ਰਘਵੀਰ ਹੈਪੀ , ਬਰਨਾਲਾ 15 ਜੂਨ 2022
ਲੰਘੀ ਦੇਰ ਰਾਤ ਪੁਲਿਸ ਅਤੇ ਲੁਟੇਰਿਆਂ ਦਰਮਿਆਨ ਹੋਈ ਫਾਈਰਿੰਗ ਦੌਰਾਨ, ਇੱਕ ਲੁਟੇਰਾ ਪੁਲਿਸ ਦੀ ਗੋਲੀ ਨਾਲ ਜਖਮੀ ਹੋ ਗਿਆ। ਜਿਸ ਨੂੰ ਫਰੀਦਕੋਟ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਨੇ 3 ਅਣਪਛਾਤਿਆਂ ਖਿਲਾਫ ਕੇਸ ਦਰਜ਼,ਕਰਕੇ, ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਤੜ੍ਹਕੇ,ਕਰੀਬ ਡੇਢ ਵਜੇ, ਪੁਲਿਸ ਨੇ ਮੋਟਰਸਾਈਕਲ ਸਵਾਰ 3 ਵਿਅਕਤੀਆਂ ਦਾ ਸ਼ੱਕ ਦੇ ਅਧਾਰ ਤੇ ਪਿੱਛਾ ਸ਼ੁਰੂ ਕੀਤਾ। ਮੋਟਰਸਾਈਕਲ ਸਵਾਰ ਵਿਅਕਤੀਆਂ ਵਿੱਚੋਂ ਇੱਕ ਨੇ ਪੀਸੀਆਰ ਮੁਲਾਜਮਾਂ ਤੇ ਫਾਈਰਿੰਗ ਸ਼ੁਰੂ ਕਰ ਦਿੱਤੀ। ਜਦੋਂਕਿ ਪੁਲਿਸ ਪਾਰਟੀ ਨੇ ਵੀ, ਕਥਿਤ ਤੌਰ ਤੇ ਆਪਣੇ ਬਚਾਅ ਲਈ ਮੋਟਰਸਾਈਕਲ ਸਵਾਰਾਂ ਤੇ ਗੋਲੀ ਚਲਾਈ। ਪੁਲਿਸ ਦੀ ਗੋਲੀ ਨਾਲ, ਮੋਟਰਸਾਈਕਲ ਸਵਾਰ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ, ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ,ਪਰੰਤੂ ਗੰਭੀਰ ਹਾਲਤ ਕਾਰਣ, ਉਸ ਨੂੰ ਰੈਫਰ ਕਰ ਦਿੱਤਾ ਗਿਆ। ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ, ਗੋਲੀ ਨਾਲ ਜਖਮੀ ਹੋਏ ਵਿਅਕਤੀ ਦੀ ਪਹਿਚਾਣ, ਤਰਸੇਮ ਸਿੰਘ (20 ) ਪੁੱਤਰ ਜੁਗਰਾਜ ਸਿੰਘ ਵਾਸੀ ਭਦੌੜ ਦੇ ਤੌਰ ਤੇ ਹੋਈ ਹੈ। ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਤੋਂ ਰੈਫਰ ਕਰਨ, ਉਪਰੰਤ ਫਰੀਦਕੋਟ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ।
ਡੀਐਸਪੀ ਰਾਜੇਸ਼ ਸਨੇਹੀ ਬੱਤਾ ਨੇ ਪੁੱਛਣ ਤੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਏ.ਐਸ.ਆਈ ਜਗਤਾਰ ਸਿੰਘ ਦੀ ਅਗਵਾਈ ਵਿੱਚ ਪੀਸੀਆਰ ਨੰਬਰ 5 ਦੀ ਪਾਰਟੀ , ਪ੍ਰਗਟਸਰ ਗੁਰੂਦੁਆਰਾ ਸਾਹਿਬ ਦੇ ਨੇੜੇ, ਵਿਜੇ ਕੁਮਾਰ ਡੇਅਰੀ ਤੇ ਹੋਈ ਕਰੀਬ 10 ਹਜਾਰ ਰੁਪਏ ਦੀ ਲੁੱਟ ਅਤੇ ਤੇਜ਼ ਧਾਰ ਹਥਿਆਰਾਂ ਨਾਲ ਗੰਭੀਰ ਰੂਪ ਵਿੱਚ ਜਖਮੀ ਕਰਨ ਦੀ ਵਾਰਦਾਤ ਤੋਂ ਬਾਅਦ, ਲੁਟੇਰਿਆਂ ਦੀ ਤਲਾਸ਼ ਕਰ ਰਹੀ ਸੀ। ਇਸੇ ਦੌਰਾਨ, ਪੁਲਿਸ ਪਾਰਟੀ ਨੇ ਬੀਬੀ ਹਿੰਦ ਮੋਟਰਜ ਦੀ ਕੋਠੀ ਨੇੜਿਉਂ ਖੁੱਡੀ ਕਲਾਂ ਲਿੰਕ ਰੋਡ ਵੱਲ ਜਾ ਰਹੇ 3 ਅਣਪਛਾਤੇ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕੀਤਾ। ਮੋਟਰਸਾਈਕਲ ਸਵਾਰਾਂ ਨੇ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ। ਜਿਹੜੀ, ਪੁਲਿਸ ਮੁਲਾਜਮਾਂ ਦੇ ਮੋਟਰਸਾਈਕਲ ਤੇ ਲੱਗੀ । ਪੁਲਿਸ ਪਾਰਟੀ ਨੇ ਵੀ ਆਪਣੇ ਬਚਾਅ ਲਈ, ਫਾਈਰਿੰਗ ਕੀਤੀ। ਉਨਾਂ ਕਿਹਾ ਕਿ ਪੁਲਿਸ ਦੀ ਗੋਲੀ ਨਾਲ, ਕਿਸੇ ਵਿਅਕਤੀ ਦੇ ਜਖਮੀ ਹੋਣ ਬਾਰੇ,ਫਿਲਹਾਲ ਕੋਈ ਜਾਣਕਾਰੀ, ਮੈਨੂੰ ਨਹੀਂ ਮਿਲੀ। ਪਰੰਤੂ ਮੋਟਰਸਾਈਕਲ ਸਵਾਰ 32 ਬੋਰ ਦਾ ਪਿਸਤੌਲ ਅਤੇ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ, ਘਟਨਾ ਵਾਲੀ ਥਾਂ ਤੋਂ ਬਿਨਾਂ ਨੰਬਰੀ ਮੋਟਰਸਾਈਕਲ, ਇੱਕ ਕਿਰਪਾਨ , ਇੱਕ 32 ਬੋਰ ਦਾ ਪਿਸਤੌਲ, ਇੱਕ ਜਿੰਦਾ ਕਾਰਤੂਸ ਅਤੇ ਇੱਕ ਖੋਲ ਕਾਰਤੂਸ ਬਰਾਮਦ ਕਰ ਲਿਆ ਹੈ।
ਉਨਾਂ ਦੱਸਿਆ ਕਿ ਪੁਲਿਸ ਨੇ ਏ.ਐਸ.ਆਈ. ਜਗਤਾਰ ਸਿੰਘ ਦੇ ਬਿਆਨ ਪਰ, ਅਣਪਛਾਤੇ ਵਿਅਕਤੀਆਂ ਖਿਲਾਫ ਅਧੀਨ ਜੁਰਮ 307 ਆਈਪੀਸੀ ਅਤੇ ਅਸਲਾ ਐਕਟ ਤਹਿਤ ਥਾਣਾ ਸਿਟੀ 1 ਵਿਖੇ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਸ਼ਨਾਖਤ ਅਤੇ ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ, ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।
One thought on “ਪੁਲਿਸ ਤੇ ਲੁਟੇਰਿਆਂ ‘ਚ ਝੜੱਪ – ਗੋਲੀ ਲੱਗਣ ਨਾਲ 1 ਲੁਟੇਰਾ ਜਖਮੀ”
Comments are closed.