ਲੋਕਾਂ ‘ਚ ਉਤਸਕਤਾ, ਵਿਜੀਲੈਂਸ ਬਿਊਰੋ ਦੀ ਟੀਮ, ਕਦੋਂ ਪਹੁੰਚੇਗੀ ਕੈਪਟਨ ਦੇ ਸਿਸਵਾਂ ਫਾਰਮ

Advertisement
Spread information

ਅਕਾਲੀਆਂ ਤੇ ਕਾਂਗਰਸੀਆਂ ਦੇ ਵਰ੍ਹੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ , ਭਗਵੰਤ ਮਾਨ ਨੂੰ ਦਾਗਿਆ ਸੁਆਲ !


ਰਿਚਾ ਨਾਗਪਾਲ, ਪਟਿਆਲਾ 23 ਅਗਸਤ 2022

     ਪਿਛਲੇ ਪੰਦਰਾਂ ਸਾਲ, ਪੰਜਾਬ ਵਿੱਚ ਰਾਜਨੀਤਕ ਲੁੱਟ-ਘਸੁੱਟ ਤੇ ਵਿਆਪਕ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ । ਇਸ ਦੌਰ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਭ੍ਰਿਸ਼ਟ ਲੀਡਰਾਂ ਅਤੇ ਉਨ੍ਹਾਂ ਦੇ ਚਹੇਤੇ ਨੌਕਰਸ਼ਾਹਾਂ ਤੇ ਪੁਲਿਸ ਅਫ਼ਸਰਾਂ ਨੇ, ਪੰਜਾਬ ਨੂੰ ਬੜੀ ਬੇਰਹਿਮੀ ਨਾਲ, ਡਾਕੂਆਂ ਵਾਂਗ ਲੁੱਟਿਆ ਹੈ। ਸਰਕਾਰ ਦੇ ਹਰ ਮਹਿਕਮੇਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਤਾਂ ਕੁੱਝ ਵਜ਼ੀਰ, ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੀਆਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਵੀ ਹੜੱਪ ਗਏ।

Advertisement

      ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਬੀਰ ਦਵਿੰਦਰ ਸਿੰਘ ਨੇ ਅੱਗੇ ਕਿਹਾ ਕਿ, ‘ਮੋਤੀ ਮਹਿਲ’ ਪਟਿਆਲਾ ਵਾਲੇ ਰਾਜੇ ਨੇ ਬਾਦਲਾਂ ਦੇ ‘ਪੰਜ-ਤਾਰਾ’ ਡੀਲਕਸ ਹੋਟਲ ‘ਓਬਰਾਏ ਸੁੱਖ ਵਿਲਾਸ’ ਦੇ ਸੰਨ੍ਹ ਵਿੱਚ, ਇੱਕ ਹੋਰ ਨਵਾਂ ‘ਸਿਸਵਾਂ ਮਹਿਲ’ ਉਸਾਰ ਲਿਆ, ਕਿਉਂਕਿ ਪਟਿਆਲੇ ਦੇ 30 ਏਕੜ ਵਿੱਚ ਪਸਰੇ ‘ਨਵੇਂ ਮੋਤੀ ਬਾਗ’ ਅਤੇ ਸਰਕਾਰੀ ‘ਮੁੱਖ ਮੰਤਰੀ ਨਿਵਾਸ’ ਵਿੱਚ ਉਸ ਦਾ ਦਮ ਘੁਟ ਰਿਹਾ ਸੀ। ਬਾਦਲਾਂ ਨੇ ਵੀ ਚੰਡੀਗੜ੍ਹ ਵਿੱਚ ਆਪਣੀਆਂ ਪੁਰਾਣੀਆਂ ਕੋਠੀਆਂ ਢਾਹ ਕੇ, ਹੋਰ ਵਿਸਤਾਰ ਕਰਕੇ ਨਵੀਆਂ ਮਹਿਲ ਨੁਮਾਂ ਕੋਠੀਆਂ ਬਣਾ ਲਈਆਂ, ਬਾਦਲ ਪਿੰਡ ਵਿੱਚ ਵੀ ਨਵੀਆਂ ਹਵੇਲੀਆਂ ਤੇ ਨਵੇਂ ਕਿਲੇ ਉਸਾਰ ਲਏ। ਪੰਜਾਬ ਦੇ ਇਹ ਦੋ ਪ੍ਰਮੁੱਖ ਰਾਜਨੀਤਕ ਪਰਿਵਾਰ ਤਾਂ ਆਪਣੇ ਕਾਰੋਬਾਰ ਦੇ ਵਿਸਥਾਰ ਤੇ ਦੌਲਤਾਂ ਦੇ ਅੰਬਾਰ ਖੜ੍ਹੇ ਕਰਨ ਵਿੱਚ ਹੀ ਲੱਗੇ ਰਹੇ। ਇੱਥੇ ਪੰਜਾਬੀ ਦੇ ਦੋ ਅਖਾਣ ਬੜੇ ਢੁੱਕਦੇ ਹਨ; ਪਹਿਲਾ ਇਹ ਕਿ “ਚੋਰ ਚੋਰ ਮਸੇਰੇ ਭਾਈ” ਦੂਸਰਾ “ ਚੋਰੀ ਦੇ ਥਾਨ ਤੇ ਡਾਂਗਾਂ ਦੇ ਗਜ਼” ਬਸ ਫੇਰ ਕਿਸੇ ਨੂੰ ਕਿਰਕ ਤੇ ਕਿਰਸ ਕਿਹੜੀ ਗੱਲ ਦੀ ਸੀ।

    ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਵਜ਼ੀਰਾਂ ਤੇ ਨੌਕਰਸ਼ਾਹਾਂ ਨੇ ਅਲੱਗ ਲੁੱਟ ਮਚਾਈ ਹੋਈ ਸੀ। ਇਨ੍ਹਾਂ ਸਾਰਿਆਂ ਨੇ ਰਲ਼ ਕੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ । ਪੰਜਾਬ ਦੇ ਲੋਕਾਂ ਨੇ ਹਰ ਪੱਖੋਂ ਤੰਗ ਹੋ ਕੇ ਹੀ, ਪੰਜਾਬ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਹੱਥ ਦਿੱਤੀ ਹੈ ਅਤੇ ਬਾਦਲ ਟੋਲੇ ਨੂੰ ਲੱਕ ਤੋੜਵੀਂ ਹਾਰ ਦਿੱਤੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਦਾ ਰਾਜਨੀਤਕ ਭ੍ਰਿਸ਼ਟਾਚਾਰ ਤੇ ਕੁਸ਼ਾਸਨ ਵਿਰੁੱਧ ਰੋਸ ਇਸ ਕਦਰ ਪ੍ਰਚੰਡ ਸੀ ਕਿ ਲੋਕਾਂ ਨੇ ਆਪਣੀ ਵੋਟ ਰਾਹੀਂ ਮੌਜੂਦਾ ਤੇ ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਮੰਤਰੀ ਸਭ ਨੂੰ ਬੁੜ੍ਹਕਾ ਸੁੱਟਿਆ ਤੇ ਨੱਕ ਚਣੇ ਚਬਾ ਦਿੱਤੇ।

      ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਰਾਜਨੀਤਕ ਅਤੇ ਪ੍ਰਸਾਸ਼ਨਿਕ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਮੁਹਿੰਮ ਸ਼ਲਾਘਾ ਯੋਗ ਹੈ। ਇਸ ਮੁਹਿੰਮ ਨੂੰ ਹਰ ਪੱਖੋਂ ਸਹਿਯੋਗ ਮਿਲਣਾ ਚਾਹੀਦਾ ਹੈ। ਮੈਨੂੰ ਪੂਰਨ ਯਕੀਨ ਹੈ ਕਿ ਜੇ ਪੂਰੀ ਦ੍ਰਿੜ ਇੱਛਾ-ਸ਼ਕਤੀ ਨਾਲ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇ ਤੇ ਕਿਸੇ ਵੀ ਭ੍ਰਿਸ਼ਟ ਲੀਡਰ ਤੇ ਨੌਕਰਸ਼ਾਹ ਦੀ ਕੋਈ ਲਿਹਾਜ ਨਾ ਕੀਤੀ ਜਾਵੇ, ਵਿਆਪਕ ਭ੍ਰਿਸ਼ਟਾਚਾਰ ਰਾਹੀਂ, ਪੰਜਾਬ ਨੂੰ ਲੁੱਟ ਕੇ ਦੇਸਾਂ-ਵਿਦੇਸ਼ਾਂ ’ਚ ਬਣਾਈਆਂ ਜਾਇਦਾਦਾਂ ਕੁਰਕ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਭਰਿਆ ਜਾਵੇ ਤਾਂ ਪੰਜਾਬ ਆਪਣੇ ਆਰਥਿਕ ਸਾਧਨਾ ਰਾਹੀਂ ਹੀ, ਮੁੜ ਆਪਣੇ ਪੈਰਾਂ ਤੇ ਖੜ੍ਹਾ ਹੋ ਸਕਦਾ ਹੈ।

      ਉਨਾਂ ਕਿਹਾ ਕਿ ਇਹ ਸਾਡੇ ਰਾਜਨੀਤਕ ਕਿਰਦਾਰ ਦੇ ਨਿਘਾਰ ਦਾ ਸਿਖਰ ਹੀ ਤਾਂ ਹੈ, ਕਿ ਅਸੀਂ ਚੋਰਾਂ ਤੇ ਲੁਟੇਰਿਆਂ ਦੀਆਂ ਬਰਾਤਾਂ ਲੈ ਕੈ, ਢੋਲ-ਢਮੱਕੇ ਤੇ ਬੈਂਡ-ਬਾਜਿਆਂ ਸਮੇਤ ਠਾਣਿਆਂ ਅੱਗੇ ਜਾ ਕੇ ਦਨਦਨਾਉਂਦੇ ਹਾਂ ਤੇ ਕਾਨੂੰਨ ਨੂੰ ਵੰਗਾਰਦੇ ਹਾਂ ਕਿ ‘ਅਸੀਂ ਸਾਰੇ ਚੋਰ ਰਲਕੇ ਬੜੀ ਸ਼ਾਨ ਨਾਲ, ਇੱਕ ਵੱਡੇ ‘ਚੋਰ ਜੀ’ ਨੂੰ ਲੈ ਕੇ ਆਏ ਹਾਂ, ਜੇ ਕਾਨੂੰਨ ਦੀ ਹਿੰਮਤ ਹੈ ਤਾਂ ‘ਚੋਰ ਜੀ’ ਨੂੰ ਫੜ ਕੇ ਵਿਖਾਓ  । ਇਹ ਕੀ ਤਮਾਸ਼ਾ ਹੋ ਰਿਹਾ ਹੈ ? ਬੜਾ ਹੀ ਅਫ਼ਸੋਸਨਾਕ ਪਹਿਲੂ ਹੈ, ਕਿ ਪ੍ਰਮੁੱਖ ਰਾਜਨੀਤਕ ਪਾਰਟੀਆਂ, ਰਾਜਨੀਤਕ ਚੋਰਾਂ ਤੇ ਡਾਕੂਆਂ ਨੂੰ ਤਿਰਸਕਾਰ ਦੀ ਨਜ਼ਰ ਨਾਲ ਦੇਖਣ ਦੀ ਬਜਾਏ ਉਨ੍ਹਾਂ ਨੂੰ ਸਗੋਂ ਵੱਡੇ ਹੀਰੋ ਬਣਾ ਕੇ, ਪੇਸ਼ ਕਰ ਰਹੀਆਂ ਹਨ।  ਜੇ ਕਿਸੇ ਵੀ ਵਿਅਕਤੀ ਨੇ ਲੋਕਤੰਤਰ ਰਾਹੀਂ ਤਾਕਤ ਹਥਿਆ ਕੇ ਸੱਤ੍ਹਾ ਦਾ ਦੁਰਉਪਯੋਗ ਕਰਕੇ, ਪੰਜਾਬ ਨੂੰ ਅਤੇ ਲੋਕਾਂ ਨੂੰ ਲੁੱਟਿਆ ਹੈ , ਉਸ ਨੂੰ ਕਾਨੂੰਨ ਦੇ ਕਟਿਹਰੇ ਵਿੱਚ ਅਵੱਸ਼ ਖੜ੍ਹਾ ਕਰਨਾ ਚਾਹੀਦਾ ਹੈ ਤਾਂ ਕਿ ਉਸਨੂੰ, ਉਸਦੇ ਕੀਤੇ ਗੁਨਾਹਾਂ ਦੀ ਸਜ਼ਾ ਮਿਲ ਸਕੇ।

      ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਮੈਂ ਸ੍ਰੀ ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ ਨੂੰ, ਪੰਜਾਬ ਦੇ ਲੋਕਾਂ ਦੀ ਇੱਕ ਪਰਬਲ ਇੱਛਾ ਤੋਂ ਜਾਣੂ ਕਰਵਾਉਂਣਾ ਚਾਹੁੰਦਾ ਹਾਂ, ਕਿ ਲੋਕ ਜਾਨਣਾ ਚਾਹੁੰਦੇ ਹਨ ਕਿ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ, ਸਿਸਵਾਂ ਫਾਰਮ ਕਦੋਂ ਪਹੁੰਚੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਪਾਸੋਂ ਉਸਦੇ ਭ੍ਰਿਸ਼ਟਾਚਾਰ ਵਿੱਚ ਲਿਪਤ ਮੰਤਰੀਆਂ ਤੇ ਵਿਧਾਇਕਾਂ ਦੇ ਭ੍ਰਿਸ਼ਟਾਚਾਰ ਦੀ ਸੂਚੀ ਕਦੋਂ ਪ੍ਰਾਪਤ ਕਰੇਗੀ ਤੇ ਕੋਈ ਪੁਖਤਾ ਕਾਰਵਾਈ ਅਮਲ ਵਿੱਚ ਕਦੋਂ  ਲਿਅਵੇਗੀ ?

     ਪੰਜਾਬ ਦੇ ਲੋਕ ਇਹ ਵੇਖਣ ਲਈ ਵੀ ਬੜੇ ਉਤਸੁਕ ਹਨ, ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਉਨ੍ਹਾਂ ਦੇ ਦਾਦੇ ਮਾਹਰਾਜਾ ਭੁਪਿੰਦਰ ਸਿੰਘ ਵੱਲੋਂ, ਅੰਗਰੇਜ਼ਾ ਦੇ ਕਹਿਣ ਤੇ ਉਸਾਰੀ ਗਈ, ਕੇਂਦਰੀ ਜੇਲ੍ਹ ਪਟਿਆਲਾ ਵਿੱਚ ਨਿਵਾਸ ਕਰਨ ਦਾ ਮੌਕਾ ਕਦੋਂ ਦਿੱਤਾ ਜਾਵੇਗਾ ? ਜਾਂ ਹਾਲੇ ਛੋਟੇ-ਮੋਟੇ ਡਾਕੂਆਂ ਨੂੰ ਫੜ ਕੇ ਹੀ ਢੰਗ ਟਪਾਏ ਜਾਣ ਦੀ ਮਨਸ਼ਾ ਹੈ ?

Advertisement
Advertisement
Advertisement
Advertisement
Advertisement
error: Content is protected !!