–ਲੇਖਕ- ਮੇਘ ਰਾਜ ਮਿੱਤਰ
ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਮਰੀਜ਼ਾਂ ਦੀ ਬਿਮਾਰੀ ਰੋਧਿਕ ਸ਼ਕਤੀ ਨੂੰ ਤਕੜਾ ਕਰਨ ਲਈ ਹੋਮੀਓਪੈਥਿਕ ਦਵਾਈਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ ਕਰੀਏ ਸਾਨੂੰ ਇਹ ਦੇਖਣਾ ਪਾਏਗਾ ਕਿ ਕੀ ਇਹ ਪੈਥੀ ਵਿਗਿਆਨਕ ਹੈ ਜਾਂ ਗੈਰ ਵਿਗਿਆਨਕ? ਕਿਤੇ ਇਹ ਸਰਕਾਰਾਂ ਆਮ ਜਨਤਾ ਨੂੰ ਗੁੰਮਰਾਹ ਤਾਂ ਨਹੀਂ ਕਰ ਰਹੀਆਂ? ਅਸੀਂ ਜਾਣਦੇ ਹਾਂ ਕਿ ਕੋਈ ਵੀ ਪੈਥੀ ਉਨ੍ਹਾਂ ਚਿਰ ਵਿਗਿਆਨਕ ਪੈਥੀ ਨਹੀਂ ਕਹੀ ਜਾ ਸਕਦੀ ਜਿੰਨਾ ਚਿਰ ਉਹ ਵਿਗਿਆਨਕ ਢੰਗ ਨਾਲ ਪਰਖ ਤੇ ਪੂਰਾ ਨਹੀਂ ਉਤਰਦੀ ਹੈ। ਸਾਨੂੰ ਪਤਾ ਹੈ ਕਿ ਕਿਸੇ ਪੈਥੀ ਨੂੰ ਤਦ ਵਿਗਿਆਨਕ ਪੈਥੀ ਕਿਹਾ ਜਾ ਸਕਦਾ ਹੈ ਜੇ ਉਹ ਪ੍ਰਯੋਗਾਂ ਨਿਰੀਖਣਾਂ ਤੇ ਪਰਖਾਂ ਤੇ ਪੂਰੀ ਉਤਰਦੀ ਹੋਵੇ। ਹੁਣ ਅਸੀਂ ਦੇਖ ਰਹੇ ਹਾਂ ਕਿ ਕੋਰੋਨਾ-19 ਨੂੰ ਠੀਕ ਕਰਨ ਲਈ ਬਹੁਤ ਸਾਰੀਆਂ ਦਵਾਈਆਂ ਦੀ ਪਰਖ ਹੋ ਰਹੀ ਹੈ । ਦੁਨੀਆਂ ਦੇ ਲੱਖਾਂ ਵਿਗਿਆਨਕ ਦਿਨ ਰਾਤ ਦਵਾਈਆਂ ਅਤੇ ਟੀਕਿਆਂ ਦੀਆਂ ਖੋਜਾਂ ਵਿੱਚ ਰੁਝੇ ਹੋਏ ਹਨ । ਪਹਿਲਾਂ ਇਹਨਾਂ ਦੀ ਪਰਖ ਸੰਬੰਧੀ ਬਹੁਤ ਸਾਰੇ ਸਵਾਲ ਪੈਦਾ ਕੀਤੇ ਜਾਂਦੇ ਹਨ ਕਿ ਖੋਜੀ ਜਾ ਰਹੀ ਦਵਾਈ ਮਰੀਜ਼ਾਂ ਨੂੰ ਕਿਵੇਂ ਠੀਕ ਕਰਦੀ ਹੈ । ਫਿਰ ਉਸ ਦੀ ਪਰਖ ਚੂਹਿਆਂ ਤੇ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਮਨੁੱਖਾਂ ਦੇ ਛੋਟੇ ਗਰੁੱਪਾਂ ਤੇ ਕੀਤੀ ਜਾਂਦੀ ਹੈ। ਫਿਰ ਦਰਮਿਆਨੇ ਗਰੁੱਪਾਂ ਤੇ ਫਿਰ ਵੱਡੇ ਗਰੁੱਪਾਂ ਤੇ ਕੀਤੀ ਜਾਂਦੀ ਹੈ । ਇਸ ਤੋਂ ਬਾਅਦ ਤੰਦਰੁਸਤ ਮਨੁੱਖਾਂ ਤੇ ਕੀਤੀ ਜਾਂਦੀ ਹੈ ਅਤੇ ਫਿਰ ਬਿਮਾਰ ਮਨੁੱਖਾਂ ਤੇ ਕੀਤੀ ਜਾਂਦੀ ਹੈ। ਇਸ ਵਿਧੀ ਨੂੰ ਸਾਲਾਂ ਵਧੀ ਲੱਗ ਜਾਂਦੇ ਹਨ। ਹੁਣ ਮੈਂ ਜਾਣਦਾ ਹਾਂ ਕਿ ਹੋਮੋਪੈਥੀ ਦਵਾਈਆਂ ਤੇ ਨਾਂ ਤਾਂ ਪ੍ਰਯੋਗ ਕੀਤੇ ਜਾ ਸਕਦੇ ਹਨ ਨਾਂ ਪਰਖ ਕੀਤੀ ਜਾ ਸਕਦੀ ਹੈ ਤੇ ਨਾ ਨਿਰੀਖਣ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਪੈਥੀ ਤਾਂ ਹਰੇਕ ਵਿਅਕਤੀ ਅਤੇ ਹਰੇਕ ਡਾਕਟਰ ਦੇ ਨਿਜੀ ਤਜ਼ਰਬੇ ਉੱਤੇ ਨਿਰਧਾਰਿਤ ਹੁੰਦੀ ਹੈ। ਕੋਈ ਵੀ ਡਾਕਟਰ ਕਿਸੇ ਮਰੀਜ ਦੇ ਸਿੰਪਟਮ ਪੁੱਛਦਾ ਹੈ ਸਿੰਪਟਮਾਂ ਦੀ ਜਾਣਕਾਰੀ ਲੈ ਕੇ ਹੀ ਫਿਰ ਫੈਸਲਾ ਕੀਤਾ ਜਾਂਦਾ ਹੈ ਕਿ ਇਸ ਉਪਰ ਕਿਹੜੀ ਦਵਾਈ ਢੁੱਕਵੀ ਬੈਠਦੀ ਹੈ। ਇਸ ਲਈ ਹੀ ਇਹ ਪੈਥੀ ਸੰਸਾਰ ਪੱਧਰ ਦੇ ਉਪਰ ਕੋਈ ਵਿਗਿਆਨਕ ਪੈਥੀ ਨਹੀਂ ਗਿਣੀ ਜਾਂਦੀ। ਸਗੋਂ ਇਸ ਨੂੰ ਤਾਂ ਬਹੁਤ ਸਾਰੇ ਦੇਸ਼ਾਂ ਨੇ ਆਪਣੀ ਨੀਮ ਹਕੀਮਾਂ ਵਾਲੀ ਪ੍ਰਣਾਲੀ ਦੀ ਸੂਚੀ ਵਿੱਚ ਪਾਇਆ ਹੋਇਆ ਹੈ। ਇਸ ਲਈ ਇਹ ਕੋਈ ਵਿਗਿਆਨਕ ਪੈਥੀ ਨਹੀਂ ਸਮਝੀ ਜਾਂਦੀ।
