ਲੋਕ ਅਣਜਾਣ- ਸੜਕਾਂ ਤੇ ਅਵਾਰਾ ਡੰਗਰਾਂ ਕਾਰਣ ਹੋਣ ਵਾਲਿਆਂ ਹਾਦਸਿਆਂ ਸਬੰਧੀ ਡੰਗਰਾਂ ਦੀ ਸੰਭਾਲ ‘ਚ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਹੋ ਸਕਦੈ ਕੇਸ ਦਰਜ਼, ਤੇ ਹਾਦਸੇ ਦਾ ਕਲੇਮ ਵੀ ਲਿਆ ਜਾ ਸਕਦੈ
ਹਰਿੰਦਰ ਨਿੱਕਾ , ਬਰਨਾਲਾ 15 ਅਗਸਤ 2022
ਚੌਂਕ ਚੌਰਾਹੇ, ਗਲੀ ਮੁਹੱਲੇ , ਸ਼ਹਿਰ ਨੂੰ ਆਉਂਦੀਆਂ ਵੱਡੀਆਂ ਤੇ ਲਿੰਕ ਸੜਕਾਂ ਯਾਨੀ ਜਿਹੜੇ ਪਾਸੇ ਮਰਜੀ ਨਿਗ੍ਹਾ ਘੁੰਮਾੳ , ਬੇਸਹਾਰਾ ਗਊਵੰਸ਼ ਦਾ ਝੁੰਡ, ਅੱਗੇ ਹੋ ਕੇ ਰਾਹਗੀਰਾਂ ਦਾ ਰਾਹ ਰੋਕ ਰਿਹਾ ਹੈ। ਸੜਕਾਂ ਤੇ ਬੈਠੀਆਂ ਗਾਵਾਂ ਅਤੇ ਢੱਠੇ ,ਹਰ ਦਿਨ ਹਾਦਿਸਆਂ ਨੂੰ ਸੱਦਾ ਦੇ ਰਹੇ ਹਨ। ਸੜਕਾਂ ਤੇ ਘੁੰਮਦੇ ਗਊਵੰਸ਼ ਨੇ ਇੱਕ ਨਹੀਂ, ਦੋ ਨਹੀਂ, ਜਿਲ੍ਹੇ ਅੰਦਰ ਹੀ ਸੈਂਕੜੇ ਲੋਕਾਂ ਦੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਗਊਵੰਸ਼ ਦੀ ਚਪੇਟ ਵਿੱਚ ਆ ਕੇ ਗੰਭੀਰ ਜਖਮੀ ਹੋਣ ਵਾਲਿਆਂ ਦੀ ਸੰਖਿਆ ਵੀ ਹਜਾਰਾਂ ਤੱਕ ਅੱਪੜ ਚੁੱਕੀ ਹੈ, ਮਾਮੂਲੀ ਜਖਮੀ ਹੋਣ ਵਾਲਿਆਂ ਦੇ ਲੇਖੇ-ਜੋਖੇ ਦੀ ਫਹਿਰਿਸ਼ਤ ਹੋਰ ਵੀ ਲੰਬੀ ਹੈ। ਪਰੰਤੂ ਬੇਸਹਾਰਾ ਜਾਨਵਰਾਂ ਦੇ ਆਤੰਕ ਤੋਂ ਲੋਕ ਭੈਅ-ਭੀਤ ਹਨ ਤੇ ਜਿਲ੍ਹਾ ਪ੍ਰਸ਼ਾਸ਼ਨ ਲੋਕਾਂ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ, ਕੋਈ ਠੋਸ ਰਣਨੀਤੀ ਬਣਾਉਣ ਦੀ ਬਜਾਏ ਅੱਖਾਂ ਬੰਦ ਕਰਕੇ ਗੂੜੀ ਨੀਂਦ ਸੌ ਰਿਹਾ ਹੈ । ਨਗਰ ਕੌਂਸਲ, ਪਸ਼ੂ ਪਾਲਣ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸ਼ਨ, ਅੱਖਾਂ ਸਾਹਵੇਂ, ਰਾਹਗੀਰਾਂ ਦਾ ਸ਼ਿਕਾਰ ਕਰਨ ਲਈ, ਸੜਕਾਂ ਤੇ ਫਿਰਦੀ ਮੌਤ ਨੂੰ ਨਜਰਅੰਦਾਜ ਕਰਕੇ,ਇੱਕ ਦੂਜੇ ਦੇ ਪਾਲੇ ਵਿੱਚ ਜਿੰਮੇਵਾਰੀ ਦੀ ਗੇਂਦ ਸੁੱਟ ਕੇ ਖੁਦ ਸਰੁਖਰੂ ਹੋਏ ਬੈਠੇ ਹਨ।
ਮੌਤ ਦੇ ਮੂੰਹ ‘ਚੋਂ ਬਚਿਆ ਲਵਪ੍ਰੀਤ ਸਿੰਘ
