜਿਹੇ ਹਾਲਤ ਨੂੰ ਵੇਖ ਕਿ ਲੋਕੀ ਕਹਿੰਦੇ , ਵਾਹ ਜਨਾਬ ਵਾਹ , ਗੱਲਾਂ ਇਮਾਨਦਾਰੀ ਦੀਆਂ, ਤੇ ਕੰਮ ਹੁੰਦੈ ਆਹ !