ਬਿੱਟੂ ਜਲਾਲਾਬਾਦੀ , ਫਾਜਿ਼ਲਕਾ, 15 ਜੂਨ 2022
ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਜਮੀਨ ਜਾਇਦਾਦ ਦੀਆਂ ਰਜੀਸਟਰੀਆਂ ਸਬੰਧੀ ਐਨਓਸੀ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ ਨੇ ਦਿੱਤੀ ਹੈ। ਉਨ੍ਹਾਂ ਨੇ ਨਿਰਦੇਸ਼ਾਂ ਦੇ ਹਵਾਲੇ ਨਾਲ ਦੱਸਿਆ ਕਿ ਹਾਉਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਵੱਲੋਂ ਅਜਿਹੀਆਂ ਪ੍ਰਵਾਨਿਤ ਕਲੌਨੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ ਜਿੱਥੇ ਐਨਓਸੀ ਦੀ ਜਰੂਰਤ ਨਹੀਂ ਹੋਵੇਗੀ।
ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਉਪਰੋਕਤ ਤੋਂ ਬਿਨ੍ਹਾ ਹੋਰਨਾਂ ਰਜਿਸਟਰੀਆਂ ਲਈ ਐਨਓਸੀ ਚਾਹੀਦੀ ਹੋਵੇਗੀ ਜ਼ੋ ਕਿ ਸਮੱਰਥ ਅਥਾਰਟੀ ਵੱਲੋਂ ਜਾਰੀ ਕੀਤੀ ਗਈ ਹੋਵੇ ਪਰ ਨਿਮਨ ਹਲਾਤਾਂ ਵਿਚ ਐਨਓਸੀ ਨਹੀਂ ਲੋੜੀਂਦੀ ਹੋਵੇਗੀ: ਲਾਲ ਲਕੀਰ ਦੇ ਅੰਦਰ ਦਾ ਖੇਤਰ, ਖੇਤੀ ਲਈ ਜਮੀਨ ਦੀ ਵੰਡ ਬਸ਼ਰਤੇ ਅਜਿਹਾ ਖੇਤਰ 500 ਵਰਗ ਮਿਟਰ ਤੋਂ ਘੱਟ ਨਾ ਹੋਵੇ,ਪਰਿਵਾਰਕ ਵੰਡ ਬਸ਼ਰਤੇ ਇਹ ਕਿਸੇ ਲਾਭ ਲਈ ਨਾ ਕੀਤੀ ਜਾ ਰਹੀ ਹੋਵੇ, ਜ਼ੇਕਰ 9 ਅਗਸਤ 1995 ਤੋਂ ਪਹਿਲਾਂ ਦੀ ਕੋਈ ਰਸਿਟਸਰੀ ਹੋਈ ਹੋਵੇ ਅਤੇ ਉਸਤੋਂ ਬਾਅਦ ਜਾਇਦਾਦ ਦੀ ਅੱਗੇ ਵੰਡ ਨਾ ਹੋਈ ਹੋਵੇ, ਜ਼ੇਕਰ ਪਹਿਲਾਂ ਐਨਓਸੀ ਤੋਂ ਬਾਅਦ ਰਜਿਸਟਰੀ ਹੋਈ ਹੋਵੇ ਬਸ਼ਰਤੇ ਹੁਣ ਵੀ ਉਹੀ ਏਰੀਆ ਰਜਿਸਟਰੀ ਲਈ ਪ੍ਰਸਤਾਵਿਤ ਹੋਵੇ ਅਤੇ ਸੱਮਰਥ ਅਥਾਰਟੀ ਤੋਂ ਪਹਿਲਾਂ ਤੋਂ ਐਨਓਸੀ ਲਈ ਹੋਵੇ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਖੇਤਰ ਵਿਚ ਇਹ ਐਨਓਸੀ ਕਮਿਸ਼ਨਰ ਨਗਰ ਨਿਗਮ ਵੱਲੋਂ ਅਤੇ ਬਾਕੀ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਖੇਤਰ ਵਿਚ ਵਧੀਕ ਡਿਪਟੀ ਕਮਿਸ਼ਨਰ (ਅਰਬਨ ਡਿਵੈਲਪਮੈਂਟ) ਵੱਲੋਂ ਦਿੱਤੀ ਜਾਵੇਗੀ। ਮਿਉਂਸੀਪਲ ਲਿਮਟ ਤੋਂ ਬਾਹਰ ਇਹ ਐਨਓਸੀ ਸਬੰਧੀ ਸ਼ਹਿਰੀ ਵਿਕਾਸ ਅਥਾਰਟੀ ਵੱਲੋਂ ਦਿੱਤੀ ਜਾਵੇਗੀ।