ਸੰਯੁਕਤ ਕਿਸਾਨ ਮੋਰਚਾ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਤੇ ਦਰਜ ਕੀਤੇ ਪਰਚੇ ਖਿਲਾਫ ਆਵਾਜ ਬੁਲੰਦ ਕਰੋ-ਇਨਕਲਾਬੀ ਕੇਂਦਰ
ਰਘਵੀਰ ਹੈਪੀ , ਬਰਨਾਲਾ 15 ਜੂਨ 2022
ਅਲਾਹਾਬਾਦ ‘ਚ ਹੋਈਆਂ ਹਿੰਸਕ ਘਟਨਾਵਾਂ ਦੇ ਸਬੰਧ ਚ ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਦੇ ਜਨਰਲ ਸਕੱਤਰ,ਅਸ਼ੀਸ਼ ਮਿੱਤਲ ਅਤੇ ਹੋਰ ਨਾਗਰਿਕਤਾ ਕਾਨੂੰਨ ਵਿਰੋਧੀਆਂ ਤੇ ਪਰਚਾ ਦਰਜ ਕਰਨ ਅਤੇ ਉਨ੍ਹਾਂ ਦੀਆਂ ਗ੍ਰਿਫਤਾਰੀਆਂ ਕਰਨ ਦੀ ਇਨਕਲਾਬੀ ਕੇਂਦਰ, ਪੰਜਾਬ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਦਰਅਸਲ ਖੁਦ ਲਗਾਈ ਫਿਰਕੂ ਅੱਗ ਦੇ ਆਨੇ-ਬਹਾਨੇ ਭਾਜਪਾ/ਆਰ ਐਸ ਐਸ ਉਹਨਾਂ ਲੋਕ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਜਿੰਨਾਂ ਨੇ ਦੇਸ਼ ਦੀਆਂ ਘੱਟ ਗਿਣਤੀਆਂ ਖਾਸ ਕਰਕੇ ਮੁਲਕ ਦੀ ਸਭ ਤੋਂ ਵੱਡੀ ਘੱਟ ਗਿਣਤੀ ਮੁਸਲਿਮ ਤਬਕੇ ਸਮੇਤ ਪਛੜੇ, ਦਲਿਤ ਵਸੋਂ ਲਈ ਘਾਤਕ ਨਾਗਰਿਕਤਾ ਕਾਨੂੰਨ ਜਿਹੇ ਤਮਾਮ ਕਾਨੂੰਨਾਂ ਖਿਲਾਫ ਆਵਾਜ ਬੁਲੰਦ ਕੀਤੀ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਭਾਜਪਾ/ਆਰ ਐਸ ਐਸ ਕੁਫਰ ਤੋਲ ਕੇ ਪਹਿਲਾਂ ਹੀ ਬੁੱਧੀਜੀਵੀਆਂ, ਲੇਖਕਾਂ,ਸਮਾਜਿਕ ਕਾਰਕੁਨਾਂ ,ਵਕੀਲਾਂ,ਅਗਾਂਹਵਧੂ ਲੋਕਾਂ ਨੂੰ ਜੇਲ੍ਹੀਂ ਡੱਕ ਚੁੱਕੀ ਹੈ। ਉਨਾਂ ਜਮਹੂਰੀਅਤ ਪਸੰਦ ਲੋਕਾਂ ਨੂੰ ਸੱਦਾ ਦਿੱਤਾ ਕਿ ਆਉ ਭਾਜਪਾ/ ਆਰ ਐਸ ਐਸ ਦੀਆਂ ਇਹਨਾਂ ਕੋਝੀਆਂ ਚਾਲਾਂ ਦਾ ਜਬਰਦਸਤ ਵਿਰੋਧ ਕਰੀਏ । ਆਗੂਆਂ ਮੁਖਤਿਆਰ ਪੂਹਲਾ, ਜਗਜੀਤ ਸਿੰਘ ਲਹਿਰਾ ਮੁਹੱਬਤ ਅਤੇ ਜਸਵੰਤ ਜੀਰਖ ਨੇ ਕਿਸਾਨ ਆਗੂ ਅਸ਼ੀਸ਼ ਮਿੱਤਲ ਸਮੇਤ ਗ੍ਰਿਫਤਾਰ ਕੀਤੇ ਆਗੂਆਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਝੂਠੇ ਮੁਕੱਦਮੇ ਰੱਦ ਕਰਨ ਦੀ ਮੰਗ ਕੀਤੀ ।