ਲੋਕਾਂ ‘ਚ ਘਰੋਂ ਬਾਹਰ ਨਿਕਲਣ ਵੇਲੇ ਭੈਅ ਦਾ ਮਾਹੌਲ-ਕੇਵਲ ਸਿੰਘ ਢਿੱਲੋਂ
ਸੋਨੀ ਪਨੇਸਰ/ ਰਵੀ ਸੈਣ , ਬਰਨਾਲਾ 15 ਜੂਨ 2022
ਲੋਕ ਸਭਾ ਜਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਦਿਨੋਂ ਦਿਨ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰੋਜ਼ਾਨਾ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਲੋਕ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਲੜੀ ਤਹਿਤ ਅੱਜ ਬਰਨਾਲਾ ਵਿਖੇ ਕਈ ਜਣਿਆਂ ਨੇ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫ਼ੜ ਲਿਆ, ਜਿਹਨਾਂ ਨੂੰ ਕੇਵਲ ਸਿੰਘ ਢਿੱਲੋਂ ਵਲੋਂ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਅਤੇ ਉਹਨਾਂ ਦੀ ਪਾਰਟੀ ਦੇ ਆਗੂ ਲਗਾਤਾਰ ਸੰਗਰੂਰ ਹਲਕੇ ਦੇ ਵੱਖ ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਲੋਕਾਂ ਵਲੋਂ ਆਪ ਮੁਹਾਰੇ ਮਨਾਂ ਮੂੰਹੀ ਪਿਆਰ ਅਤੇ ਹੁੰਗਾਰਾ ਮਿਲ ਰਿਹਾ ਹੈ। ਜਿਸ ਤੋਂ ਸਾਬਤ ਹੋ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤ ਯਕੀਨੀ ਹੈ। ਉਹਨਾਂ ਕਿਹਾ ਕਿ ਸੰਗਰੂਰ ਹਲਕੇ ਦੇ ਲੋਕ ਅਗਾਂਹਵਧੂ ਸੋਚ ਵਾਲੇ ਹਨ। ਲੋਕਾਂ ਨੂੰ ਭਲੀਭਾਂਤ ਪਤਾ ਹੈ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਜੇਕਰ ਇਸ ਹਲਕੇ ਤੋਂ ਭਾਜਪਾ ਦਾ ਉਮੀਦਵਾਰ ਜਿੱਤੇਗਾ ਤਾਂ ਹਲਕੇ ਦੇ ਲੋਕਾਂ ਲਈ ਵੱਡੇ ਪ੍ਰੋਜੈਕਟ ਲਿਆ ਸਕੇਗਾ, ਜਿਸ ਨਾਲ ਇਸ ਇਲਾਕੇ ਦਾ ਵਿਕਾਸ ਹੋਵੇਗਾ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਲੋਕ ਦੁਖੀ ਹੋ ਚੁੱਕੇ ਹਨ। ਪੰਜਾਬ ਵਿੱਚ ਅਮਨ ਕਾਨੂੰਨ ਦੀ ਕੋਈ ਸਥਿਤੀ ਨਹੀਂ ਹੈ। ਲੋਕਾਂ ਵਿੱਚ ਘਰਾਂ ਤੋਂ ਬਾਹਰ ਨਿਕਲਣ ਵੇਲੇ ਭੈਅ ਦਾ ਮਾਹੌਲ ਹੁੰਦਾ ਹੈ। ਜਿਸ ਕਰਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਪੰਜਾਬ ਵਿੱਚ ਸਿਰਫ਼ ਤੇ ਸਿਰਫ਼ ਭਾਜਪਾ ਸਰਕਾਰ ਹੀ ਕੰਟਰੋਲ ਕਰ ਸਕਦੀ ਹੈ।
ਇਸ ਮੌਕੇ ਪਿੰਡ ਕਰਮਗੜ੍ਹ ਤੋਂ ਅਕਾਲੀ ਦਲ ਦੇ ਐਸਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਦੂਲੋ ਤੋਂ ਇਲਾਵਾ ਪਿੰਡ ਚੀਮਾ ਤੋਂ ਇਸਤਰੀ ਅਕਾਲੀ ਦਲ ਦੀ ਸਾਬਕਾ ਪ੍ਰਧਾਨ ਪਰਮਜੀਤ ਕੌਰ, ਲਖਵਿੰਦਰ ਸਿੰਘ ਲੱਖੀ ਪੰਚਾਇਤ ਮੈਂਬਰ, ਬਸਪਾ ਆਗੂ ਅਮਰਜੋਤ ਸਿੰਘ, ਗੁਰਦੀਪ ਸਿੰਘ ਢਿੱਲੋਂ ਕਲੱਬ ਪ੍ਰਧਾਨ ਅਤੇ ਇਸਤਰੀ ਅਕਾਲੀ ਆਗੂ ਪਰਮਜੀਤ ਕੌਰ ਠੁੱਲ੍ਹੀਵਾਲ, ਹਰਪ੍ਰੀਤ ਸਿੰੰਘ ਮੈਂਬਰ ਤੇ ਕਲੱਬ ਪ੍ਰਧਾਨ, ਮਨਦੀਪ ਸਿੰਘ ਸੋਮਾ, ਕੁਲਵਿੰਦਰ ਸਿੰਘ ਕਲੱਬ ਪ੍ਰਧਾਨ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਯਾਦਵਿੰਦਰ ਸਿੰਘ ਸ਼ੰਟੀ ਜ਼ਿਲਾ ਪ੍ਰਧਾਨ ਬੀਜੇਪੀ, ਕਨਵਰਇੰਦਰ ਸਿੰਘ ਢਿੱਲੋਂ, ਗੁਰਜਿੰਦਰ ਸਿੰਘ ਸਿੱਧੂ, ਦੀਪ ਸੰਘੇੜਾ, ਗੁਰਜੰਟ ਸਿੰਘ ਕਰਮਗੜ੍ਹ, ਹਰਕੇਸ਼ ਸਿੰਘ ਅਤੇ ਅਮਨਦੀਪ ਸਿੰਘ ਮੈਂਬਰ ਵੀ ਹਾਜ਼ਰ ਸਨ।
