ਸੱਚ ਸਿਆਣੇ ਕਹਿੰਦੇ ਨੇ , ਬਈ ਗਰਜਣ ਵਾਲੇ ਕਦੇ ਵਰ੍ਹਦੇ ਨਹੀਂ ਹੁੰਦੇ,,
ਮਨੀ ਗਰਗ ਬਰਨਾਲਾ 30 ਅਪ੍ਰੈਲ 2020
ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ, ਇੱਕ ਪਾਸੇ ਪੁਲਿਸ ਨੇ ਭਾਂਵੇ ਸ਼ਹਿਰ ਅੰਦਰ ਰਹਿਣ ਵਾਲੇ ਲੋਕਾਂ ਨੂੰ ਚੁਫਰਿਉਂ ਪਾਈਪਾਂ ਦਾ ਘੇਰਾ ਪਾ ਕੇ ਆਪਣੇ ਘਰਾਂ ਅੰਦਰ ਹੀ ਵੜੇ ਰਹਿਣ ਲਈ, ਮਜਬੂਰ ਕਰ ਰੱਖਿਆ ਹੈ। ਪਰੰਤੂ ਦੂਜੇ ਪਾਸੇ ਪੁਲਿਸ ਦੀ ਮੁਸਤੈਦੀ ਦਾ ਮੰਜਰ ਬਰਨਾਲਾ ਟੂਡੇ ਦੀ ਟੀਮ ਨੇ ਵੀਰਵਾਰ ਨੂੰ ਕੈਮਰਿਆਂ ਚ, ਕੈਦ ਕਰ ਲਿਆ। ਹਾਲਤ ਇਹ ਹੈ ਕਿ ਸ਼ਹਿਰ ਚ, ਪੁਲਿਸ ਦੀ ਵੱਡੀ ਗਿਣਤੀ ਵੀ, ਨਾ ਭੀੜ ਤੇ ਕਾਬੂ ਪਾ ਸਕੀ ਹੈ ਅਤੇ ਨਾ ਹੀ ਸੋਸ਼ਲ ਦੂਰੀ ਦਾ ਹੁਕਮ ਲਾਗੂ ਕਰਵਾ ਸਕੀ ਹੈ। ਦੋਪਹੀਆ ਵਹੀਕਲਾਂ ਤੇ ਲੋਕ ਤਿੰਨ ਤਿੰਨ ਚੜ੍ਹੇ , ਪੁਲਿਸ ਕਰਮਚਾਰੀਆਂ ਦਾ ਮੂੰਹ ਚਿੜਾਉਂਦੇ ਹੋਏ ਹਾਰਨ ਵਜਾ ਕੇ ਫੁਰਰ ਹੋ ਜਾਂਦੇ ਹਨ । ਪਰੰਤੂ ਜੇਕਰ ਕੋਈ ਇਕੱਲਾ ਇਕਿਹਰਾ ਵਿਅਕਤੀ ਪੁਲਿਸ ਦੇ ਧੱਕੇ ਚੜ੍ਹ ਜਾਦੈ, ਫਿਰ ਉਹਦਾ ਚਲਾਨ ਹੀ ਨਹੀਂ ਕੱਟਦੇ, ਉਲਟਾ ਕਰਫਿਊ ਦੀ ਉਲੰਘਣਾ ਦਾ ਕੇਸ ਦਰਜ਼ ਕਰਨ ਨੂੰ ਵੀ ਦੇਰ ਨਹੀਂ ਲਗਾਉਂਦੇ। ਪੁਲਿਸ ਕਰਮਚਾਰੀਆਂ ਦੀ ਦੋਹਰੀ ਨੀਤੀ ਵੀ ਸਮਝ ਤੋਂ ਪਰ੍ਹੇ ਹੈ ਕਿ ਇੱਕ ਪਾਸੇ ਪੁਲਿਸ ਕਰਮਚਾਰੀ ਕਰਫਿਊ ਚ, ਛੋਟ ਪ੍ਰਾਪਤ ਵਿਅਕਤੀਆਂ ਨੂੰ ਉਨ੍ਹਾਂ ਦਾ ਸ਼ਨਾਖਤੀ ਕਾਰਡ ਦੇਖ ਕੇ ਵੀ ਸ਼ਹਿਰ ਅੰਦਰ ਦਾਖਿਲ ਹੋਣ ਤੋਂ ਰੋਕ ਦਿੰਦੇ ਹਨ। ਪਰੰਤੂ ਬਹੁਤੀਆਂ ਥਾਵਾਂ ਤੇ ਭੀੜ ਕਾਰਣ ਜਾਮ ਦੇ ਹਾਲਤ ਵੀ ਤਸਵੀਰਾਂ ਚ, ਕੈਦ ਹੋਏ ਹਨ। ਸ਼ਹਿਰ ਦੇ ਲੋਕਾਂ ਦੇ ਮਨਾਂ ਚ, ਇੱਕੋ ਹੀ ਸਵਾਲ ਵਾਰ ਵਾਰ ਮਨਾਂ ਚ, ਆ ਰਿਹਾ ਹੈ ਕਿ ਕਰਫਿਊ ਚ, ਲੱਗਦੇ ਜਾਮ, ਸਰੇਆਮ ਹਨ।ਕੈਮਰੇ ਵੀ ਸ਼ਹਿਰ ਚ, ਲੱਗੇ ਹੋਏ ਹਨ,ਪਰ ਫਿਰ ਵੀ ਪਤਾ ਨਹੀਂ ਇਹ ਕੈਮਰਿਆਂ ਚ, ਟ੍ਰੈਫਿਕ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ ਨਾ ਕੈਦ ਹੋ ਰਹੀਆਂ ਨੇ ਅਤੇ ਨਾ ਹੀ ਉਨ੍ਹਾਂ ਖਿਲਾਫ ਕੋਈ ਕਾਰਵਾਈ ਅਮਲ ਚ, ਲਿਆਂਦੀ ਜਾ ਰਹੀ ਹੈ, ਆਖਿਰ ਕਿਉਂ ! ਇੱਕ ਸ਼ਹਿਰ ਨਿਵਾਸੀ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਬਰਨਾਲਾ ਦੇ ਹੰਡਿਆਇਆ ਬਾਜ਼ਾਰ ਚ, ਇੱਕ ਗੱਡੀ ਵਿੱਚ ਬੈਠੇ ਚਾਰ ਪੁਲਿਸ ਕਰਮਚਾਰੀ ਜਨਤਕ ਥਾਂ ਤੇ ਵਰਦੀ ਸਮੇਤ ਸ਼ਰਾਬ ਪੀਂਦੇ ਰਹੇ। ਇਸ ਦੀ ਸੂਚਨਾ ਗੱਡੀ ਨੰਬਰ ਸਮੇਤ ਪੁਲਿਸ ਦੇ ਆਲਾ ਅਧਿਕਾਰੀ ਨੂੰ ਵੀ ਦਿੱਤੀ ਗਈ। ਪਰ ਉਹਨਾਂ ਤੇ ਐਕਸ਼ਨ ਲੈਣਾ ਤਾਂ ਦੂਰ, ਕੋਈ ਉਨ੍ਹਾਂ ਨੂੰ ਚੈਕ ਕਰਨ ਤੱਕ ਵੀ ਨਹੀਂ ਆਇਆ। ਇੱਕ ਬਜੁਰਗ ਸ਼ਹਿਰੀ ਨੇ ਬਿਨਾਂ ਕਿਸੇ ਅਧਿਕਾਰੀ ਦਾ ਨਾਮ ਲਏ ਵਿਅੰਗ ਕੀਤਾ ਕਿ ਸੱਚ ਸਿਆਣੇ ਕਹਿੰਦੇ ਨੇ ,ਬਈ ਗਰਜਣ ਵਾਲੇ ਕਦੇ ਵਰ੍ਹਦੇ ਨਹੀਂ ਹੁੰਦੇ।