ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ …….
ਪਰਦੀਪ ਸਿੰਘ ਕਸਬਾ, ਸੰਗਰੂਰ , 31 ਜੁਲਾਈ 2022
ਭਾਰਤ ਦੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦਾ ਜਨਮ 26 ਦਸੰਬਰ 1899 ਈਸਵੀ ਨੂੰ ਸੁਨਾਮ ਵਿਖੇ ਹੋਇਆ ਸੀ। ਉਸ ਦੇ ਪਿਤਾ ਸਰਦਾਰ ਟਹਿਲ ਸਿੰਘ ਜੰਮੂ, ਕੰਬੋਜ ਸਿੱਖ ਬਰਾਦਰੀ ਨਾਲ ਸੰਬੰਧਤ ਸਨ। ਉਸਦੇ ਮਾਤਾ ਦਾ ਨਾਮ ਹਰਨਾਮ ਕੌਰ ਤੇ ਵੱਡੇ ਭਰਾ ਦਾ ਨਾਮ ਸਾਧੂ ਸਿੰਘ ਸੀ। ਜਨਮ ਸਥਾਨ ਬਾਰੇ ਇਤਿਹਾਸਕਾਰਾਂ ਦੇ ਵੱਖ-ਵੱਖ ਵਿਚਾਰ ਹਨ। ਜੇ.ਐਸ. ਗਰੇਵਾਲ ਅਤੇ ਹਰੀਸ਼ ਪੁਰੀ ਅਨੁਸਾਰ ਸੁਨਾਮ ਲਾਗੇ ਪਿੰਡ ਸ਼ਾਹਪੁਰ ਹੈ, ਪ੍ਰੰਤੂ ਨਵਤੇਜ ਸਿੰਘ ਅਨੁਸਾਰ ਊਧਮ ਸਿੰਘ ਦਾ ਜਨਮ ਸਥਾਨ ਮਹੁੱਲਾ ਪੀਲਬਾਦ ਸੁਨਾਮ ਵਿਖੇ ਹੈ।
ਮੌਜੂਦਾ ਸਮੇਂ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਸੁਨਾਮ ਸ਼ਹਿਰ ਉਸ ਸਮੇਂ ਪਟਿਆਲਾ ਰਿਆਸਤ ਦਾ ਹਿੱਸਾ ਸੀ। ਟਹਿਲ ਸਿੰਘ ਜੰਮੂ ਰੇਲਵੇ ਵਿਭਾਗ ਵਿਚ ਰੇਲਵੇ ਫਾਟਕ ਦੇ ਚੌਂਕੀਦਾਰ ਵਜੋਂ ਨੌਕਰੀ ਕਰਦਾ ਕਰਦਾ ਸੀ। ਅੰਮ੍ਰਿਤ ਛਕਣ ਤੋਂ ਪਹਿਲਾਂ ਟਹਿਲ ਸਿੰਘ ਜੰਮੂ ਦਾ ਨਾਮ ਚੂਹੜ ਸਿੰਘ ਸੀ। ਜੀਵਨ ਦੇ ਮੁੱਢਲੇ ਸਾਲਾਂ ਦੌਰਾਨ ਊਧਮ ਸਿੰਘ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਸ ਦੇ ਮਾਤਾ 1901, ਪਿਤਾ 1907 ਅਤੇ ਭਰਾ 1913 ਈਸਵੀ ਵਿਚ ਅਕਾਲ ਚਲਾਣਾ ਕਰ ਗਏ।
