ਰਘਵੀਰ ਹੈਪੀ , ਬਰਨਾਲਾ,8 ਜੁਲਾਈ 2022
ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਸਥਾਨਕ ਬੱਸ ਅੱਡੇ ਦੇ ਪਿੱਛੇ ਆਈਲੈਟਸ ਸੰਸਥਾਵਾਂ ਨਜ਼ਦੀਕ ਪੁਸਤਕ ਪ੍ਰਦਰਸ਼ਨੀ ਲਗਾ ਕੇ ਅੰਗਰੇਜ਼ੀ ਨੂੰ ਜਾਂਦੇ ਰਸਤੇ ‘ਤੇ ਮਾਂ ਬੋਲੀ ਪੰਜਾਬੀ ਪ੍ਰਤੀ ਸਨੇਹ ਦਾ ਹੋਕਾ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫਸਰ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫਸਰ ਨੇ ਦੱਸਿਆ ਕਿ ਉੱਚ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਭਾਸ਼ਾ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ ਦੀ ਅਗਵਾਈ ਹੇਠ ਮਾਂ ਬੋਲੀ ਪੰਜਾਬੀ ਦੀ ਪ੍ਰਫੁਲੱਤਾ ਦੇ ਨਾਲ ਨਾਲ ਸਾਹਿਤ ਪ੍ਰਤੀ ਲਗਾਅ ਪੈਦਾ ਕਰਨ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਭਾਸ਼ਾ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਸਮੇਂ ਸਮੇਂ ‘ਤੇ ਥਾਵਾਂ ਦੀ ਸ਼ਨਾਖਤ ਕਰਕੇ ਪੁਸਤਕ ਪ੍ਰਦਰਸ਼ਨੀਆਂ ਲਗਾਉਣ ਦੀ ਮੁਹਿੰਮ ਅਧੀਨ ਬਰਨਾਲਾ ਵਿਖੇ ਸਥਿਤ ਆਈਲੈਟਸ ਕੇਂਦਰਾਂ ਕੋਲ ਪੁਸਤਕ ਪ੍ਰਦਰਸ਼ਨੀ ਲਗਾ ਕੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਿੱਖਣ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਪ੍ਰਤੀ ਸਨੇਹ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ।ਭਾਸ਼ਾ ਅਧਿਕਾਰੀਆਂ ਵੱਲੋਂ ਮਾਂ ਬੋਲੀ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤੀ ਜਾਂ ਰੁਜ਼ਗਾਰ ਪ੍ਰਾਪਤੀ ਲਈ ਵਿਦੇਸ਼ਾਂ ‘ਚ ਵਸਣ ‘ਤੇ ਵੀ ਮਾਂ ਬੋਲੀ ਪੰਜਾਬੀ ‘ਤੇ ਮਾਣ ਕਰਦੇ ਰਹਿਣ ਦਾ ਸੁਨੇਹਾ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਪੁਸਤਕ ਪ੍ਰਦਰਸ਼ਨੀ ਦੇ ਸੰਚਾਲਕ ਜਗਦੇਵ ਸਿੰਘ ਜੂਨੀਅਰ ਸਹਾਇਕ ਨੇ ਦੱਸਿਆ ਕਿ ਆਈਲੈਟਸ ਕੇਂਦਰਾਂ ‘ਚ ਅੰਗਰੇਜ਼ੀ ਸਿੱਖਣ ਆਉਣ ਵਾਲੇ ਵਿਦਿਆਰਥੀਆਂ ਵੱਲੋਂ ਭਾਸ਼ਾ ਵਿਭਾਗ ਦੀਆਂ ਪੁਸਤਕਾਂ ‘ਚ ਭਾਰੀ ਦਿਲਚਸਪੀ ਵਿਖਾਈ ਗਈ।ਵਿਦਿਆਰਥੀਆਂ ਦੇ ਨਾਲ ਨਾਲ ਹੋਰਨਾਂ ਪਾਠਕਾਂ ਵੱਲੋਂ ਵੀ ਪੁਸਤਕ ਪ੍ਰਦਰਸ਼ਨੀ ਤੋਂ ਪੁਸਤਕਾਂ ਦੀ ਖਰੀਦ ਕੀਤੀ ਗਈ।ਇਸ ਮੌਕੇ ਪਾਠਕਾਂ ਤੋਂ ਇਲਾਵਾ ਭਾਸ਼ਾ ਵਿਭਾਗ ਦੇ ਕਰਮਚਾਰੀ ਗੋਬਿੰਦ ਸਿੰਘ ਵੀ ਹਾਜ਼ਰ ਸਨ।