ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮੁਨੀਸ਼ ਕੁਮਾਰ ਨੇ ਵੀ ਕਾਂਗਰਸ ਨੂੰ ਕਿਹਾ ਅਲਵਿਦਾ, ਬਿਨਾਂ ਸ਼ਰਤ ਕੇਵਲ ਸਿੰਘ ਢਿੱਲੋਂ ਦੇ ਸਮੱਰਥਨ ਦਾ ਐਲਾਨ
ਹਰਿੰਦਰ ਨਿੱਕਾ , ਬਰਨਾਲਾ 16 ਜੂਨ 2022
ਜਿਉਂ ਜਿਉਂ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਦਾ ਦਿਨ ਨੇੜੇ ਆ ਰਿਹਾ ਹੈ, ਤਿਉਂ ਤਿਉਂ, ਦਲਬਦਲੀਆਂ ਦਾ ਜ਼ੋਰ ਵੀ ਵੱਧਦਾ ਜਾ ਰਿਹਾ ਹੈ। ਇਸੇ ਪਿਰਤ ਨੂੰ ਅੱਗੇ ਤੋਰਦਿਆਂ ਭਦੌੜ ਦੇ ਬਹੁਚਰਿਚਤ ਆਗੂ ਤੇ ਮਾਰਕੀਟ ਕਮੇਟੀ ਭਦੌੜ ਦੇ ਸਾਬਕਾ ਚੇਅਰਮੈਨ ਬਾਬੂ ਅਜੇ ਕੁਮਾਰ ਨੇ, ਕਾਂਗਰਸ ਨੂੰ ਅਲਵਿਦਾ ਕਹਿੰਦਿਆਂ, ਭਾਜਪਾ ਦਾ ਪੱਲਾ ਫੜ੍ਹ ਲਿਆ। ਜਦੋਂਕਿ ਉਨਾਂ ਦੇ ਪੁੱਤਰ ਅਤੇ ਨਗਰ ਕੌਂਸਲ ਭਦੌੜ ਤੇ ਪ੍ਰਧਾਨ ਮੁਨੀਸ਼ ਕੁਮਾਰ ਨੇ ਕਾਂਗਰਸ ਨੂੰ ਛੱਡ ਕੇ,ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਬਿਲਾਂ ਸ਼ਰਤ ਸਮੱਰਥਨ ਦਾ ਐਲਾਨ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਬਾਬੂ ਅਜੇ ਕੁਮਾਰ ਨੇ ਲੋਕ ਭਲਾਈ ਪਾਰਟੀ ਤੋਂ ਆਪਣਾ ਰਾਜਸੀ ਸਫਰ ਸ਼ੁਰੂ ਕੀਤਾ, ਫਿਰ ਉਹ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੀ ਪ੍ਰੀਕਰਮਾ ਕਰਦੇ ਹੋਏ,ਹੁਣ ਫਿਲਹਾਲ ਉਹ ਭਾਜਪਾ ਵਿੱਚ ਆ ਗਏ ਹਨ।
ਬਾਬੂ ਅਜੇ ਕੁਮਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵਲੋਂ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ। ਉੱਥੇ ਹੀ ਆਜ਼ਾਦ ਕੌਂਸਲਰ ਤੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮੁਨੀਸ਼ ਕੁਮਾਰ ਵਲੋਂ ਵੀ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਸਮੱਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਬਾਬੂ ਅਜੇ ਕੁਮਾਰ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਨਾਲ ਉਹਨਾਂ ਦੇ ਪਰਿਵਾਰਕ ਸਬੰਧ ਹਨ । ਉਹ , ਕੇਵਲ ਸਿੰਘ ਢਿੱਲੋਂ ਦੀ ਵਿਕਾਸ ਪੱਖੀ ਸੋਚ ਨਾਲ ਜੁੜੇ ਰਹੇ ਹਨ ਅਤੇ ਹੁਣ ਵੀ ਉਹਨਾਂ ਨਾਲ ਡੱਟ ਕੇ ਖੜੇ ਹਨ । ਉਥੇ ਪ੍ਰਧਾਨ ਮਨੀਸ਼ ਕੁਮਾਰ ਨੇ ਵੀ ਕਿਹਾ ਕਿ ਉਹ ਪਰਿਵਾਰਕ ਸਬੰਧਾਂ ਦੇ ਚੱਲਦਿਆਂ ਇਸ ਚੋਣ ਵਿੱਚ ਕੇਵਲ ਸਿੰਘ ਢਿੱਲੋਂ ਦਾ ਬਿਨਾਂ ਸ਼ਰਤ ਸਮੱਰਥਨ ਕਰਨਗੇ ਅਤੇ ਢਿੱਲੋਂ ਸਾਬ੍ਹ ਦੀ ਜਿੱਤ ਲਈ ਹਰ ਘਰ ਦਾ ਦਰਵਾਜ਼ਾ ਖੜਕਾਉਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਮੁਨੀਸ਼ ਕੁਮਾਰ ਨੇ, ਭਾਜਪਾ ਉਮੀਦਵਾਰ ਦੇ ਸਮੱਰਥਨ ਦਾ ਐਲਾਨ ਤਾਂ ਕਰ ਦਿੱਤਾ, ਪਰੰਤੂ ਪਤਾ ਨਹੀਂ ਕਿਉਂ , ਉਨ੍ਹਾਂ ਆਪਣੇ ਪਿਤਾ ਨਾਲ, ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਨਹੀਂ ਕੀਤਾ।
ਇਸ ਮੌਕੇ ਭਾਜਪਾ ਨੇਤਾ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਕਾਂਗਰਸ ਤੋਂ ਦੁਖੀ ਹੋ ਕੇ ਚੁੱਕੇ ਹਨ ਅਤੇ ਭਾਜਪਾ ਹੀ ਪੰਜਾਬ ਦੇ ਲੋਕਾਂ ਦੀ ਇਕੋ ਇਕ ਉਮੀਦ ਹੈ। ਇਸੇ ਕਰਕੇ ਭਾਜਪਾ ਦਾ ਕਾਫ਼ਿਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਹਲਕੇ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੰਗਰੂਰ ਹਲਕੇ ਦੇ ਲੋਕ ਇਸ ਵਾਰ ਭਾਜਪਾ ਦੇ ਹੱਕ ਵਿੱਚ ਫਤਵਾ ਦੇਣਗੇ। ਇਸ ਮੌਕੇ ਉਹਨਾਂ ਨਾਲ ਕਰਨਇੰਦਰ ਸਿੰਘ ਢਿੱਲੋਂ, ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਦਰਸਨ ਸਿੰਘ ਨੈਣੇਵਾਲ ਸਮੇਤ ਹੋਰ ਆਗੂ ਵੀ ਹਾਜ਼ਰ ਸਨ।