ਅਗਲੀ ਗੱਲ ਇਸ ਦੀਆਂ ਬੂੰਦਾਂ ਵਿੱਚ ਕੀ ਕੋਈ ਦਵਾਈ ਹੁੰਦੀ ਹੈ? ਮੈਂ ਸਮਝਦਾ ਹਾਂ ਇਹਨਾਂ ਬੂੰਦਾਂ ਵਿੱਚ ਦਵਾਈ ਦੀ ਮਾਤਰਾ ਹੋ ਹੀ ਨਹੀਂ ਸਕਦੀ, ਕਿਉਂਕਿ ਜਦੋਂ ਇਸ ਦੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ । ਉਹਨਾਂ ਵਿੱਚ ਸਪਿਰਟ ਦੀ ਮਾਤਰਾ ਹਰ ਵਾਰ ਉਸ ਦਵਾਈ ਤੋਂ ਦਸ ਗੁਣਾਂ ਵੱਧ ਪਾਈ ਜਾਂਦੀ ਹੈ । ਫਿਰ ਇਸ ਤੋਂ ਤਕੜੀ ਦਵਾਈ ਬਣਾਉਣ ਲਈ ਇੱਕ ਤੁਬਕਾ ਲੈ ਕੇ ਇਸ ਤੋਂ ਦਸ ਗੁਣਾਂ ਸਪਿਰਟ ਪਾ ਦਿੰਦੇ ਹਨ। ਜਾਣੀ ਕੇ ਸਿਰਫ ਦੋ ਪੁਟੈਂਸੀ ਦਵਾਈ ਬਣਾਉਣ ਲਈ ਦਵਾਈ ਸੌਂਵਾ ਹਿੱਸਾ ਰਹਿ ਜਾਂਦੀ ਹੈ । ਤਿੰਨ ਪੋਟੈਂਸੀ ਵੇਲੇ ਦਵਾਈ ਹਜਾਰਵਾਂ ਹਿੱਸਾ ਰਹਿ ਜਾਂਦੀ ਹੈ । ਇਹਨਾਂ ਦੀਆਂ ਪੁਟੈਂਸ਼ੀਆਂ 10, 100 ਫਿਰ 1000 ਫਿਰ 10000 ਫਿਰ 100000 ਇਸ ਤਰ੍ਹਾਂ ਵੱਧਦੇ ਜਾਂਦੇ ਦਸ ਲੱਖ ਪੁਟੈਂਸ਼ੀ ਤੱਕ ਦੀਆਂ ਦਵਾਈਆਂ ਬਣ ਜਾਂਦੀਆਂ ਹਨ। ਤੁਸੀਂ ਇਸ ਗੱਲ ਦਾ ਅੰਦਾਜਾ ਲਾ ਸਕਦੇ ਹੋ ਕਿ ਧਰਤੀ ਤੋਂ ਚੰਦਰਮਾ ਦੀ ਦੂਰੀ ਚਾਰ ਲੱਖ ਕਿਲੋ ਮੀਟਰ ਹੈ । ਜੇ ਇੰਨੇ ਅਰਧ ਵਿਆਸ ਦਾ ਗੋਲਾ ਲੈ ਲਈਏ ਤੇ ਉਸ ਸਾਰੇ ਗੋਲੇ ਵਿੱਚ ਸਪਿਰਟ ਭਰ ਲਈਏ। ਉਸ ਵਿੱਚ ਇੱਕ ਚੁਟਕੀ ਖਾਣ ਵਾਲੇ ਲੂਣ ਦੀ ਪਾ ਦਈਏ ਉਸ ਗੋਲੇ ਵਿੱਚ ਭਰੀ ਹੋਈ ਸਪਿਰਟ ਦੀਆਂ ਦੋ ਬੂੰਦਾਂ ਖੰਡ ਦੀਆਂ ਗੋਲੀਆਂ ਪਾ ਕੇ ਦੇ ਦਿੱਤੀਆਂ ਜਾਣ ਤਾਂ ਇਹ ਇਹਨਾਂ ਦੀ ਤੀਹ ਪੁਟੈਂਸੀ ਦੀ ਦਵਾਈ ਹੁੰਦੀ ਹੈ। ਸੌ ਪੁਟੈਂਸ਼ੀ ਦੀ ਦਵਾਈ ਨੂੰ ਤੀਹ ਗੁਣਾਂ ਪੁਟੈਂਸ਼ੀ ਦੀ ਦਵਾਈ ਤੋਂ ਅਰਬਾਂ ਗੁਣਾਂ ਸ਼ਕਤੀਸ਼ਾਲੀ ਕਿਹਾ ਜਾਂਦਾ ਹੈ । ਉਸ ਦਾ ਘੁਣਫਲ ਇੰਨਾ ਹੋ ਜਾਂਦਾ ਹੈ ਕਿ ਸੂਰਜ ਦੀ ਦੂਰੀ ਸਾਡੀ ਧਰਤੀ ਤੋਂ ਪੰਦਰਾਂ ਕਰੋੜ ਕਿਲੋਮੀਟਰ ਹੈ ਜੇ ਇਸ ਅਰਧ ਵਿਆਸ ਦਾ ਗੋਲਾ ਲੈ ਲਈਏ ਇਸ ਵਿੱਚ ਸਪਿਰਟ ਭਰ ਦਈਏ ਤੇ ਇੱਕ ਚੁਟਕੀ ਲੂਣ ਦੀ ਪਾ ਦਈਏ ਇਸ ਵਿੱਚੋਂ ਕੁੱਝ ਬੂੰਦਾਂ ਤੁਹਾਨੂੰ ਦੇ ਦਿੱਤੀਆਂ ਜਾਣ , ਇਹ ਇਹਨਾਂ ਦੀ ਸੌ ਪੁਟੈਂਸੀ ਦੀ ਦਵਾਈ ਹੋਵੇਗੀ। ਇੱਥੇ ਇਹ ਪੈਥੀ ਵਾਲੇ ਇੱਕ ਵਿਗਿਆਨਕ ਸੋਚ ਦੀਆਂ ਧੱਜੀਆਂ ਵੀ ਉਡਾ ਦਿੰਦੇ , ਇਹ ਕਹਿੰਦੇ ਹਨ ਜਿਉਂ-ਜਿਉਂ ਬੂੰਦਾਂ ਵਿੱਚ ਦਵਾਈ ਦੀ ਮਾਤਰਾ ਘੱਟਦੀ ਜਾਂਦੀ ਹੈ ਉਹ ਦਵਾਈ ਹੋਰ ਤਾਕਤਵਰ ਹੋ ਜਾਂਦੀ ਹੈ। ਇਹਨਾਂ ਅਨੁਸਾਰ ਸੌ ਪੋਟੀਸ਼ੀ ਦੀ ਦਵਾਈ ਵਿੱਚ ਪਦਾਰਥ ਦੀ ਮਾਤਰਾ ਘੱਟ ਹੋਵੇਗੀ ਪਰ ਇਹ ਤੀਹ ਪੁਟੈਂਸੀ ਦੀ ਦਵਾਈ ਨਾਲੋਂ ਜਿਆਦਾ ਤਾਕਤਵਰ ਹੋਵੇਗੀ।