ਅੰਮ੍ਰਿਤਸਰ ਸਾਹਿਬ ਵਿਖੇ ਰਾਗੀ ਸਿੰਘ ਦੀ ਸੇਵਾ ਨਿਭਾ ਰਹੇ ਟਹਿਲ ਸਿੰਘ ਜੰਮੂ ਦੇ ਰਿਸ਼ਤੇਦਾਰ ਚੰਚਲ ਸਿੰਘ ਦੁਆਰਾ ਊਧਮ ਸਿੰਘ ਅਤੇ ਉਸ ਦੇ ਭਰਾ ਨੂੰ ਪੁਤਲੀਘਰ ਵਿਖੇ ਕੇਂਦਰੀ ਖ਼ਾਲਸਾ ਯਤੀਮਘਰ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਇਥੇ ਰਹਿੰਦੇ ਹੋਏ ਹੀ ਊਧਮ ਸਿੰਘ ਨੇ 1917 ਈਸਵੀ ਵਿਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਸੂਬਾ ਸਿੰਘ ਅਨੁਸਾਰ ਯਤੀਮਘਰ ਦੀ ਪ੍ਰਚਲਿਤ ਪ੍ਰਥਾ ਸਿੱਖ ਧਰਮ ਦੀ ਰਸਮ ਅਨੁਸਾਰ ਧਾਰਮਿਕ ਦੀਵਾਨ ਵਿੱਚ ਅੰਮ੍ਰਿਤ ਛਕਾਉਣ ਉਪਰੰਤ, ਸਾਧੂ ਸਿੰਘ ਦਾ ਨਾਮ ਮੋਤਾ ਸਿੰਘ ਅਤੇ ਸ਼ੇਰ ਸਿੰਘ ਦਾ ਊਦੇ ਸਿੰਘ ਰੱਖਿਆ ਗਿਆ।
1917 ਤੋਂ 1919 ਈਸਵੀ ਤੱਕ ਪਹਿਲਾਂ ਕੁਝ ਸਮਾਂ ਊਧਮ ਸਿੰਘ ਸੁਨਾਮ ਵਿਖੇ, ਫਿਰ ਮੈਸੋਪਟਾਮੀਆ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਕੁਝ ਸਮਾਂ ਪੰਜਾਬ ਵਿਚ ਆ ਕੇ ਰਹਿਣ ਉਪਰੰਤ 1919 ਈਸਵੀ ਵਿਚ ਯੂਗਾਂਡਾ ਜੋ ਕਿ ਈਸਟ ਅਫ਼ਰੀਕਾ ਵਿਚ ਬ੍ਰਿਟਿਸ਼ ਰਾਜ ਅਧੀਨ ਸੀ ਵਿਖੇ ਰੇਲਵੇ ਵਰਕਸ਼ਾਪ ਵਿਚ ਕੰਮ ਕਰਨ ਲਈ ਗਿਆ।
ਰੋਲਟ ਐਕਟ ਅਧੀਨ ਭਾਰਤੀ ਰਾਸ਼ਟਰੀ ਕਾਂਗਰਸ ਦੇ ਅੰਮਿਤਸਰ ਵਿਖੇ ਨੇਤਾਵਾਂ ਸ਼ੈਫਊਦਦੀਨ ਕਿਚਲੂ ਅਤੇ ਸੱਤਿਆਪਾਲ ਨੂੰ 10 ਅਪਰੈਲ 1919 ਈਸਵੀ ਨੂੰ ਬਰਤਾਨਵੀ ਸਰਕਾਰ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ। ਵਿਸਾਖੀ ਵਾਲੇ ਦਿਨ ਜਲਿਆਂ ਵਾਲੇ ਬਾਗ਼ ਵਿਖੇ 13 ਅਪਰੈਲ 1919 ਈਸਵੀ ਨੂੰ ਉਪਰੋਕਤ ਨੇਤਾਵਾਂ ਦੀਆਂ ਗ੍ਰਿਫ਼ਤਾਰੀਆਂ ਵਿਰੁੱਧ ਲੋਕ ਸ਼ਾਤਮਈ ਰੂਪ ਵਿਚ ਮੁਜਾਹਰਾ ਕਰ ਰਹੇ ਸਨ।
ਇਨਸਾਈਕਲੋਪੀਡੀਆਂ ਆਫ ਸਿੱਖਇਜ਼ਮ ਦੇ ਸੰਪਾਦਕ ਹਰਬੰਸ ਸਿੰਘ ਅਨੁਸਾਰ ਜਲਿਆਂ ਵਾਲਾ ਬਾਗ਼ ਦੀ ਘਟਨਾ ਸਮੇਂ ਊਧਮ ਸਿੰਘ ਉਥੇ ਹਾਜਰ ਸੀ। ਉਹ ਮੁਜਾਹਰਾਕਾਰੀਆਂ ਨੂੰ ਪਾਣੀ ਪਿਆਉਣ ਦੀ ਸੇਵਾ ਨਿਭਾ ਰਿਹਾ ਸੀ। ਇਸ ਘਟਨਾ ਵਿਚ ਬਰਗੇਡੀਅਰ ਜਨਰਲ ਡਾਇਰ ਦੇ ਹੁਕਮ ਅਨੁਸਾਰ ਬਿਨਾਂ ਕਿਸੇ ਚਿਤਾਵਨੀ ਦਿੱਤੇ ਨਿਹੱਥੇ ਅਤੇ ਸ਼ਾਂਤਮਈ ਲੋਕਾਂ ‘ਤੇ ਅੰਗਰੇਜੀ ਸੈਨਾ ਦੁਆਰਾ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ। ਇਕ ਅੰਦਾਜੇ ਅਨੁਸਾਰ ਲਗਭਗ 1200 ਜਖ਼ਮੀ ਅਤੇ 379 ਲੋਕ ਮਾਰੇ ਗਏ। ਊਧਮ ਸਿੰਘ ਦੇ ਮਨ ਤੇ ਇਸ ਘਟਨਾ ਦਾ ਡੂੰਘਾ ਪ੍ਰਭਾਵ ਪਿਆ ਸੀ। ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਉਡਵਾਇਰ ਦੁਆਰਾ ਜਦੋਂ ਇਸ ਘਟਨਾ ਦੀ ਹਮਾਇਤ ਕੀਤੀ ਗਈ ਤਾਂ ਊਧਮ ਸਿੰਘ ਨੇ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ ਵਿਚ ਭਾਗ ਲੈਣ ਲੱਗਾ। ਇਸ ਸਮੇਂ ਦੌਰਾਨ ਹੀ ਉਸ ਦਾ ਸੰਪਰਕ ਅਜ਼ਾਦੀ ਘੁਲਾਟੀਆ ਸ਼ੈਫਊਦਦੀਨ ਕਿਚਲੂ, ਬਸੰਤ ਸਿੰਘ, ਅਜੀਤ ਸਿੰਘ, ਮਾਸਟਰ ਸੰਤਾ ਸਿੰਘ ਅਤੇ ਬਾਬਾ ਭਾਗ ਸਿੰਘ ਆਦਿ ਨਾਲ ਸਥਾਪਤ ਹੋਇਆ।
ਊਧਮ ਸਿੰਘ ਨੇ 1922 ਵਿਚ ਯੂਗਾਂਡਾ ਤੋਂ ਵਾਪਸ ਆ ਕੇ ਅੰਮ੍ਰਿਤਸਰ ਵਿਖੇ ਇਕ ਦੁਕਾਨਦਾਰ ਵਜੋਂ ਕੰਮ ਕਰਨ ਲੱਗਾ 1922 ਤੱਕ ਉਸ ਨੇ ਕਰਤਾਰ ਸਿੰਘ ਸਰਾਭਾ, ਗਦਰ ਪਾਰਟੀ, ਬੱਬਰ ਅਕਾਲੀ ਲਹਿਰ ਅਤੇ ਸ਼ਹੀਦ ਭਗਤ ਸਿੰਘ ਆਦਿ ਅਜ਼ਾਦੀ ਸੰਗਰਾਮੀਆਂ ਅਤੇ ਸੰਸਥਾਵਾਂ ਨਾਲ ਸਪਿਰਕ ਸਥਾਪਤ ਕੀਤਾ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਉਸ ਦੇ ਮਨ ਤੇ ਵਿਸ਼ੇਸ਼ ਪ੍ਰਭਾਵ ਪਿਆ ਸੀ। ਗਦਰ ਪਾਰਟੀ ਦੇ ਸਰਗਰਮ ਮੈਂਬਰ ਵਜੋਂ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜੋੜਨ ਲਈ ਊਧਮ ਸਿੰਘ ਦੁਆਰਾ ਅਮਰੀਕਾ ਦੇ ਸ਼ਹਿਰਾਂ ਸਾਂਨਫਰਾਂਸਿਸਕੋ, ਨਿਊਯਾਰਕ, ਸ਼ਿਕਾਗੋ ਆਦਿ ਵਿਖੇ ਮੀਟਿੰਗਾਂ ਵਿੱਚ ਇਨਕਾਲਾਬੀਆਂ ਨੂੰ ਇਕੱਠਾ ਕਰਕੇ ਇਕ ਨਵੀਂ ‘ਅਜ਼ਾਦ ਪਾਰਟੀ’ ਦੀ ਸਥਾਪਨਾ ਕੀਤੀ ਗਈ। ਇਹ ਪਾਰਟੀ ਮੁੱਖ ਰੂਪ ਵਿਚ ਗਦਰ ਪਾਰਟੀ ਦੀ ਹੀ ਸ਼ਾਖਾ ਸੀ।
ਜਰਮਨੀ, ਇਟਲੀ, ਕਾਨੈਡਾ, ਮੈਕਸੀਕੋ, ਇੰਗਲੈਡ, ਇਰਾਨ, ਅਫ਼ਗਾਨਿਸਤਾਨ, ਬਰਮਾ, ਮਲਾਇਆ, ਸਿੰਘਾਪੁਰ, ਹਾਂਗਕਾਂਗ ਅਤੇ ਜਪਾਨ ਆਦਿ ਦੇਸ਼ਾਂ ਵਿਚ ਦੇਸ਼ ਭਗਤੀ ਲਈ ਕੰਮ ਕਰ ਰਹੇ ਕ੍ਰਾਂਤੀਕਾਰੀਆਂ ਨਾਲ ਊਧਮ ਸਿੰਘ ਦੁਆਰਾ ਇੱਥੋਂ ਹੀ ਸੰਪਰਕ ਸਥਾਪਤ ਕੀਤੇ ਗਏ ਸਨ।
ਇੰਨਕਲਾਬੀ ਗਤੀਵਿਧੀਆਂ ਵਿਚ ਭਾਗ ਲੈਣ ਲਈ ਊਧਮ ਸਿੰਘ 1927 ਈਸਵੀ ਵਿਚ ਵਾਪਸ ਭਾਰਤ ਆ ਕੇ ਹਥਿਆਰ ਇੱਕਠੇ ਕਰਨ ਲੱਗਾ ਸੀ। ਇਸ ਕੰਮ ਵਿਚ ਉਸ ਦੀ ਸਹਾਇਤਾ ਭਗਤ ਸਿੰਘ ਦੁਆਰਾ ਵੀ ਕੀਤੀ ਗਈ ਸੀ। ਗੈਰਕਾਨੂੰਨੀ ਤੌਰ ਤੇ ਹਥਿਆਰ ਰੱਖਣ, ਗਦਰ ਪਾਰਟੀ, ਦੇ ਅਖ਼ਬਾਰ ਗਦਰ ਦੀ ਗੂੰਜ, ਗਦਰ ਪਾਰਟੀ ਦੇ ਮੈਂਬਰਾਂ ਲਈ ਅਸਲਾ ਇਕੱਠਾ ਕਰਨ ਦੇ ਦੋਸ਼ ਅਧੀਨ ਉਸ ਨੂੰ ਅਗਸਤ 1927 ਵਿਚ ਅੰਮ੍ਰਿਤਸਰ ਵਿਖੇ ਪੁਲੀਸ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ। ਉਪਰੋਕਤ ਦੋਸ਼ਾਂ ਅਧੀਨ ਪੰਜ ਸਾਲ ਦੀ ਸਖ਼ਤ ਸਜਾ ਹੋਈ। ਊਧਮ ਸਿੰਘ ਦਾ ਉਸ ਸਮੇਂ ਐਫ਼. ਆਈ. ਆਰ. ਵਿਚ ਪੁਲੀਸ ਦੁਆਰਾ ਸ਼ੇਰ ਸਿੰਘ ਨਾਮ ਦਰਜ ਹੈ।