ਪਸ਼ੂਆਂ ਦੀ ਵਜ੍ਹਾ ਨਾਲ ਹੋਏ ਪੁਰਾਣੇ ਹਾਦਸਿਆਂ ਦਾ ਲੇਖਾ ਜੋਖਾ ਨਾ ਵੀ ਕਰੀਏ ਤਾਂ ਹਾਲੇ ਚਾਰ ਦਿਨ ਪਹਿਲਾਂ ਸ਼ਹਿਰ ਦੇ ਕੱਚਾ ਕਾਲਜ ਰੋਡ ਤੇ ਰਾਤ ਕਰੀਬ ਸਾਢੇ 10 ਵਜੇ ਸੜ੍ਹਕ ਤੇ ਬੈਠੇ ਗਊਵੰਸ਼ ਨਾਲ ਟਕਰਾਏ ਇੱਕ ਮੋਟਰ ਸਾਈਕਲ ਸਵਾਰ ਨਾਲ ਹੋਈ ਦੁਰਘਟਨਾ ਨੇ ਲੋਕਾਂ ਨੂੰ ਧੁਰ ਅੰਦਰ ਤੱਕ ਝੰਜੋੜਿਆ ਹੈ। ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਦਿਲ ਦਹਿਲਾ ਦੇਣ ਵਾਲੀ,ਇਸ ਹਾਦਸੇ ਦੀ ਲਾਈਵ ਵੀਡੀੳ ਨੇ ਲੋਕਾਂ ਦਾ ਧਿਆਨ ਇੱਕ ਵਾਰ ਫਿਰ ਖਿੱਚਿਆ ਹੈ। ਹਾਦਸੇ ਵਿੱਚ ਗੰਭੀਰ ਰੂਪ ‘ਚ ਜਖਮੀ ਹੋਇਆ ਨੌਜਵਾਨ ਲਵਪ੍ਰੀਤ ਸਿੰਘ (19) ਪੁੱਤਰ ਗੁਰਮੀਤ ਸਿੰਘ ਵਾਸੀ ਰਾਹੀ ਬਸਤੀ ਬਰਨਾਲਾ ਬੇਸ਼ੱਕ ਮੌਤ ਦੇ ਮੂੰਹ ਵਿੱਚੋਂ ਮੁੜਿਆ ਹੈ। ਉਹ ਫਰੀਦਕੋਟ ਸਰਕਾਰੀ ਹਸਪਤਾਲ ਵਿਖੇ ਜੇਰ-ਏ- ਇਲਾਜ ਹੈ। ਲਵਪ੍ਰੀਤ ਦੇ ਘਰਦਿਆਂ ਦੇ ਗਲੋਂ ਹਾਲੇ ਵੀ ਟੁੱਕ ਅੰਦਰ ਨਹੀਂ ਲੰਘ ਰਿਹਾ। ਗੁਰਮੀਤ ਸਿੰਘ ਨੇ ਦੱਸਿਆ ਕਿ ਮੇਰਾ ਬੇਟੇ ਲਵਪ੍ਰੀਤ ਸਿੰਘ ਦਾ ਆਪ੍ਰੇਸ਼ਨ ਠੀਕ ਹੋ ਗਿਆ ਹੈ, ਹੁਣ ਉਸਦੀ ਹਾਲਤ ਵਿੱਚ ਵੀ ਕਾਫੀ ਸੁਧਾਰ ਹੈ। ਪਰੰਤੂ ਦੂਜੇ ਪਾਸੇ ਪੱਥਰ ਦਿਲ ਬਣ ਕੁਰਸੀਆਂ ਦਾ ਆਨੰਦ ਮਾਣ ਰਹੇ, ਪ੍ਰਸ਼ਾਸ਼ਨਿਕ ਅਧਿਕਾਰੀ ਟੱਸ ਤੋਂ ਮੱਸ ਨਹੀਂ ਹੋ ਰਹੇ। ਯਾਨੀ, ਲਵਪ੍ਰੀਤ ਹਸਪਤਾਲ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ, ਜਦੋਂਕਿ ਸੜਕਾਂ ਤੇ ਫਿਰਦੇ ਡੰਗਰ, ਹੋਰ ਕਿਸੇ ਲਵਪ੍ਰੀਤ ਦਾ ਸ਼ਿਕਾਰ ਕਰਨ ਲਈ, ਦਨਦਨਾਉਂਦੇ ਫਿਰਦੇ ਹਨ। ਜਿੰਨ੍ਹਾਂ ਨੂੰ ਸੜਕਾਂ ਤੋਂ ਹਟਾਉਣ ਲਈ, ਪ੍ਰਸ਼ਾਸ਼ਨ ਮੌਨ ਹੈ। ਲੱਗਦਾ ਜਿਵੇਂ ,ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕਿਸੇ ਵੱਡੇ ਹਾਦਸੇ ਦੀ ਉਡੀਕ ਹੈ।