ਉਂਝ ਵੀ ਇਹ ਵੇਖਣ ਵਿੱਚ ਆਇਆ ਹੈ ਜਿੱਥੇ ਅੰਗਰੇਜ਼ੀ ਦਵਾਈਆਂ ਦੇ ਹਸਪਤਾਲਾਂ ਦੇ ਨਾਲ-ਨਾਲ ਹੋਮੀਓਪੈਥਿਕ ਡਿਸਪੈਸਰੀਆਂ ਵੀ ਖੁੱਲੀਆਂ ਹੋਈਆਂ ਹਨ ਤਾਂ ਹੋਮੀਓਪੈਥਿਕ ਦਵਾਈ ਲੈਣ ਵਾਲੇ ਮਰੀਜ਼ਾਂ ਦੀ ਗਿਣਤੀ ਅੰਗਰੇਜੀ ਦਵਾਈ ਲੈਣ ਵਾਲੇ ਮਰੀਜ਼ਾਂ ਦੀ ਗਿਣਤੀ ਮੁਕਾਬਲੇ ਨਿਗੂਣੀ ਹੁੰਦੀ ਹੈ। ਉਂਝ ਵੀ ਹੁਣ ਤੱਕ ਇਹਨਾਂ ਪੈਥੀਆਂ ਨੇ ਜਿਹਨਾਂ ਨੂੰ ਭਾਰਤ ਸਰਕਾਰ ਨੇ ਮਾਨਤਾ ਦਿੱਤੀ ਹੈ । ਇਹਨਾਂ ਪੈਥੀਆਂ ਨੇ ਅੱਜ ਤੱਕ ਕਿਸੇ ਵੀ ਇੱਕ ਬਿਮਾਰੀ ਦਾ ਖੁਰਾਖੋਜ ਧਰਤੀ ਤੋਂ ਨਹੀਂ ਮਿਟਾਇਆ। ਪਰ ਅੰਗਰੇਜ਼ੀ ਦਵਾਈਆਂ ਨੇ ਸੈਂਕੜੇ ਦਵਾਈਆਂ ਜਿਹੀਆਂ ਹਨ ਜਿੰਨੇ ਦੇ ਖੁਰਾਖੋਜ ਧਰਤੀ ਤੋਂ ਸਦਾ ਲਈ ਮਿਟਾ ਦਿੱਤੇ ਹਨ। ਅਸੀਂ ਨਿੱਕੇ ਹੁੰਦੇ ਵੇਖਦੇ ਸਾਂ ਕਿ ਬਹੁਤ ਸਾਰੇ ਵਿਅਕਤੀਆਂ ਦੇ ਮੂੰਹ ਦਾਗਾਂ ਨਾਲ ਭਰੇ ਹੁੰਦੇ ਸਨ ਸੁਣਦੇ ਸਾਂ ਇਹਨਾਂ ਨੂੰ ਮਾਤਾ ਨਿਕਲੀ ਸੀ ਜਿਸ ਨਾਲ ਦਾਗ ਪੈ ਗਏ। ਪਰ ਅੱਜ ਕੱਲ ਅਜਿਹੇ ਵਿਅਕਤੀ ਨਹੀਂ ਮਿਲਦੇ। ਅੱਜ ਧਰਤੀ ਤੋਂ 99% ਲੋਕ ਪੋਲੀਓ ਮੁਕਤ ਹੋ ਚੁੱਕੇ ਹਨ। ਆਦਮੀ ਦੀ ਔਸਤ ਉਮਰ ਵਿੱਚ ਵੀ ਕਾਫੀ ਵਾਧਾ ਹੋਇਆ ਹੈ। 1931 ਦੀ ਮਰਦਮ ਸੁਮਾਰੀ ਦੇ ਅੰਕੜੇ ਦੱਸਦੇ ਹਨ ਕਿ ਵਿਅਕਤੀਆਂ ਦੀ ਔਸਤ ਉਮਰ 32-33 ਵਰ੍ਹੇ ਹੀ ਸੀ ਪਰ ਅੱਜ ਭਾਰਤ ਵਿੱਚ ਵੀ ਇਹ 67 ਸਾਲ ਹੋ ਚੁੱਕੀ ਹੈ।
