ਪਟਿਆਲਾ ਦਾ ਨੌਜਵਾਨ ਸੰਗਰਾਮ ਸਿੰਘ ਘੁੰਮਣ ਫ਼ੌਜ ‘ਚ ਬਣਿਆ ਲੈਫ਼ਟੀਨੈਂਟ
ਪਟਿਆਲਾ, 14 ਅਗਸਤ (ਰਿਚਾ ਨਾਗਪਾਲ)
ਪਟਿਆਲਾ ਦਾ ਵਸਨੀਕ ਨੌਜਵਾਨ ਸੰਗਰਾਮ ਸਿੰਘ ਘੁੰਮਣ ਭਾਰਤੀ ਫ਼ੌਜ ‘ਚ ਲੈਫ਼ਟੀਨੈਂਟ ਬਣਿਆ ਹੈ। ਆਫ਼ਿਸਰਜ਼ ਟ੍ਰੇਨਿੰਗ ਅਕੈਡਮੀ ਚੇਨਈ ਤੋਂ ਇੱਕ ਸਾਲ ਦੀ ਸਖ਼ਤ ਸਿਖਲਾਈ ਪੂਰੀ ਕਰਨ ਉਪਰੰਤ ਉਸਨੂੰ ਪਹਿਲੀ ਪੋਸਟਿੰਗ ਮੇਰਠ ਕੈਂਟ ਵਿਖੇ ਤੋਪਖਾਨਾ ਰੈਜੀਮੈਂਟ ‘ਚ ਮਿਲੀ ਹੈ। ਉਸ ਦੀ ਸਿਖਲਾਈ ਪੂਰੀ ਹੋਣ ਸਮੇਂ ਉਸ ਦੇ ਮੋਢਿਆਂ ‘ਤੇ ਅਫ਼ਸਰ ਦੇ ਸਟਾਰ ਲਗਾਉਣ ਲਈ ਉਸਦੇ ਪਿਤਾ ਅਤੇ ਪੰਜਾਬ ਪੁਲਿਸ ‘ਚੋਂ ਬਤੌਰ ਏ.ਆਈ.ਜੀ. ਸੇਵਾ ਮੁਕਤ ਹੋਏ ਅਮਰਜੀਤ ਸਿੰਘ ਘੁੰਮਣ ਅਤੇ ਤਾਇਆ ਸੇਵਾ ਮੁਕਤ ਐਸ.ਐਸ.ਪੀ. ਦਵਿੰਦਰ ਸਿੰਘ ਘੁੰਮਣ ਪੁੱਜੇ।
ਪਟਿਆਲਾ ਦੇ ਬੁੱਢਾ ਦਲ ਪਬਲਿਕ ਸਕੂਲ ਤੋਂ ਬਾਰਵੀਂ ਤੱਕ ਅਤੇ ਸਰਕਾਰੀ ਮਹਿੰਦਰਾ ਕਾਲਜ ‘ਚੋਂ ਬੀ.ਏ. ਦੀ ਪੜ੍ਹਾੲ ਕਰਕੇ ਫ਼ੌਜ ‘ਚ ਅਫ਼ਸਰ ਭਰਤੀ ਹੋਏ ਸੰਗਰਾਮ ਸਿੰਘ ਘੁੰਮਣ ਨੇ ਆਪਣੀ ਸਫ਼ਲਤਾ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਆਪਣੇ ਮਾਤਾ-ਪਿਤਾ ਤੇ ਤਾਇਆ-ਤਾਈ, ਭੈਣ ਕੁਦਰਜੀਤ ਕੌਰ ਸਮੇਤ ਆਪਣੇ ਅਧਿਆਪਕਾਂ ਨੂੰ ਸਿਹਰਾ ਦਿੱਤਾ ਹੈ। ਉਸਦੇ ਪਿਤਾ ਏ.ਆਈ.ਜੀ. (ਰਿਟਾ) ਅਮਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਜੇਕਰ ਬੱਚੇ ਨੂੰ ਪੜ੍ਹਾਈ ਲਈ ਚੰਗਾ ਮਾਹੌਲ ਮਿਲੇ ਤਾਂ ਬੱਚੇ ਵਿਦੇਸ਼ਾਂ ‘ਚ ਜਾਣ ਦੀ ਥਾਂ ਸਾਡੇ ਆਪਣੇ ਦੇਸ਼ ‘ਚ ਵੀ ਚੰਗੇ ਰੁਤਬੇ ‘ਤੇ ਪਹੁੰਚ ਸਕਦੇ ਹਨ।