ਗਊਵੰਸ਼ ਨਾਲ ਹੋਏ ਹਾਦਸਿਆਂ ਲਈ ਜਿੰਮੇਵਾਰ ਕੌਣ ! ਇਸ ਨੂੰ ਲੋਕ ਚੇਤਨਾ ਦੀ ਕਮੀ ਹੀ ਸਮਝੋ ਕਿ ਸੜਕਾਂ ਤੇ ਘੁੰਮਦੇ ਡੰਗਰਾਂ ਕਾਰਣ ਹੋਣ ਵਾਲੇ ਹਾਦਸਿਆਂ ਨੂੰ ਲੋਕ ਅਚਾਣਕ ਤੇ ਕੁਦਰਤੀ ਹੋਇਆ ਹਾਦਸਾ ਮੰਨ ਕੇ ਹੀ ਮਨ ਸਮਝਾ ਲੈਂਦੇ ਹਨ। ਪਰੰਤੂ ਹਕੀਕਤ ਇਸ ਤੋਂ ਵੱਖਰੀ ਹੈ, ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲਾਂ,ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ਦੀ ਹੱਦ ਅੰਦਰ ਡੰਗਰਾਂ ਦੀ ਵਜਾ ਨਾਲ ਹੋਣ ਵਾਲੇ ਹਾਦਸਿਆਂ ਲਈ ਉਕਤ ਅਥਾਰਟੀ ਦੇ ਅਧਿਕਾਰੀ ਜਿੰਮੇਵਾਰ ਹਨ। ਜਦੋਂਕਿ ਪੇਂਡੂ ਖੇਤਰਾਂ ਲਈ ਡੰਗਰਾਂ ਕਾਰਨ ਹੋਣ ਵਾਲੇ ਹਾਦਸਿਆਂ ਦੀ ਜਿੰਮੇਵਾਰੀ ਪੰਚਾਇਤਾਂ ਅਤੇ ਪੰਚਾਇਤ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਦੇ ਸਿਰ ਹੁੰਦੀ ਹੈ। ਜੇਕਰ ਡੰਗਰਾਂ ਕਾਰਣ ਹਾਦਸੇ ਹਾਈਵੇ ਤੇ ਹੁੰਦੇ ਹਨ ਤਾਂ ਫਿਰ ਸਬੰਧਿਤ ਮਹਿਕਮਿਆਂ ਦੇ ਅਧਿਕਾਰੀ ਜਿੰਮੇਵਾਰ ਠਹਿਰਾਏ ਜਾਂਦੇ ਹਨ। ਲੋਕ ਚਾਹੁਣ ਤਾਂ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਦੁਰਘਟਨਾਵਾਂ ਸਬੰਧੀ ਐਫ.ਆਈ.ਆਰ. ਵੀ ਦਰਜ਼ ਕਰਵਾ ਸਕਦੇ ਹਨ ਅਤੇ ਹਾਦਸੇ ਦਾ ਕਲੇਮ ਵੀ ਲੈ ਸਕਦੇ ਹਨ। ਪਰੰਤੂ ਲੋਕਾਂ ਅੰਦਰ ਜਾਗਰੂਕਤਾ ਦੀ ਕਮੀ ਕਾਰਣ, ਜਦੋਂ ਲੋਕ ਅਜਿਹੇ ਹਾਦਸਿਆਂ ਨੂੰ ਅਚਾਣਕ ਤੇ ਕੁਦਰਤੀ ਹੋਇਆ ਹਾਦਸਾ ਕਹਿ ਕੇ ਭਾਣਾ ਮੰਨ ਲੈਂਦੇ ਹਨ, ਉਦੋਂ ਅਜਿਹੇ ਹਾਦਸਿਆਂ ਲਈ ਦੋਸ਼ੀ ਅਧਿਕਾਰੀ ਬਚ ਜਾਂਦੇ ਹਨ ਤੇ ਆਪਣੇ ਅਧਿਕਾਰ ਖੇਤਰਾਂ ਵਿੱਚੋਂ ਅਵਾਰਾਂ ਡੰਗਰਾਂ ਨੂੰ ਹਟਾਉਣ ਦੀ ਜਿੰਮੇਵਾਰੀ ਤੋਂ ਪੱਲਾ ਝਾੜ ਲੈਂਦੇ ਹਨ। ਜੇਕਰ ਲੋਕ, ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਨੁੰਨੀ ਕਾਰਵਾਈ ਕਰਵਾਉਣੀ ਸ਼ੁਰੂ ਕਰ ਦੇਣ ਤਾਂ ਫਿਰ ਉਹੀ ਅਧਿਕਾਰੀ, ਅਵਾਰਾ ਡੰਗਰਾਂ ਨੂੰ ਸੜਕਾਂ ਤੋਂ ਹਟਾਉਣ ਵਿੱਚ ਕੋਈ ਕੁਤਾਹੀ ਨਹੀਂ ਕਰਨਗੇ ਤੇ ਲੋਕ ਸੁਰੱਖਿਅਤ ਸਫਰ ਕਰ ਸਕਣਗੇ।