ਕੰਪਿਊਟਰ ਅਧਿਆਪਕਾਂ ਨੇ ਕੀਤੀ ਮੀਟਿੰਗ
ਬਰਨਾਲਾ (ਰਘੂਵੀਰ ਹੈੱਪੀ)
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਪਰਦੀਪ ਕੁਮਾਰ ਦੀ ਅਗਵਾਈ ਵਿੱਚ ਅੱਜ ਇੱਕ ਮੀਟਿੰਗ ਤਪਾ ਵਿਖੇ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਪਰਦੀਪ ਕੁਮਾਰ ਨੇ ਦੱਸਿਆ ਕਿ ਪਿਛਲੇ 17 ਸਾਲਾਂ ਤੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਰਹੇ ਕੰਪਿਊਟਰ ਅਧਿਆਪਕਾਂ ਦਾ ਅੱਜ ਵੀ ਸ਼ੋਸ਼ਣ ਜਾਰੀ ਹੈ। ਸਾਲ 2005 ਤੋਂ ਕਾਗਰਸ ਸਰਕਾਰ ਨੇ ਅਪਣੇ ਕਾਰਜਕਾਲ ਦੌਰਾਨ ਨਿਗੁਣੀ ਤਨਖਾਹ ਤੇ ਕੰਮ ਲਿਆ। ਜੁਲਾਈ 2011 ਵਿੱਚ ਅਕਾਲੀ ਸਰਕਾਰ ਨੇ ਬੇਸ਼ੱਕ ਰਾਜਪਾਲ ਪੰਜਾਬ ਦੇ ਹੁਕਮਾਂ ਸਹਿਤ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕੀਤਾ ਪਰ ਰੈਗੂਲਰ ਮੁਲਾਜਲਮਾਂ ਵਾਲੀਆ ਹਰ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ ।ਸਾਲ 2017 ਤੋਂ 2022 ਤੱਕ ਪੰਜਾਬ ਦੀ ਕਾਂਗਰਸ ਸਰਕਾਰ ਨੇ ਰੱਜ ਕਿ ਕੰਪਿਊਟਰ ਅਧਿਆਪਕਾਂ ਦਾ ਸੋਸ਼ਣ ਕੀਤਾ। ਨਾ ਸਿਰਫ ਆਈ.ਆਰ., ਏ.ਸੀ.ਪੀ. ਅਤੇ ਪੇ ਕਮਿਸ਼ਨ ਰੋਕਿਆ ਸਗੋ ਕਰੋਨਾ ਡਿਊਟੀਆਂ ਦੌਰਾਨ ਕਰੋਨਾ ਕਾਰਨ ਜਿਹਨਾ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਗਈ ਉਨਾ ਦੇ ਪਰਿਵਾਰਾਂ ਦੀ ਸਰਕਾਰ ਨੇ ਬਾਂਹ ਤੱਕ ਨਹੀ ਫੜੀ ਅਤੇ ਸਰਕਾਰ ਤੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਰਹੇ। ਨਵੇਂ ਦੌਰ ਵਿੱਚ ਆਮ ਆਦਮੀ ਦੀ ਸਰਕਾਰ ਤੋਂ ਕੰਪਿਊਟਰ ਅਧਿਆਪਕਾਂ ਨੂੰ ਬਹੁਤ ਆਸ ਸੀ ਪਰ ਬਹੁਤ ਕੋਸ਼ਿਸ਼ਾ ਦੇ ਬਾਵਜੂਦ ਵੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਕੰਪਿਊਟਰ ਅਧਿਆਪਕਾਂ ਦੀਆਂ ਸਮੱਸਿਆ ਦਾ ਹੱਲ ਨਹੀਂ ਕੀਤਾ।
ਪਰਦੀਪ ਕੁਮਾਰ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਦੇ 2011 ਦੇ ਰੈਗੂਲਰ ਨੋਟੀਫਿਕੇਸ਼ਨ ਨੂੰ ਇੰਨਬਿੰਨ ਲਾਗੂ ਨਹੀਂ ਕਰਦੀ ਅਤੇ ਪੇ ਕਮਿਸ਼ਨ ਦੀ ਫਾਇਲ ਤੇ ਲੱਗੀ ਰੋਕ ਨਹੀਂ ਹਟਾਉਂਦੀ ਤਾਂ ਕੰਪਿਊਟਰ ਅਧਿਆਪਕਾਂ ਨੂੰ ਮੁੜ ਸੰਘਰਸ਼ ਦਾ ਰਾਹ ਫੜਨਾ ਪਵੇਗਾ ਜਿਸ ਤੋਂ ਸਪੱਸ਼ਟ ਹੋ ਜਾਏਗਾ ਕਿ ਸਰਕਾਰ ਵਿੱਚ ਸਿਰਫ ਪੱਗਾਂ ਦੇ ਰੰਗ ਹੀ ਬਦਲ ਦੇ ਹਨ ਸਰਕਾਰਾਂ ਦੀ ਨੀਅਤ ਨਹੀਂ ਬਦਲਦੀ। ਉਨ੍ਹਾ ਨੇ ਦੱਸਿਆ ਕਿ ਜੇਕਰ ਸਰਕਾਰ ਦਾ ਰਵਈਆ ਟਾਲ-ਮਟੋਲ ਵਾਲਾ ਹੀ ਰਿਹਾ ਤਾਂ ਜਲਦ ਹੀ ਪੰਜਾਬ ਸਰਕਾਰ ਖਿਲਾਫ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਪਰਦੀਪ ਕੁਮਾਰ ਤੋਂ ਬਿਨਾ ਅਵਤਾਰ ਸਿੰਘ ਤਪਾ, ਨਿਰਭੈ ਸਿੰਘ, ਗੁਰਬਿੰਦਰ ਸਿੰਘ, ਰਾਧੇ ਸ਼ਿਆਮ, ਵਿਪੁਲ ਕੁਮਾਰ, ਜਸਵਿੰਦਰ ਸਿੰਘ, ਬਲਦੇਵ ਸਿੰਘ, ਪ੍ਰੇਮ ਕੁਮਾਰ, ਅਤੇ ਭਾਰੀ ਗਿਣਤੀ ਵਿੱਚ ਕੰਪਿਊਟਰ ਫੈਕਲਟੀ ਹਾਜਰ ਹੋਏ।