1 ਕਰੋੜ ਰੁਪਏ ਲਾਗਤ ਵਾਲਾ ਸਾਜੋ ਸਮਾਨ ਸਿਹਤ ਵਿਭਾਗ ਨੂੰ ਸਪੁਰਦ
-ਲੋਕ ਸਭਾ ਮੈਂਬਰ ਵੱਲੋਂ ਦਿੱਤੇ ਐੱਮ. ਪੀ. ਲੈਡ ਫੰਡਾਂ ਨਾਲ ਖਰੀਦਿਆ ਸਾਜੋ ਸਮਾਨ
ਲੋਕਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਯਤਨਸ਼ੀਲ-ਡਿਪਟੀ ਕਮਿਸ਼ਨਰ
ਦਵਿੰਦਰ ਡੀ.ਕੇ. ਲੁਧਿਆਣਾ, 2 ਮਈ 2020
ਲੁਧਿਆਣਾ ਤੋਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਵੀ ਕਮੀ ਨਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਦੀ ਮੰਗ ’ਤੇ ਉਨ੍ਹਾਂ ਨੇ ਆਪਣੇ ਐੱਮ. ਪੀ. ਲੈਡ ਫੰਡਾਂ ਵਿੱਚੋਂ ਕਰੀਬ 1 ਕਰੋੜ ਰੁਪਏ ਦਾ ਸਿਹਤ ਸਾਜੋ ਸਮਾਨ ਮੁਹੱਈਆ ਕਰਵਾਇਆ ਹੈ। ਉਨ੍ਹਾਂ ਅੱਜ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿਖੇ ਇਹ ਸਾਜੋ ਸਮਾਨ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਪੁਰਦ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀ ਅਮਿਤ ਬੈਂਬੀ, ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਕਾਰਨ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਆਪਣੀਆਂ ਲੋੜਾਂ ਬਾਰੇ ਜਾਣੂ ਕਰਾਉਣ ਲਈ ਕਿਹਾ ਸੀ। ਜਦੋਂ ਉਨ੍ਹਾਂ ਨੂੰ ਡਿਮਾਂਡ ਪ੍ਰਾਪਤ ਹੋਈ ਸੀ ਤਾਂ ਉਨ੍ਹਾਂ ਨੇ ਇਹ ਸਮਾਨ ਖਰੀਦਣ ਲਈ ਤੁਰੰਤ 1 ਕਰੋੜ ਰੁਪਏ ਜਾਰੀ ਕਰ ਦਿੱਤੇ ਸਨ।
ਇਨ੍ਹਾਂ ਫੰਡਾਂ ਨਾਲ ਸਿਹਤ ਵਿਭਾਗ ਵੱਲੋਂ 15 ਇਨਫਰਾਰੈੱਡ ਥਰਮਾਮੀਟਰ, 5 ਪੋਰਟੇਬਲ ਐਕਸਰੇਅ ਮਸ਼ੀਨਾਂ 100 ਐੱਮਏ, 100 ਆਕਸੀਜਨ ਸਿਲੰਡਰ, 100 ਰੈਗੂਲੇਟਰ, 24 ਸਟੇਰਚਰ, 90 ਪਲਸ ਆਕਸੀਮੀਟਰ (ਅਲਾਰਮ ਵਾਲੇ), 28 ਐਂਬੂ ਬੈਗ, 35 ਮਲਟੀ ਪੈਰਾ ਮੋਨੀਟਰ, 10 ਕਰੈਸ਼ ਕਾਰਟ, 3300 ਨਸਲ ਪਰੌਂਗ, 8 ਲਰਿੰਗੋਸਕੋਪ, 4 ਵੀਡੀਓ ਲਾਰਿੰਗੋਸਕੋਪ, 22 ਬੀਪੈਪ ਸਮੇਤ ਮਾਸਕ ਅਤੇ ਵ੍ਹੀਲ ਚੇਅਰ ਆਦਿ ਦੀ ਖਰੀਦ ਕੀਤੀ ਗਈ ਹੈ।
ਸ੍ਰ. ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਲੋੜ ਪੈਣ ’ਤੇ ਹੋਰ ਸਾਜੋ ਸਮਾਨ ਖਰੀਦਣ ਲਈ ਹੋਰ ਫੰਡ ਜਾਰੀ ਕਰਨ ਦਾ ਵੀ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਫੰਡਾਂ ਦੀ ਕੋਈ ਕਮੀ ਨਹÄ ਹੈ। ਇਸ ਮੌਕੇ ਉਨ੍ਹਾਂ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਵੱਲੋਂ ਕੋਵਿਡ 19 ਵਿਰੁਧ ਲੜੀ ਜਾ ਰਹੀ ਲੜਾਈ ਦੀ ਪ੍ਰਸ਼ੰਸ਼ਾ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਹੋਰਾਂ ਜ਼ਿਲਿ੍ਹਆਂ ਦੇ ਮੁਕਾਬਲੇ ਜ਼ਿਲ੍ਹਾ ਲੁਧਿਆਣਾ ਵਿੱਚ ਐੱਮ. ਪੀ. ਲੈਡ ਫੰਡਾਂ ਵਿੱਚੋਂ ਜਿਆਦਾ ਖਰੀਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਟਾਕਰਾ ਕਰਨ ਲਈ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲਗਾਤਾਰ ਯਤਨ ਕਰ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਰਹਿਣ ਲਈ ਘਰਾਂ ਦੇ ਅੰਦਰ ਹੀ ਰਹਿਣ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ।