ਹਰਿੰਦਰ ਨਿੱਕਾ , ਬਰਨਾਲਾ 10 ਜੁਲਾਈ 2022
ਪੁੱਟਿਆ ਪਹਾੜ ਤੇ ਨਿੱਕਲਿਆ ਚੂਹਾ, ਇਹ ਲੋਕ ਕਹਾਵਤ ਲੰਘੀ ਕੱਲ੍ਹ ਜਿਲ੍ਹਾ ਪੁਲਿਸ ਵੱਲੋਂ ਭਾਰੀ ਸੰਖਿਆ ਵਿੱਚ ਸ਼ਹਿਰ ਦੀ ਸੈਂਸੀ ਬਸਤੀ ਵਿੱਚ ਡੋਰ ਟੂ ਡੋਰ ਚਲਾਈ ਤਲਾਸ਼ੀ ਮੁਹਿੰਮ ਤੇ ਐਨ ਫਿੱਟ ਬੈਠਦੀ ਹੈ। ਜੀ ਹਾਂ, ਬੇਸ਼ੱਕ ਪੁਲਿਸ ਦੇ ਹੱਥ ਕੋਈ ਵੱਡੀ ਸਫਲਤਾ ਤਾਂ ਨਹੀਂ ਲੱਗੀ , ਪਰ ਪੁਲਿਸ ਅਧਿਕਾਰੀ ਨਿਗੂਣੀ ਪ੍ਰਾਪਤੀ ਲਈ ਵੀ ਆਪਣੀ ਪਿੱਠ ਜਰੂਰ ਥਾਪੜਦੇ ਨਜਰ ਆ ਰਹੇ ਹਨ। ਪੁਲਿਸ ਵੱਲੋਂ ਡੀਜੀਪੀ ਦੀਆਂ ਹਦਾਇਤਾਂ ਤੇ ਰੇਡ ਲਈ , ਜਿਲ੍ਹੇ ਅੰਦਰ ਉਹ ਜਗ੍ਹਾ, ਦੀ ਚੋਣ ਕੀਤੀ ਗਈ ਸੀ, ਜਿਹੜੀ, ਬਸਤੀ ਨਸ਼ੇੜੀਆਂ ਦੀ ਵੱਡੀ ਠਾਹਰ ਅਤੇ ਨਸ਼ੇ ਦੀ ਮੰਡੀ ਵਜੋਂ ਜਾਣੀ ਜਾਂਦੀ ਹੈ। ਨਸ਼ੇ ਦੀ ਵੱਡੀ ਬਰਾਮਦਗੀ ਨਾ ਹੋਣ ਦਾ ਕਾਰਣ, ਪੁਲਿਸ ਪ੍ਰਸ਼ਾਸ਼ਨ ਦੀ ਖੁਫੀਆ ਸੂਚਨਾ ਲੀਕ ਹੋਣਾ ਹੀ ਮੰਨਿਆ ਜਾ ਰਿਹਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਪੁਲਿਸ ਰੇਡ ਦੀ ਭਿਣਕ ਸੈਂਸੀ ਬਸਤੀ ਵਿੱਚ ਨਸ਼ਾ ਤਸਕਰਾਂ ਨੂੰ ਪਹਿਲਾ ਹੀ ਲੱਗ ਚੁੱਕੀ ਸੀ। ਵਰਨਣਯੋਗ ਹੈ ਕਿ ਪੁਲਿਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਗਈ ਵਿਸ਼ੇਸ ਮੁਹਿੰਮ ਤਹਿਤ ਮੁਖਵਿੰਦਰ ਸਿੰਘ ਛੀਨਾ, ਇੰਸਪੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ,ਪਟਿਆਲਾ ਦੀ ਸੁਪਰਵੀਜ਼ਨ ਹੇਠ ਸੰਦੀਪ ਕੁਮਾਰ ਮਲਿਕ, ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਦੀ ਸਰਪ੍ਰਸਤੀ ਹੇਠ ਪੁਲਿਸ ਜ਼ਿਲ੍ਹਾ ਬਰਨਾਲਾ ਦੀਆਂ ਪੁਲਿਸ ਪਾਰਟੀਆਂ ਜਿੰਨ੍ਹਾਂ ਵਿੱਚ ਸ਼੍ਰੀ ਅਨਿਲ ਕੁਮਾਰ, ਪੀ.ਪੀ.ਐੱਸ. ਕਪਤਾਨ ਪੁਲਿਸ (ਡੀ) ਬਰਨਾਲਾ ਅਤੇ ਸ਼੍ਰੀ ਕੁਲਦੀਪ ਸਿੰਘ ਸੋਹੀ, ਪੀ.ਪੀ.ਐੱਸ. ਕਪਤਾਨ ਪੁਲਿਸ (ਸਥਾਨਕ) ਬਰਨਾਲਾ ਸਮੇਤ 5 ਉਪ ਕਪਤਾਨ ਪੁਲਿਸ ਦੇ ਕਰੀਬ 265 ਪੁਲਿਸ ਕਰਮਚਾਰੀਆਂ ਦੇ ਰਾਮਬਾਗ ਦੀ ਬੈਕ ਸਾਈਡ, ਸੈਂਸੀ ਬਸਤੀ ਬਰਨਾਲਾ ਵਿਖੇ ਸਪੈਸ਼ਲ ਸਰਚ ਅਭਿਆਨ ਕੀਤਾ ਗਿਆ। ਸਰਚ ਦੌਰਾਨ ਇਸ ਬਸਤੀ ਅਤੇ ਆਸ-ਪਾਸ ਦੇ ਸ਼ੱਕੀ ਇਲਾਕੇ ਵਿੱਚੋਂ ਨਿਮਨਲਿਖਤ ਅਨੁਸਾਰ ਬ੍ਰਾਮਦਗੀ ਹੋਈ ਹੈ। 1365 ਖੁੱਲੀਆਂ ਨਸ਼ੀਲੀਆ ਗੋਲੀਆਂ,
200 ਨਸ਼ੀਲੇ ਕੈਪਸੂਲ ਖੁੱਲੇ ,
15 ਗ੍ਰਾਮ ਹੈਰੋਇਨ (ਚਿੱਟਾ)
1,02,000/ਰੁਪਏ ਡਰੱਗ ਮਨੀ , ਇਸ ਅਭਿਆਨ ਦੌਰਾਨ 10 ਮੋਟਰਸਾਇਕਲ ਅਤੇ 6 ਐਕਟਿਵਾ ਸਕੂਟਰੀਆਂ ਨੂੰ ਬਿਨ੍ਹਾਂ ਕਾਗਜ਼ਾਤ ਤੋਂ ਧਾਰਾ 207 ਤਹਿਤ ਜ਼ਬਤ ਕੀਤਾ ਗਿਆ ਹੈ ।