ਵਧੀਆ ਗੱਲ ਹੁੰਦੀ ਕਿ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਖੁਦ ਆਪਣੀ ਨਿਗਰਾਨੀ ਹੇਠ ਇਹ ਟੈਸਟਟਿੰਗ ਕਰਾਉਂਦੀ ਫਿਰ ਇਸ ਨਿਰਣੇ ਤੇ ਪੁੱਜਦੀ ਤਾਂ ਇਹ ਬਹੁਤ ਸਾਰੀ ਜਨਤਾ ਲਈ ਚੰਗਾ ਫੈਸਲਾ ਹੁੰਦਾ। ਉਂਝ ਵੀ ਇਹ ਦੇਖਣ ਵਿੱਚ ਆਇਆ ਹੈ ਕਿ ਹੋਮੀਓਪੈਥਿਕ ਦੇ 90% ਡਾਕਟਰ ਅੰਗਰੇਜ਼ੀ ਦਵਾਈਆਂ ਨੂੰ ਵਰਤਣ ਲੱਗ ਜਾਂਦੇ ਹਨ ਜਿਸ ਲਈ ਉਹ ਅਯੋਗ ਹੁੰਦੇ ਹਨ ਭਾਰਤ ਦੇ ਸੁਪਰੀਮ ਕੋਰਟ ਨੇ ਵੀ ਇਹ ਫੈਸਲਾ ਦਿੱਤਾ ਸੀ ਕਿ ਜਿਸ ਪੈਥੀ ਦੀ ਕੋਈ ਵਿਅਕਤੀ ਯੋਗਤਾ ਨਹੀਂ ਰੱਖਦਾ ਉਹ ਹੋਰ ਕੋਈ ਪੈਥੀ ਵਰਤਦਾ ਹੈ ਤਾਂ ਇਹ ਕਾਰਵਾਈ ਗੈਰ ਕਾਨੂੰਨੀ ਹੈ ਤੇ ਸ਼ਜਾ ਯੋਗ ਹੈ। ਹੁਣ ਭਾਰਤ ਸਰਕਾਰ ਦਾ ਇਹ ਕਹਿਣਾ ਹੈ ਕਿ ਲੋਕ ਇਮੂਨਿਟ ਵਧਾਉਣ ਲਈ ਹੋਮੀਓਪੈਥਿਕ ਦਵਾਈਆਂ ਇਸਤੇਮਾਲ ਕਰ ਸਕਦੇ ਹਨ। ਅਸੀਂ ਜਾਣਦੇ ਹਾਂ ਇਮੂਨਿਟੀ ਵਧਾਉਣ ਲਈ ਵਿਟਾਮਿਨ ਸੀ ਡੀ ਖਾਂਦੇ ਜਾਂਦੇ ਹਨ। ਸਾਡੇ ਰਸੋਈ ਵਿੱਚ ਮਿਲਣ ਵਾਲੇ ਬਹੁਤ ਸਾਰੇ ਪਦਾਰਥ ਅਜਿਹੇ ਹੁੰਦੇ ਹਨ ਜਿਹੜੇ ਸਾਡੇ ਸਰੀਰ ਦੀ ਇਮੂਨਿਟੀ ਵਧਾਉਣ ਲਈ ਵਰਤੇ ਜਾਂਦੇ ਹਨ। ਪਰ ਇਹ ਸਾਡੇ ਸਰੀਰ ਦੀ ਇਮੂਨਿਟੀ ਲਈ ਕਾਫੀ ਨਹੀਂ ਹੁੰਦੇ। ਵਿਟਾਮਿਨ ਸੀ ਤੇ ਡੀ ਅਜਿਹੇ ਪਦਾਰਥ ਹਨ ਇਹਨਾਂ ਦੀ ਪਰਖ ਲੈਬੋਰੇਟੀ ਟੈਸਟਾਂ ਵਿੱਚ ਹੋ ਸਕਦੀ ਹੈ। ਸੋ ਸਾਨੂੰ ਇਮੂਨਿਟੀ ਵਧਾਉਣ ਲਈ ਵਿਟਾਮਿਨ ਡੀ ਤੇ ਸੀ ਦੇ ਨਾਲ ਚੰਗੀਆਂ ਖੁਰਾਕਾਂ ਵੀ ਲੈਣੀਆਂ ਚਾਹੀਦੀਆਂ ਹਨ।