40 ਦਿਨ ਬਾਅਦ ਬਜ਼ਾਰ ਚ, ਮੁੜ ਪਰਤੀਆਂ ਰੌਣਕਾਂ ਮਨੀ ਗਰਗ ਬਰਨਾਲਾ 01 ਮਈ 2020
ਕੋਰੋਨਾ ਵਾਇਰਸ ਤੋਂ ਬਚਾਅ ਲਈ ਦੇਸ਼ ਅੰਦਰ ਲਾਗੂ ਕੀਤੇ ਲੌਕਡਾਉਨ ਦੇ 40 ਦਿਨ ਬਾਅਦ ਅੱਜ ਬਰਨਾਲਾ ਪ੍ਰਸ਼ਾਸ਼ਨ ਵੱਲੋਂ ਦਿੱਤੀ 4 ਘੰਟਿਆਂ ਦੀ ਢਿੱਲ ਨਾਲ ਦੁਕਾਨਦਾਰਾਂ ਨੂੰ ਚਾਅ ਚੜ੍ਹ ਗਿਆ। ਪੁਲਿਸ ਦੇ ਸਖਤ ਸੁਰੱਖਿਆ ਪਹਿਰੇ ਥੱਲੇ ਬਜ਼ਾਰ ਚ, ਫਿਰ ਰੋਣਕਾਂ ਪਰਤੀਆਂ। ਲੰਬੇ ਸਮੇਂ ਦੇ ਬੰਦ ਤੋਂ ਬਾਅਦ ਦੁਕਾਨਦਾਰਾਂ ਨੂੰ ਅਤੇ ਹੋਰ ਲੋਕਾਂ ਨੂੰ ਖੁੱਲੀ ਫਿਜ਼ਾ ਚ। ਸਾਹ ਲੈਣ ਦਾ ਮੌਕਾ ਮਿਲਿਆ। ਹਰ ਕਿਸੇ ਦੇ ਚਿਹਰੇ ਤੇ ਰੋਣਕ ਸਾਫ ਝਲਕਦੀ ਦਿਖੀ। ਦੁਕਾਨਦਾਰ ਸਵੇਰੇ 7 ਵਜੇ ਹੀ ਤਿਆਰ ਬਿਆਰ ਹੋ ਕੇ ਦੁਕਾਨਾਂ ਦੀ ਸਫਾਈ ਕਰਕੇ ਧੂਫ ਧੁਖਾ ਕੇ ਆਪੋ ਆਪਣੀ ਦੁਕਾਨਦਾਰੀ ਸਜਾ ਕੇ ਬੈਠ ਗਏ। ਸ਼ਹਿਰ ਹੀ ਨਹੀਂ ਨੇੜਲੇ ਪਿੰਡਾਂ ਦੇ ਲੋਕ ਵੀ ਸਵੇਰ ਤੋਂ ਹੀ ਖਰੀਦਦਾਰੀ ਕਰਨ ਲਈ ਉਮੜ ਪਏ। ਸਭ ਤੋਂ ਜਿਆਦਾ ਲੋਕ ਕਰਿਆਣਾ ਤੇ ਪੱਖੇ , ਕੂਲਰ ਆਦਿ ਗਰਮੀ ਤੋਂ ਬਚਾਅ ਦੇ ਸਾਧਨ ਲੈਣ ਲਈ ਬਿਜਲੀ ਦੀਆਂ ਦੁਕਾਨਾਂ ਤੇ ਵੇਖਣ ਨੂੰ ਮਿਲੇ।
ਭਾਂਵੇ ਪ੍ਰਸ਼ਾਸ਼ਨ ਨੇ ਸਵੇਰੇ 7 ਵਜੇ ਤੋਂ 11 ਵਜੇ ਤੱਕ ਹਰ ਦਿਨ 4 ਘੰਟੇ ਦੀ ਢਿੱਲ ਦੇਣ ਦਾ ਐਲਾਨ ਕੀਤਾ ਹੈ। ਪਰੰਤੂ ਲੋਕਾਂ ਦੇ ਮਨਾਂ ਚ, ਇਹ ਢਿੱਲ ਲਗਾਤਾਰ ਜਾਰੀ ਰਹਿਣ ਨੂੰ ਲੈ ਕੇ ਧੁੜਕੂ ਵਸਿਆ ਹੋਇਆ ਹੈ ਕਿ ਕਿਧਰੇ ਫਿਰ ਪ੍ਰਸ਼ਾਸ਼ਨ ਇਹ ਢਿੱਲ ਦਾ ਹੁਕਮ ਵਾਪਿਸ ਨਾ ਲੈ ਲਏ। ਪੁਲਿਸ ਕਰਮਚਾਰੀਆਂ ਨੂੰ ਵੀ ਕਰਫਿਊ ਚ, ਮਿਲੀ ਢਿੱਲ ਕਾਰਣ ਥੋੜੀ ਰਾਹਤ ਮਿਲੀ। ਪਰੰਤੂ ਕਿਸੇ ਵੀ ਸਥਾਨ ਤੇ ਭੀੜ ਜਮਾਂ ਨਾ ਹੋਣ ਤੇ ਢਿੱਲ ਦਾ ਸਮਾਂ ਸਮਾਪਤ ਹੋਣ ਤੇ ਬਜ਼ਾਰ ਬੰਦ ਕਰਵਾਉਣ ਨੂੰ ਲੈ ਕੇ ਕਾਫੀ ਤਣਾਅ ਚੋਂ ਲੰਘਣਾ ਪਿਆ। ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਕਰਫਿਊ ਚ, ਦਿੱਤੀ ਪਹਿਲੇ ਦਿਨ ਦੀ ਢਿੱਲ ਅਮਨ ਪੂਰਵਕ ਸਮਾਪਤ ਹੋ ਗਈ। ਡੀਐਸਪੀ ਰਾਜੇਸ਼ ਛਿੱਬਰ ਅਤੇ ਐਸਐਚਉ ਸਿਟੀ 1 ਜਗਜੀਤ ਸਿੰਘ ਦੀ ਅਗਵਾਈ ਚ, ਪੁਲਿਸ ਦੀ ਗਸ਼ਤ ਬਜ਼ਾਰਾਂ ਚ, 4 ਘੰਟੇ ਹੀ ਜਾਰੀ ਰਹੀ। 10.45 ਤੇ ਹੀ ਪੁਲਿਸ ਨੇ ਦੁਕਾਨਾਂ ਬੰਦ ਕਰਨ ਸਬੰਧੀ ਲੋਕਾਂ ਤੇ ਦੁਕਾਨਦਾਰਾਂ ਨੂੰ ਸੂਚਨਾ ਦੇਣੀ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਕੁਮਾਰ ਨਾਣਾ ਨੇ ਹੋਰ ਵਪਾਰੀ ਆਗੂਆਂ ਸਣੇ ਡੀਐਸਪੀ ਰਾਜੇਸ਼ ਛਿੱਬਰ ਨਾਲ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਢਿੱਲ ਦੇ ਸਮੇਂ ਬਾਜ਼ਾਰਾਂ ਚ, ਕੀਤੀ ਬੈਰੀਕੇਡਿੰਗ ਨਾਲ ਸ਼ਹਿਰ ਚ, ਦੁਕਾਨਾਂ ਤੇ ਆਉਣ ਵਾਲੇ ਗ੍ਰਾਹਕਾਂ ਨੂੰ ਅਤੇ ਖੁਦ ਦੁਕਾਨਦਾਰਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ। ਟ੍ਰੈਫਿਕ ਦੀ ਵੀ ਸਮੱਸਿਆ ਆ ਰਹੀ ਹੈ।