ਅਫਰੀਕਨ ਸਵਾਈਨ ਫੀਵਰ ਦੇ ਮੱਦੇਨਜ਼ਰ ਜ਼ਿਲਾ ਮੈਜਿਸਟ੍ਰੇਟ ਵੱਲੋਂ ਪਾਬੰਦੀ ਦੇ ਹੁਕਮ ਜਾਰੀ
ਬਰਨਾਲਾ, 23 ਅਗਸਤ (ਰਘਬੀਰ ਹੈਪੀ)
ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪਿੰਡ ਬਿਲਾਸਪੁਰ (ਚੀਕਾ ਰੋਡ) ਅਤੇ ਸਨੌਰੀ ਅੱਡਾ (ਪਟਿਆਲਾ), ਜ਼ਿਲਾ ਪਟਿਆਲਾ ਦੇ ਇਲਾਕੇ ਵਿੱਚ ਸੂਰਾਂ ਵਿੱਚ ਅਫਰੀਕਨ ਸਵਾਈਨ ਫੀਵਰ ਦੀ ਬਿਮਾਰੀ ਪਾਈ ਗਈ ਹੈ। ਇਸ ਨੋਟੀਫਿਕੇਸ਼ਨ ਦੀ ਰੌਸ਼ਨੀ ਵਿੱਚ ਜ਼ਿਲਾ ਮੈਜਿਸਟਰੇਟ ਬਰਨਾਲਾ ਡਾ. ਹਰੀਸ਼ ਨਈਅਰ ਵੱਲੋਂ ਧਾਰਾ 144 ਸੀਆਰਪੀਸੀ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਸੂਰ ਪਾਲਣ ਦਾ ਕੰਮ ਕਰ ਰਹੇ ਵਿਅਕਤੀ ਪ੍ਰਭਾਵਿਤ ਇਲਾਕੇ (ਬਿਮਾਰੀ ਦੇ ਸਥਾਨ ਤੋਂ 10 ਕਿਲੋਮੀਟਰ ਦੇ ਘੇਰੇ ਵਿੱਚ) ਵਿੱਚ ਬਰਨਾਲਾ ਤੋਂ ਬਾਹਰ ਜਾਣ ਅਤੇ ਬਾਹਰਲੇ ਪ੍ਰਭਾਵਿਤ ਇਲਾਕੇ ਤੋਂ ਆਉਣ/ਜਾਣ ਤੋਂ ਗੁਰੇਜ਼ ਕਰਨਗੇ। ਸੂਰਾਂ ਦੀ ਹਰ ਕਿਸਮ ਦੀ ਮੂਵਮੈਂਟ ’ਤੇ ਜ਼ਿਲਾ ਬਰਨਾਲਾ ਦੀ ਹਦੂਦ ਨਾਲ ਲੱਗਦੇ ਜ਼ਿਲੇ ਤੋਂ ਵੀ ਸੂਰ ਅਤੇ ਸੂਰਾਂ ਤੋਂ ਬਣੇ ਪਦਾਰਥ ਲੈ ਕੇ ਜਾਣ ਜਾਂ ਲੈ ਕੇ ਆਉਣ ’ਤੇ ਪੂਰਨ ਪਾਬੰਦੀ ਹੋਵੇਗੀ। ਕੋਈ ਜਿੰਦਾ/ਮਿ੍ਰਤਕ ਸੂਰ (ਜੰਗਲੀ ਸੂਰ ਵੀ), ਸੂਰ ਦਾ ਮੀਟ, ਸੂਰਾਂ ਦੀ ਫੀਡ, ਸੂਰ ਫਾਰਮ ਦਾ ਕੋਈ ਸਮਾਨ/ਮਸ਼ੀਨਰੀ ਦੀ ਪ੍ਰਭਾਵਿਤ ਇਲਾਕੇ ਤੋਂ ਬਾਹਰ ਜਾਂ ਬਾਹਰਲੇ ਇਲਾਕੇ ਤੋਂ ਪ੍ਰਭਾਵਿਤ ਇਲਾਕੇ ਵਿੱਚ ਲਿਜਾਣ ’ਤੇ ਪੂਰਨ ਪਾਬੰਦੀ ਹੋਵੇਗੀ। ਕਿਸੇ ਵੀ ਵਿਅਕਤੀ ਵੱਲੋਂ ਅਫਰੀਕਨ ਸਵਾਈਨ ਫੀਵਰ ਨਾਲ ਪ੍ਰਭਾਵਿਤ ਸੂਰ ਜਾਂ ਸੂਰਾਂ ਦੇ ਮੀਟ ਤੋਂ ਬਣੇ ਪਦਾਰਥ ਬਜਾਰ ਵਿੱਚ ਲੈ ਕੇ ਜਾਣ ’ਤੇ ਪੂਰਨ ਪਾਬੰਦੀ ਹੋਵਾਗੀ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।