ਹੇੜੀਕੇ ਚ 25 ਅਗਸਤ ਨੂੰ ਪੰਚਾਇਤੀ ਜਮੀਨ ਚ ਝੰਡਾ ਚਾੜਨ ਦੇ ਸੱਦੇ ਤਹਿਤ ਤਿਆਰੀਆਂ ਮੀਟਿੰਗਾਂ
ਪ੍ਰਦੀਪ ਸਿੰਘ ਕਸਬਾ, ਸੰਗਰੂਰ , 17 ਅਗਸਤ 2022
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਹੇੜੀਕੇ ਚ 25 ਅਗਸਤ ਨੂੰ ਪੰਚਾਇਤੀ ਜਮੀਨ ਚ ਝੰਡਾ ਚਾੜਨ ਦੇ ਸੱਦੇ ਤਹਿਤ ਸੰਗਰੂਰ ਬਲਾਕ ਦੀ ਤਿਆਰੀਆਂ ਲਈ ਮੀਟਿੰਗ ਕੀਤੀ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਆਗੂ ਪਰਮਜੀਤ ਲੌਂਗੋਵਾਲ ਅਤੇ ਰਾਜ ਕੌਰ ਬਡਰੁੱਖਾਂ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਿੰਡ ਹੇੜੀਕੇ ਦੇ ਐਸਸੀ ਭਾਈਚਾਰੇ ਨੂੰ ਜ਼ਮੀਨ ਦਾ ਹੱਕ ਦਿਵਾਉਣ ਅਤੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਡੰਮੀ ਬੋਲੀ ਖਿਲਾਫ ਸੰਗਰੂਰ ਬਲਾਕ ਦੇ ਪਿੰਡ ਬਡਰੁੱਖਾਂ, ਭੰਮਾਬੱਦੀ, ਮੰਗਵਾਲ,ਦੇਹ ਕਲਾ, ਬਲਵਾੜ, ਕਲਾਰਾ ,ਚੀਮਾ ਆਦਿ ਪਿੰਡਾਂ ਦੇ ਸਰਗਰਮ ਕਾਰਕੁੰਨਾ ਦੀ ਮੀਟਿੰਗ ਕੀਤੀ
ਆਗੂਆਂ ਨੇ ਕਿਹਾ ਕਿ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਅੰਦਰ ਬੀਡੀਪੀਓ ਦਫਤਰ ਸ਼ੇਰਪੁਰ ਵਿੱਚ ਭਾਰੀ ਪੁਲੀਸ ਫੋਰਸ ਲਾ ਕੇ ਪਿੰਡ ਹੇੜੀਕੇ ਦੀ ਪੰਚਾਇਤੀ ਜ਼ਮੀਨ ਦੀ ਡੰਮੀ ਬੋਲੀ ਕਰਵਾਈ ਗਈ । ਜਿਸ ਦਾ ਸਿੱਧਾ ਮਤਲਬ ਲੋੜਵੰਦ ਐੱਸਸੀ ਭਾਈਚਾਰੇ ਦੇ ਲੋਕਾਂ ਨੂੰ ਜ਼ਮੀਨੀ ਹੱਕ ਤੋਂ ਵਾਂਝੇ ਕਰਨਾ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਡੰਮੀ ਬੋਲੀ ਦਾ ਵਿਰੋਧ ਕਰਨ ਵਾਲੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਪੇਂਡੂ ਧਨਾਢ ਚੌਧਰੀਆਂ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਇਹ ਸਭ ਕੁਝ ਮੁੱਖ ਮੰਤਰੀ ਦੇ ਹਲਕੇ ਅੰਦਰ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਹੋ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਸ ਦਲਿਤ ਵਿਰੋਧੀ ਚਿਹਰੇ ਨੂੰ ਨੰਗਾ ਕਰਨ ਅਤੇ ਡੰਮੀ ਬੋਲੀ ਰੱਦ ਕਰਾ ਕੇ ਪੱਕੇ ਤੌਰ ਤੇ ਐੱਸਸੀ ਭਾਈਚਾਰੇ ਨੂੰ ਪੰਜਾਬ ਦੇ ਸਮੁੱਚੇ ਦਲਿਤ ਭਾਈਚਾਰੇ ਵੱਲੋਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਹੇੜੀਕੇ ਦੀ ਪੰਚਾਇਤੀ ਜ਼ਮੀਨ ਦਾ ਹੱਕ ਉੱਥੋਂ ਦੇ ਦਲਿਤਾਂ ਨੂੰ ਦਿਵਾਉਣ ਲਈ ਪਿੰਡ ਹੇੜੀਕੇ ਦੀ ਜਮੀਨ ਚ 25 ਅਗਸਤ ਨੂੰ ਪੰਚਾਇਤੀ ਜਮੀਨ ਚ ਕਬਜਾ ਕਰਕੇ ਝੰਡਾ ਚਾੜਿਆ ਜਾਵੇਗਾ। ਜਿਸ ਦੀ ਤਿਆਰੀ ਲਈ ਸੰਗਰੂਰ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਰੈਲੀਆਂ ਮੀਟਿੰਗਾਂ ਕਰਨ ਦੀ ਵਿਉਂਤ ਬਣਾਈ ਗਈ ਅਤੇ ਇਹ ਫ਼ੈਸਲਾ ਕੀਤਾ ਗਿਆ ਕਿ ਸੰਗਰੂਰ ਬਲਾਕ ਵਿਚੋਂ ਵੱਡੀ ਗਿਣਤੀ 25 ਅਗਸਤ ਨੂੰ ਪਿੰਡ ਹੇੜੀਕੇ ਪਹੁੰਚੇਗੀ।