1931 ਵਿਚ ਜੇਲ ਤੋਂ ਰਿਹਾਅ ਹੋਣ ਉਪਰੰਤ ਊਧਮ ਸਿੰਘ ਕਸ਼ਮੀਰ ਚਲਾ ਗਿਆ।
ਫ਼ੌਜਾ ਸਿੰਘ ਅਨੁਸਾਰ ਪੁਲੀਸ ਉਸ ਦੀਆਂ ਗਤੀਵਿਧੀਆਂ ਤੇ ਲਗਾਤਾਰ ਨਜ਼ਰਸਾਨੀ ਕਰ ਰਹੀ ਸੀ। ਕਸ਼ਮੀਰ ਤੋਂ ਹੀ ਉਹ ਪੁਲੀਸ ਨੂੰ ਚਕਮਾ ਦੇ ਕੇ ਲਾਹੌਰ ਦੇ ਰਸਤੇ ਰਾਹੀਂ ਜਰਮਨੀ ਪਹੁੰਚ ਗਿਆ। 1933-34 ਵਿਚ ਜਰਮਨੀ ਤੋਂ ਲੰਡਨ ਵਿਖੇ ਪਹੁੰਚ ਕੀਤੀ। 1934 ਤੋਂ 1938 ਤੱਕ ਉਸ ਨੇ ਯੂਰਪ ਦੇ ਵੱਖ-ਵੱਖ ਦੇਸ਼ਾਂ ਇਟਲੀ, ਹੰਗਰੀ, ਹਾਲੈਂਡ, ਪੋਲੈਂਡ, ਬੈਲਜੀਅਮ, ਜਰਮਨੀ, ਫਰਾਂਸ, ਨਾਰਵੇ, ਸਵਿਟਜ਼ਰਲੈਂਡ, ਸਵੀਡਨ, ਆਸਟਰੀਆ, ਯੂਨਾਨ, ਚੈਕੋਸਲਵਾਕੀਆ ਅਤੇ ਲਿਥੂਆਨੀਆ ਆਦਿ ਦੀਆਂ ਯਾਤਰਾਵਾਂ ਕੀਤੀਆਂ। ਇੰਗਲੈਂਡ ਵਿਚ ਰਹਿਣ ਸਮੇਂ ਊਧਮ ਸਿੰਘ ਦੁਆਰਾ ਜੀਵਨ ਨਿਰਵਾਹ ਲਈ ਕਈ ਕੰਮ ਕੀਤੇ ਗਏ ਉਹ ਆਮ ਤੌਰ ਤੇ ਅੰਗਰੇਜ਼ੀ ਜਾਂ ਯੂਰਪੀ ਲੋਕਾਂ ਦੇ ਘਰਾਂ ਵਿਚ ਤੇ ਕਿਰਾਏ ਰਹਿੰਦਾ ਸੀ। ਯਾਤਰਾਵਾਂ ਅਤੇ ਕਿਰਾਏ ਤੇ ਰਹਿਣ ਸਮੇਂ ਊਧਮ ਸਿੰਘ ਵੱਖ-ਵੱਖ ਨਾਵਾਂ ਊਦੇ ਸਿੰਘ, ਊਧਮ ਸਿੰਘ, ਫਰੈਕ ਬਰਾਜ਼ੀਲ, ਯੂ.ਐਸ. ਸਿੱਧੂ ਅਤੇ ਮੁਹੰਮਦ ਸਿੰਘ ਅਜ਼ਾਦ ਆਦਿ ਅਧੀਨ ਰਿਹਾ ਸੀ।
ਬਰਤਾਨਵੀ ਸਾਮਰਾਜ ਵਿਰੁੱਧ ਦੂਸਰਾ ਮਹਾਂਯੁੱਧ ਸ਼ੁਰੂ ਹੋਣ ਨਾਲ ਭਾਰਤ ਅਤੇ ਹੋਰ ਦੇਸ਼ਾਂ ਵਿਚ ਅਜ਼ਾਦੀ ਸੰਗਰਾਮ ਤੇਜ ਹੋ ਗਏ ਸਨ। ਊਧਮ ਸਿੰਘ ਵੀ ਅਜਿਹੇ ਉਚਿਤ ਮੌਕੇ ਦੀ ਤਲਾਸ਼ ਵਿਚ ਸੀ। ਈਸਟ ਇੰਡੀਆ ਐਸੋਸ਼ੀਏਸਨ ਐਂਡ ਸੈਂਟਰਲ ਏਸ਼ੀਅਨ ਸੁਸਾਇਟੀ ਜਿਸ ਦਾ ਅੱਜ ਕੱਲ੍ਹ ਨਾਮ ਰੋਇਲ ਸੁਸਾਇਟੀ ਫਾਰ ਏਸ਼ੀਅਨ ਅਫੈਅਰਜ ਹੈ ਦੁਆਰਾ ਬਰਤਾਨਵੀ ਸਾਮਰਾਜਵਾਦੀ ਨੀਤੀਆਂ ਨੂੰ ਵਿਕਸਤ ਕਰਨ ਹਿਤ 13 ਮਾਰਚ 1940 ਈਸਵੀ ਨੂੰ ਲੰਦਨ ਦੇ ਕੈਕਸਟਨ ਹਾਲ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ ਸੀ। ਮੀਟਿੰਗ ਖ਼ਤਮ ਹੋਣ ਉਪਰੰਤ ਊਧਮ ਸਿੰਘ ਨੇ ਗੋਲੀ ਚਲਾ ਕੇ ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਫਰਾਂਸਿਸ ਉਡਵਾਇਰ ਨੂੰ ਮੌਕੇ ਤੇ ਹੀ ਮਾਰ ਦਿੱਤਾ ਗਿਆ। ਲਾਰਡ ਜੈਟਲੈਂਡ, ਲਾਰਡ ਲਮਿਗਟੇਨ ਅਤੇ ਲੂਈਨ ਡੇਨ ਇਸ ਸਮੇਂ ਜਖ਼ਮੀ ਹੋਏ। ਗੋਲੀਆਂ ਚਲਾਉਣ ਉਪਰੰਤ ਊਧਮ ਸਿੰਘ ਦੇ ਚਿਹਰੇ ਤੇ ਕੋਈ ਡਰ ਜਾਂ ਸਹਿਮ ਨਹੀਂ ਸੀ, ਨਾਂਹ ਹੀ ਉਸ ਨੇ ਭੱਜਣ ਦਾ ਯਤਨ ਕੀਤਾ ਸੀ।
1 ਅਪਰੈਲ 1940 ਈਸਵੀ ਨੂੰ ਊਧਮ ਸਿੰਘ ਵਿਰੁਧ ਕੇਸ ਦਰਜ ਕੀਤਾ ਗਿਆ। 4 ਜੂਨ 1940 ਨੂੰ ਉਸ ਵਿਰੁੱਧ ਸੈਂਟਰਲ ਕੋਰਟ, ਉਲਡ ਬੇਲੀ ਵਿਖੇ ਮੁਕੱਦਮਾ ਸ਼ੁਰੂ ਹੋਇਆ। 15 ਜੁਲਾਈ 1940 ਨੂੰ ਸ਼ਿਵ ਸਿੰਘ ਜੋਹਲ ਅਤੇ ਹੋਰ ਕੁਝ ਭਾਰਤੀਆਂ ਦੁਆਰਾ ਊਧਮ ਸਿੰਘ ਨੂੰ ਦਿੱਤੀ ਗਈ ਫਾਂਸੀ ਦੀ ਸਜਾ ਵਿਰੁਧ ਪਾਈ ਪਟੀਸ਼ਨ ਖਾਰਜ ਹੋਈ ਸੀ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਨਟੋਨਵਿਲੈ ਜੇਲ ਵਿਖੇ ਫਾਂਸੀ ਦਿੱਤੀ ਗਈ। ਜੇਲ ਅੰਦਰ ਹੀ ਉਸ ਦੀਆਂ ਅਸਥੀਆਂ ਨੂੰ ਦਬਾ ਦਿੱਤਾ ਗਿਆ।
One thought on “ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ …….”
Comments are closed.